ਸਿਆਸੀ ਜ਼ਮੀਨ ਖੁਸਦੀ ਵੇਖ ਕੇ ਸੁਖਬੀਰ ਬਾਦਲ ਬੁਖਲਾ ਗਿਐ : ਕਾਂਗੜ

ਏਜੰਸੀ

ਖ਼ਬਰਾਂ, ਪੰਜਾਬ

ਸੁਖਬੀਰ ਨੂੰ ਪੰਜ ਸਾਲ ਬਹਿਬਲ ਕਲਾਂ ਦੀ ਕਿਉਂ ਨਹੀਂ ਆਈ ਯਾਦ

file photo

ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਸ. ਗੁਰਪ੍ਰੀਤ ਸਿੰਘ ਕਾਂਗੜ ਨੇ ਅੱਜ ਇਥੇ ਕਿਹਾ ਕਿ ਸਿਆਸੀ ਜ਼ਮੀਨ ਖੁਸਦੀ ਵੇਖ ਕੇ ਸੁਖਬੀਰ ਨੇ ਦਿਮਾਗ਼ੀ ਸੰਤੁਲਨ ਗਵਾ ਲਿਆ ਹੈ, ਜਿਸ ਕਾਰਨ ਉਹ ਬੇਬੁਨਿਆਦ ਬਿਆਨਬਾਜ਼ੀ ਕਰ ਰਿਹਾ ਹੈ ਅਤੇ ਬਿਆਨਬਾਜ਼ੀ ਦਾ ਆਧਾਰ ਉਸ ਧਾਰਮਕ ਮਸਲੇ ਨੂੰ ਹਵਾ ਦੇ ਰਿਹਾ ਹੈ ਜਿਸ ਵਿਚ ਸੁਖਬੀਰ ਨੇ ਖੁਦ ਸਰਕਾਰ ਵਿਚ ਰਹਿੰਦਿਆਂ ਕੁਝ ਨਹੀਂ ਸੀ ਕੀਤਾ।

ਸ. ਕਾਂਗੜ ਨੇ ਕਿਹਾ ਕਿ ਪੰਜ ਸਾਲ ਤਕ ਸੁਖਬੀਰ ਨੂੰ ਕਦੇ ਫ਼ਰੀਦਕੋਟ ਜ਼ਿਲ੍ਹੇ ਦੇ ਬਹਿਬਲ ਕਲਾਂ ਦਾ ਰਸਤਾ ਯਾਦ ਨਹੀਂ ਆਇਆ ਜਦਕਿ ਉਹ ਖੁਦ ਇਸ ਹਲਕੇ ਤੋਂ ਲੋਕ ਸਭਾ ਦੀ ਚੋਣ ਲੜ ਚੁੱਕਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਸੁਰਜੀਤ ਸਿੰਘ ਦੇ ਦਿਹਾਂਤ ਦਾ ਬੇਹੱਦ ਅਫ਼ਸੋਸ ਹੈ ਅਤੇ ਪ੍ਰਮਾਤਮਾ ਉਨ੍ਹਾਂ ਨੂੰ ਅਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ।

ਸ. ਕਾਂਗੜ ਨੇ ਕਿਹਾ ਕਿ ਜਿਥੋਂ ਤਕ ਮੀਡੀਆ ਰਾਹੀਂ ਸੁਰਜੀਤ ਸਿੰਘ ਦੀ ਕੁਦਰਤੀ ਮੌਤ ਦਾ ਲਾਹਾ ਲੈਣ ਲਈ ਸੁਖਬੀਰ ਵਲੋਂ ਮੇਰੇ ਵਿਰੁਧ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਉਸ ਬਾਰੇ ਮੈਂ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਕਦੇ ਵੀ ਨਾ ਤਾਂ ਸੁਰਜੀਤ ਸਿੰਘ ਜਾਂ ਉਸਦੇ ਕਿਸੇ ਪਰਵਾਰਕ ਮੈਂਬਰ ਨੂੰ ਨਿੱਜੀ ਤੌਰ 'ਤੇ ਨਹੀਂ ਮਿਲਿਆ ਅਤੇ ਨਾ ਹੀ ਕਦੀ ਉਨ੍ਹਾਂ ਨਾਲ ਫ਼ੋਨ 'ਤੇ ਗੱਲ ਕੀਤੀ  ਹੈ। ਉਨ੍ਹਾਂ ਕਿਹਾ ਕਿ ਸੁਰਜੀਤ ਸਿੰਘ ਦੇ ਪਰਵਾਰ ਦਾ ਪਿੰਡ ਦੇ ਹੀ ਨਿਵਾਸੀ ਮਨਜਿੰਦਰ ਸਿੰਘ ਨਾਲ ਨਿੱਜੀ ਝਗੜਾ ਸੀ ।

ਸ. ਕਾਂਗੜ ਨੇ ਕਿਹਾ ਕਿ ਗਵਾਹਾਂ ਨੂੰ ਮੁਕਰਾਉਣ ਜਾਂ ਡਰਾਉਣ ਦਾ ਕੰਮ ਦੋਸ਼ੀ ਕਰਦੇ ਹਨ ਮੁੱਦਈ ਨਹੀਂ। ਇਸ  ਲਈ ਉਹ ਕਿਉਂ ਉਸ ਗਵਾਹ 'ਤੇ ਮੁਕਰਨ ਲਈ ਦਬਾਅ ਪਾਉਣਗੇ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਬੰਧੀ ਸੁਖਬੀਰ ਨੇ ਅੱਜ ਤਕ ਕਦੇ ਬਹਿਬਲ ਕਲਾਂ ਜਾ ਕੇ ਅਫ਼ਸੋਸ ਨਹੀਂ ਪ੍ਰਗਟਾਇਆ ਅਤੇ ਅੱਜ ਇਹ ਸਿਰਫ ਸਿਆਸੀ ਲਾਹਾ ਲੈਣ ਲਈ ਝੂਠੀ ਬਿਆਨਬਾਜ਼ੀ ਕਰ ਰਿਹਾ ਹੈ।


ਇਸ ਮੌਕੇ ਵਿਧਾਇਕ ਸ. ਕੁਸ਼ਲਦੀਪ ਸਿੰਘ ਢਿੱਲੋਂ (ਕਿੱਕੀ ਢਿੱਲੋਂ) ਨੇ ਕਿਹਾ ਕਿ ਸੁਖਬੀਰ ਅਤੇ ਉਸਦੇ ਚਮਚਿਆਂ ਨੂੰ ਸਾਡੇ ਨਾਲ ਨਿੱਜੀ ਖੁੰਦਕ ਹੈ ਜਿਸ ਕਾਰਨ ਉਹ ਬਿਨ੍ਹਾਂ ਕਿਸੇ ਆਧਾਰ ਦੇ ਸਾਡਾ ਨਾਮ ਇਸ ਮਾਮਲੇ ਵਿਚ ਉਛਾਲ ਰਿਹਾ ਹੈ। ਉਨ੍ਹਾਂ ਕਿ ਸੁਖਬੀਰ ਦੇ ਬਿਆਨ ਕਿੰਨੇ ਕੁ ਸੱਚੇ ਹੁੰਦੇ ਹਨ ਇਹ ਤਾਂ ਸਾਰੇ ਲੋਕ ਹੀ ਜਾਣਦੇ ਹਨ ਇਸ ਦਾ ਇਕ ਸਬੂਤ ਇਸ ਗੱਲ ਤੋਂ ਲਿਆ ਜਾ ਸਕਦਾ ਹੈ ਕਿ ਉਸਨੇ ਤਾਂ ਬਹਿਬਲ ਕਲਾਂ ਮਾਮਲੇ ਸਬੰਧੀ ਗਠਿਤ ਰਣਜੀਤ ਸਿੰਘ ਕਮਿਸ਼ਨ ਸਬੰਧੀ ਵਿਧਾਨ ਸਭਾ ਦੇ ਫਲੋਰ 'ਤੇ ਝੂਠ ਬੋਲਿਆ ਸੀ ਅਤੇ ਵਿਸ਼ੇਸ਼ ਅਧਿਕਾਰ ਕਮੇਟੀ ਵਲੋਂ ਮਾਮਲੇ ਦੀ ਪੜਤਾਲ ਉਪਰੰਤ ਉਸਨੂੰ ਦੋਸ਼ੀ ਮੰਨਦਿਆਂ ਉਸ ਖਿਲਾਫ ਕਾਰਵਾਈ ਕਰਨ ਲਈ ਸਪੀਕਰ ਨੂੰ ਲਿਖ ਦਿਤਾ ਸੀ।