ਯੂਕੇ ਤੋਂ ਪਰਤੀ ਧੀ ਨੂੰ ਤੇਜ਼ਧਾਰ ਹਥਿਆਰ ਨਾਲ ਉਤਾਰਿਆ ਮੌਤ ਦੇ ਘਾਟ, ਫਿਰ ਖ਼ੁਦ ਲਿਆ ਫਾਹਾ
ਇੱਥੋਂ ਦੇ ਗੁਲਮੋਹਰ ਐਵਨਿਊ ਵਿਚ ਇਕ ਪਿਤਾ ਨੇ ਅਪਣੀ ਧੀ ਦਾ ਕਤਲ ਕਰਕੇ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਇਹ ਲੜਕੀ...
ਅੰਮ੍ਰਿਤਸਰ : ਇੱਥੋਂ ਦੇ ਗੁਲਮੋਹਰ ਐਵਨਿਊ ਵਿਚ ਇਕ ਪਿਤਾ ਨੇ ਅਪਣੀ ਧੀ ਦਾ ਕਤਲ ਕਰਕੇ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਇਹ ਲੜਕੀ ਕੁਝ ਦਿਨ ਪਹਿਲਾਂ ਹੀ ਯੂਕੇ ਤੋਂ ਪਰਤੀ ਸੀ। ਪਿਤਾ ਡੇਵਿਡ, ਪਾਵਰਕਾਮ ਵਿਚ ਬਤੌਰ ਜੇਈ ਰਿਟਾਇਰ ਹੋਇਆ ਸੀ। ਡੇਵਿਡ ਪਿਛਲੇ ਦਿਨਾਂ ਤੋਂ ਕਾਫੀ ਪ੍ਰੇਸ਼ਾਨ ਸੀ। ਉਸ ਨੇ ਪਹਿਲਾਂ ਅਪਣੀ ਧੀ ਨੀਲੋਫਰ ਦਾ ਕਤਲ ਕੀਤਾ ਅਤੇ ਫਿਰ ਖ਼ੁਦ ਫਾਹਾ ਲੈ ਲਿਆ। ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਘਰ ਵਿਚੋਂ ਬਰਾਮਦ ਕੀਤੀਆਂ ਹਨ।
ਖ਼ੁਦਕੁਸ਼ੀ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਿਆ ਹੈ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਡੇਵਿਡ ਪਿਛਲੇ ਦਿਨਾਂ ਤੋਂ ਕਾਫੀ ਪ੍ਰੇਸ਼ਾਨ ਰਹਿੰਦਾ ਸੀ ਤੇ ਉਹ ਡਿਪਰੇਸ਼ਨ ਦੀ ਦਵਾਈ ਲੈ ਰਿਹਾ ਸੀ। ਅੱਜ ਸਵੇਰੇ ਜਦੋਂ ਡੇਵਿਡ ਦੀ ਪਤਨੀ ਮਾਰਥਾ ਚਰਚ ਗਈ ਤਾਂ ਡੇਵਿਡ ਨੇ ਉਸ ਨੂੰ ਕਿਹਾ ਕਿ ਉਹ ਬਾਅਦ ਵਿਚ ਚਰਚ ਆਵੇਗਾ। ਜਦੋਂ ਪਤਨੀ ਚਲੀ ਗਈ ਤਾਂ ਡੇਵਿਡ ਨੇ ਪਹਿਲਾਂ ਅਪਣੀ ਧੀ ਦਾ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਕਤਲ ਕਰ ਦਿਤਾ ਤੇ ਬਾਅਦ ਵਿਚ ਫਾਹਾ ਲੈ ਲਿਆ।
ਡੇਵਿਡ ਦੀ ਪਤਨੀ ਮਾਰਥਾ ਜਦੋਂ ਚਰਚ ਤੋਂ ਵਾਪਸ ਆਈ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ। ਕਿਸੇ ਤਰ੍ਹਾਂ ਉਸ ਨੇ ਅੰਦਰ ਜਾ ਕੇ ਵੇਖਿਆ ਕਿ ਡੇਵਿਡ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ ਤੇ ਉਸ ਦੀ ਧੀ ਨੀਲੋਫਰ ਦੀ ਲਾਸ਼ ਵੀ ਨੇੜੇ ਹੀ ਪਈ ਹੋਈ ਸੀ। ਮੌਕੇ ਉਤੇ ਪੁੱਜੀ ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਬੇਟੀ ਨੀਲੋਫਰ ਯੂਕੇ ਤੋਂ ਆਈ ਸੀ ਤੇ ਪਿਛਲੇ 15 ਦਿਨਾਂ ਤੋਂ ਘਰ ਵਿਚ ਹੀ ਰਹਿ ਰਹੀ ਸੀ।
ਪੁਲਿਸ ਵੀ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਆਖ਼ਰ ਡੇਵਿਡ ਨੇ ਅਪਣੀ ਧੀ ਦਾ ਕਤਲ ਕਿਉਂ ਕੀਤਾ ਤੇ ਫਿਰ ਖ਼ੁਦਕੁਸ਼ੀ ਕਿਉਂ ਕੀਤੀ?