ਮੈਸੇਜ ਆਇਆ ਤੁਹਾਡਾ Paytm ਬਲਾਕ ਹੋ ਗਿਆ, ਇਸ ਨੰਬਰ ‘ਤੇ ਫੋਨ ਕਰੋ, ਫੋਨ ਕਰਦੇ ਹੀ..

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੋਬਿੰਦਨਗਰ ਨਿਵਾਸੀ ਅਤੇ ਚੰਡੀਗੜ੍ਹ ਦੀ ਇਕ ਕੰਪਨੀ ਦੇ ਜੀਐਮ ਓਂਕਾਰ ਸਿੰਘ ਨਾਲ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ।

Paytm

ਪਠਾਨਕੋਟ: ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਦੇ ਗੋਬਿੰਦਨਗਰ ਨਿਵਾਸੀ ਅਤੇ ਚੰਡੀਗੜ੍ਹ ਦੀ ਇਕ ਕੰਪਨੀ ਦੇ ਜੀਐਮ ਓਂਕਾਰ ਸਿੰਘ ਨਾਲ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਕਿਸੇ ਨੇ ਉਹਨਾਂ ਨਾਲ 7.40 ਲੱਖ ਰੁਪਏ ਦੀ ਆਨਲਾਈਨ ਧੋਖਾਧੜੀ ਕੀਤੀ ਹੈ। ਉਹਨਾਂ ਨੂੰ ਮੈਸੇਜ ਆਇਆ ਕਿ ਤੁਹਾਡਾ ਪੇਟੀਐਮ ਬਲਾਕ ਹੋ ਗਿਆ ਹੈ। ਇਸ ਨੂੰ ਚਾਲੂ ਰੱਖਣਾ ਚਾਹੁੰਦੇ ਹੋ ਤਾਂ ਦਿੱਤੇ ਗਏ ਨੰਬਰ ‘ਤੇ ਫੋਨ ਕਰੋ। 

ਓਂਕਾਰ ਸਿੰਘ ਨੇ ਜਿਵੇਂ ਹੀ ਮੈਸੇਜ ਵਿਚ ਲਿਖੇ ਹੈਲਪਲਾਈਨ ਨੰਬਰ ‘ਤੇ ਕਾਲ ਕੀਤੀ ਤਾਂ ਫੋਨ ਚੁੱਕਣ ਵਾਲੇ ਨੇ ਕਿਹਾ ਕਿ ਤੁਹਾਨੂੰ ਇਸ ਨੂੰ ਚਾਲੂ ਕਰਾਉਣ ਲਈ 3 ਰੁਪਏ ਪੇਟੀਐਮ ਵਾਲੇਟ ‘ਚ ਐਡ ਕਰਨੇ ਪੈਣਗੇ। ਵਿਅਕਤੀ ਦੇ ਕਹਿਣ ‘ਤੇ ਜਿਵੇਂ ਹੀ ਓਂਕਾਰ ਨੇ ਪੇਟੀਐਮ ਵਾਲੇਟ ਵਿਚ ਤਿੰਨ ਰੁਪਏ ਐਡ ਕੀਤੇ ਤਾਂ ਉਸ ਦੇ ਐਸਬੀਆਈ ਖਾਤੇ ਵਿਚੋਂ 8 ਬਾਰ ‘ਚ 7 ਲੱਖ 40 ਹਜ਼ਾਰ ਰੁਪਏ ਨਿਕਲ ਗਏ।

ਓਂਕਾਰ ਨੂੰ ਇਸ ਦਾ ਪਤਾ ਉਸ ਸਮੇਂ ਚੱਲਿਆ ਦੋਂ ਉਸ ਦੇ ਫੋਨ ‘ਤੇ ਮੈਸੇਜ ਆਇਆ। ਵਿਅਕਤੀ ਨੇ ਐਸਬੀਆਈ ਦੀ ਬ੍ਰਾਂਚ ਵਿਚ ਸੰਪਰਕ ਕੀਤਾ ਤਾਂ ਉਸ ਨੂੰ ਪਤਾ ਚੱਲਿਆ ਕਿ ਉਸ ਨਾਲ ਧੋਖਾਧੜੀ ਹੋਈ ਹੈ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਕਰ ਕੇ ਸ਼ਿਕਾਇਤ ਕਰਤਾ ਦੇ ਬਿਆਨ ‘ਤੇ ਵੈਸਟ ਬੰਗਾਲ ਨਿਵਾਸੀ ਸ਼ਕੀਲ ਅਹਿਮਦ ਨਾਂਅ ਦੇ ਇਕ ਵਿਅਕਤੀ ‘ਤੇ ਧੋਖਾਧੜੀ ਅਤੇ ਆਈਟੀਐਕਸ ਤਹਿਤ ਕਾਰਵਾਈ ਕੀਤੀ ਹੈ।

ਦੱਸ ਦਈਏ ਕਿ ਧੋਖਾਧੜੀ ਦਾ ਸ਼ਿਕਾਰ ਓਂਕਾਰ ਸਿੰਘ ਗੋਬਿੰਦਨਗਰ ਦਾ ਰਹਿਣ ਵਾਲਾ ਹੈ ਅਤੇ ਚੰਡੀਗੜ੍ਹ ਦੀ ਬੀਸੀਪੀ ਇੰਟਰਨੈਸ਼ਨਲ ਕੰਪਨੀ ਵਿਚ ਜੀਐਮ ਹੈ।ਐਸਬੀਆਈ ਦੇ ਚੀਫ ਮੈਨੇਜਰ ਪ੍ਰਦੀਪ ਭਾਰਦਵਾਜ ਨੇ ਕਿਹਾ ਕਿ ਬੈਂਕ ਵੱਲੋਂ ਕਿਸੇ ਗ੍ਰਾਹਕ ਨੂੰ ਅਜਿਹੇ ਮੈਸੇਜ ਜਾਂ ਫੋਨ ਨਹੀਂ ਕੀਤੇ ਜਾਂਦੇ ਹਨ। ਜੇਕਰ ਕਿਸੇ ਗ੍ਰਾਹਕ ਨੂੰ ਅਜਿਹਾ ਮੈਸੇਜ ਆਉਂਦਾ ਹੈ ਤਾਂ ਉਹ ਉਸ ਦਾ ਜਵਾਬ ਨਾ ਦੇਣ।

ਜੇਕਰ ਕਿਸੇ ਨੇ ਕੋਈ ਜਾਣਕਾਰੀ ਲੈਣੀ ਹੈ ਤਾਂ ਉਹ ਸਿੱਧੇ ਬੈਂਕ ਵਿਚ ਜਾ ਕੇ ਅਧਿਕਾਰੀਆਂ ਤੋਂ ਪੁੱਛ-ਗਿੱਛ ਕਰ ਸਕਦੇ ਹਨ। ਇਸ ਲਈ ਲੋਕਾਂ ਨੂੰ ਜਾਅਲੀ ਫੋਨ ਜਾਂ ਮੈਸੇਜ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।