ਸਾਫ਼ ਪਾਣੀ ਅਤੇ ਸੀਵਰੇਜ ਦੀ ਵਿਵਸਥਾ ਦੇ ਸੁਧਾਰ ਲਈ ਦਿਓਰ ਨੇ ਮਾਰੀ ਬਾਜ਼ੀ, ਭਾਬੀ ਰਹੀ ਪਿੱਛੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਯੋਜਨਾ ਤਹਿਤ ਸ਼ਹਿਰ 'ਚ ਸੀਵਰ ਤੇ ਪਾਣੀ ਦੀ ਸਪਲਾਈ ਸਿਸਟਮ ਵਿਚ ਹੋਵੇਗਾ ਸੁਧਾਰ

Manpreet Singh Badal

ਬਠਿੰਡਾ  (ਸੁਖਜਿੰਦਰ ਮਾਨ) : ਸ਼ਹਿਰ ਵਿਚ ਚੱਲ ਰਹੇ ਵਿਕਾਸ ਪ੍ਰਾਜੈਕਟਾਂ ਨੂੰ ਲੈ ਕੇ ਇਕ ਵਾਰ ਫ਼ਿਰ ਦਿਊਰ-ਭਰਜਾਈ ਵਿਚਕਾਰ ਸਿਆਸੀ ਲਾਹਾ ਲੈਣ ਨੂੰ ਲੈ ਕੇ 'ਜੰਗ' ਛਿੜ ਪਈ ਹੈ। ਅੰਮ੍ਰਿਤ ਯੋਜਨਾ ਤਹਿਤ ਬਠਿੰਡਾ ਸ਼ਹਿਰ 'ਚ ਸਾਫ਼ ਪਾਣੀ ਅਤੇ ਸੀਵਰੇਜ ਦੀ ਵਿਵਸਥਾ ਦੇ ਸੁਧਾਰ ਲਈ ਆਏ ਕ੍ਰਮਵਾਰ ਸਵਾ 16 ਤੇ 48 ਕਰੋੜ ਦੇ ਨਾਲ ਸ਼ੁਰੂ ਹੋਣ ਵਾਲੇ ਕੰਮਾਂ ਦੀ ਸ਼ੁਰੂਆਤ ਕਰਵਾਉਣ ਨੂੰ ਲੈ ਦੇ ਦੋਨੇ ਧਿਰਾਂ ਆਹਮੋ-ਸਾਹਮਣੇ ਆ ਗਈਆਂ ਹਨ।

ਇਸ ਯੋਜਨਾ ਦੀ ਸ਼ੁਰੂਆਤ ਉਦਘਾਟਨ ਕਰਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਭਲਕੇ ਪਾਵਰਹਾਊਸ ਰੋਡ 'ਤੇ ਕੀਤੀ ਜਾਣੀ ਹੈ। ਪ੍ਰੰਤੂ ਇਸਤੋਂ ਇਕ ਦਿਨ ਪਹਿਲਾਂ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਤੋਂ ਹੀ ਸੀਵਰੇਜ ਤੇ ਵਾਟਰ ਸਪਲਾਈ ਪਾਈਪ ਪ੍ਰਾਜੈਕਟ ਦਾ ਟੱਕ ਲਗਾ ਕੇ ਡੱਬਵਾਲੀ ਰੋਡ ਤੋਂ ਕੰਮ ਸ਼ੁਰੂ ਕਰ ਦਿਤਾ ਹੈ।

 

ਇਸ ਪ੍ਰਾਜੈਕਟ ਰਾਹੀ 48.53 ਰੋੜ ਦੀ ਰਾਸ਼ੀ ਨਾਲ ਸ਼ਹਿਰ ਦੇ ਸੀਵਰ ਸਿਸਟਮ ਵਿਚ ਸੁਧਾਰ ਲਿਆਂਦਾ ਜਾਣਾ ਹੈ ਤੇ ਨਾਲ ਹੀ ਸ਼ਹਿਰ ਵਾਸੀਆਂ ਸਾਫ਼ ਪਾਣੀ ਮੁਹਈਆਂ ਕਰਵਾਉਣ ਲਈ 16 ਕਰੋੜ 29 ਲੱਖ ਰੁਪਏ ਖ਼ਰਚੇ ਜਾਣੇ ਹਨ। ਇਨ੍ਹਾਂ ਕੰਮਾਂ ਨੂੰ ਨੇਪਰੇ ਚਾੜਣ ਲਈ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਵਲੋਂ ਪਹਿਲਾਂ ਹੀ ਲੰਘੀ 22 ਤੇ 27 ਨਵੰਬਰ ਨੂੰ ਟੈਂਡਰ ਕਾਲ ਕੀਤੇ ਜਾ ਚੁੱਕੇ ਹੜਨ। ਸੂਚਨਾ ਮੁਤਾਬਕ ਕਰੋੜ ਦੀ ਲਾਗਤ ਨਾਲ ਖੇਤਾ ਸਿੰਘ ਬਸਤੀ ਤੋਂ ਚੰਦਭਾਨ ਤਕ ਮੁੱਖ ਪਾਈਪ ਲਾਈਨ ਵਿਛਾਈ ਜਾਣੀ ਹੈ।

ਇਸੇ ਤਰ੍ਹਾਂ ਤਿੰਨ ਕਰੋੜ ਰੁਪਏ ਖ਼ਰਚ ਕਰਕੇ ਪਾਵਰ ਹਾਊਸ ਰੋਡ ਤੋਂ ਟੀਵੀ ਟਾਵਰ ਤਕ ਦੋਹਰੀ ਪਾਈਪ ਲਾਈਨ ਵਿਛਾਈ ਜਾਣੀ ਹੈ। ਦਸਣਾ ਬਣਦਾ ਹੈ ਕਿ ਕੇਂਦਰ ਦੇ ਫ਼ੰਡ ਹੋਣ ਕਾਰਨ ਬੀਬੀ ਬਾਦਲ ਵਲੋਂ ਲੰਘੀ 16 ਦਸੰਬਰ ਨੂੰ ਜ਼ਿਲ੍ਹਾ ਵਿਕਾਸ ਤੇ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਵਿਚ ਇਸ ਪ੍ਰਾਜੈਕਟ ਦੀਆਂ ਤਿਆਰੀਆਂ ਕਰਨ ਦੀਆਂ ਹਿਦਾਇਤਾਂ ਦਿਤੀਆਂ ਸਨ।

ਜਿਸਤੋਂ ਬਾਅਦ ਅਕਾਲੀ-ਭਾਜਪਾ ਗਠਜੋੜ ਦੇ ਕਬਜ਼ੇ ਵਾਲੇ ਮੇਅਰ ਵਲੋਂ ਦੋ ਦਿਨ ਪਹਿਲਾਂ ਜ਼ਿਲ੍ਹਾ ਅਧਿਕਾਰੀਆਂ ਨੂੰ ਪੱਤਰ ਕੱਢ ਕੇ 23 ਦਸੰਬਰ ਨੂੰ ਬੀਬੀ ਬਾਦਲ ਵਲੋਂ ਉਦਘਾਟਨ ਕੀਤੇ ਜਾਣ ਬਾਰੇ ਸੂਚਿਤ ਕੀਤਾ ਸੀ। ਪ੍ਰੰਤੂ ਵਿਤ ਮੰਤਰੀ ਵਲੋਂ ਪਹਿਲਾਂ ਹੀ ਕਾਰਜ਼ ਸ਼ੁਰੂ ਕਰਵਾਕੇ ਮੋਰਚਾ ਮਾਰਨ ਦਾ ਫੈਸਲਾ ਕੀਤਾ ਗਿਆ ਹੈ।

ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਦਾਅਵਾ ਕੀਤਾ ਕਿ  ਇਹ ਫ਼ੰਡ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਯਤਨਾਂ ਸਦਕਾ ਹੀ ਬਠਿੰਡਾ ਸ਼ਹਿਰ ਲਈ ਆਏ ਹਨ। ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਵਧਾਵਨ ਨੇ ਦਾਅਵਾ ਕੀਤਾ ਕਿ ਸ਼ਹਿਰ 'ਚ ਸੀਵਰ ਤੇ ਪਾਣੀ ਸਿਸਟਮ ਵਿਚ ਸੁਧਾਰ ਲਈ ਉਨ੍ਹਾਂ ਦੀ ਪਾਰਟੀ ਤੇ ਖ਼ਾਸਕਰ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਲੰਮੇ ਸਮੇਂ ਤੋਂ ਯਤਨ ਕੀਤੇ ਜਾ ਰਹੇ ਹਨ।