ਦਿੱਲੀ ਸੰਘਰਸ਼ ਤੋਂ ਪਰਤੇ ਪਿੰਡ ਚੁੰਨੀ ਕਲਾਂ ਦੇ ਕਿਸਾਨ ਦੀ ਹੋਈ ਮੌਤ
ਪਿੰਡ ਚੁੰਨੀ ਕਲਾਂ ਦਾ ਰਹਿਣ ਵਾਲਾ ਇਕ ਹੋਰ ਕਿਸਾਨ ਦਿੱਲੀ ਧਰਨੇ ਦੀ ਭੇਂਟ ਚੜ੍ਹ ਗਿਆ ਹੈ...
ਸ਼੍ਰੀ ਫ਼ਤਿਹਗੜ੍ਹ ਸਾਹਿਬ: ਪਿੰਡ ਚੁੰਨੀ ਕਲਾਂ ਦਾ ਰਹਿਣ ਵਾਲਾ ਇਕ ਹੋਰ ਕਿਸਾਨ ਦਿੱਲੀ ਧਰਨੇ ਦੀ ਭੇਂਟ ਚੜ੍ਹ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਦਿੱਲੀ ਸੰਘਰਸ਼ ’ਚ ਸਿੰਘੂ ਬਾਰਡਰ ਵਿਖੇ 12 ਦਿਨ ਲਾ ਕੇ ਆਏ ਕਿਸਾਨ ਨਿਰਮਲ ਸਿੰਘ ਵਾਸੀ ਪਿੰਡ ਚੁੰਨੀ ਕਲਾਂ ਜ਼ਿਲ੍ਹਾ ਸ਼੍ਰੀ ਫ਼ਤਿਹਗੜ੍ਹ ਸਾਹਿਬ ਦੀ ਮੌਤ ਹੋ ਗਈ ਹੈ। ਅੱਜ ਉਨ੍ਹਾਂ ਦੇ ਜਵਾਈ ਬਲਜਿੰਦਰ ਸਿੰਘ ਭਾਗੋਮਾਜਰਾ ਅਤੇ ਸਪੁੱਤਰ ਗੁਰਪ੍ਰੀਤ ਸਿੰਘ ਚੁੰਨੀ ਕਲਾਂ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਪਿਤਾ ਜੋ ਕਿ ਪਿਛਲੇ ਸਮੇਂ ਤੋਂ ਕਿਸਾਨੀ ਸੰਘਰਸ਼ ’ਚ ਡਟੇ ਹੋਏ ਸਨ, 10-12 ਦਿਨਾਂ ਤੋਂ ਉਨ੍ਹਾਂ ਦੀ ਸਿਹਤ ਖਰਾਬ ਚੱਲ ਰਹੀ ਸੀ ਬੁਖਾਰ ਤੋਂ ਪੀੜਤ ਸਨ।
ਬੀਤੇ ਦਿਨੀਂ ਇਕਦਮ ਹੀ ਬੇਚੈਨੀ ਹੋਣ ਦੀ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਨੂੰ ਪੀਰਜੇਨ ਇੰਡਸ ਹਸਪਤਾਲ ਵਿਚ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਉਹ ਦੁਬਾਰਾ ਦਿੱਲੀ ਵਿਖੇ ਸੰਘਰਸ਼ ’ਚ ਜਾਣ ਲਈ ਤਿਆਰ ਸਨ।
ਪਰ ਰੱਬ ਨੂੰ ਕੁਝ ਹੋਰ ਹੀ ਮੰਜ਼ੂਰ ਸੀ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਪਰਿਵਾਰ ਨੇ ਸਰਕਾਰ ਤੋਂ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਕਿਸਾਨਾਂ ਦੀਆਂ ਲਗਾਤਾਰ ਹੋ ਰਹੀਆਂ ਮੌਤਾਂ ਨੂੰ ਦੇਖਦੇ ਹੋਏ ਸਰਕਾਰ ਤਿੰਨੇ ਕਾਲੇ ਕਾਨੂੰਨ ਜਲਦੀ ਤੋਂ ਜਲਦੀ ਰੱਦ ਕਰੇ ਤਾਂ ਜੋ ਕਿਸਾਨ ਸਹੀ ਸਲਾਮਤ ਆਪਣੇ ਘਰਾਂ ਨੂੰ ਵਾਪਸ ਪਰਤਣ।
ਇਸ ਮੌਕੇ ਉਨ੍ਹਾਂ ਦੇ ਪਰਿਵਾਰ ਨਾਲ ਪਿੰਡ ਦੇ ਸਰਪੰਚ ਅਤੇ ਮੋਹਤਬਰ ਵਿਅਕਤੀਆਂ, ਸਰਪੰਚ ਹਰਕੰਵਲਜੀਤ ਸਿੰਘ ਬਿੱਟੂ, ਤ੍ਰਲੋਚਨ ਸਿੰਘ ਸਾਬਕਾ ਸਰਪੰਚ, ਸੁਰਿੰਦਰ ਸਿੰਘ, ਜਸਪਾਲ ਸਿੰਘ, ਗੁਰਤੇਜ ਸਿੰਘ ਮੁਲਾਂਪੁਰ, ਗੁਰਦੀਪ ਸਿੰਘ ਭਾਗੋਮਾਜਰਾ, ਸ਼ੇਰ ਸਿੰਘ ਲੂਲੋਂ, ਸੁਰਿੰਦਰ ਸਿੰਘ ਬੁਰਜ, ਭੁਪਿੰਦਰ ਸਿੰਘ, ਦਵਿੰਦਰ ਸਿੰਘ ਵਾਸੀਆਂ ਨੇ ਨਿਰਮਲ ਸਿੰਘ ਦੀ ਮੌਤ ਨੂੰ ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ।