ਬਜ਼ੁਰਗਾਂ 'ਤੇ ਅਪਰਾਧ ਕਰਨ ਵਾਲੇ ਰਹਿਮ ਦੇ ਹੱਕਦਾਰ ਨਹੀਂ: ਹਾਈ ਕੋਰਟ
ਪਟੀਸ਼ਨਰ ਨੇ ਕਿਹਾ ਕਿ ਇਸ ਮਾਮਲੇ 'ਚ ਉਸ ਦੇ ਖਿਲਾਫ ਕੋਈ ਠੋਸ ਸਬੂਤ ਨਹੀਂ ਹੈ
ਚੰਡੀਗੜ੍ਹ: ਘਰ 'ਚ ਬਿਨਾਂ ਇਜਾਜ਼ਤ ਦਾਖਲ ਹੋਣ ਅਤੇ ਚੇਨ ਸਨੈਚਿੰਗ ਦੇ ਮਾਮਲੇ ਵਿਚ ਮੁਲਜ਼ਮ ਦੀ ਅਗਾਊਂ ਜ਼ਮਾਨਤ ਪਟੀਸ਼ਨ ਨੂੰ ਰੱਦ ਕਰਦਿਆਂ ਕਿਹਾ ਕਿ ਬਜ਼ੁਰਗਾਂ ਖ਼ਿਲਾਫ਼ ਕਿਸੇ ਵੀ ਅਪਰਾਧ ਦੇ ਮਾਮਲੇ ਵਿਚ ਮੁਲਜ਼ਮ ਰਹਿਮ ਜਾਂ ਜ਼ਮਾਨਤ ਦਾ ਹੱਕਦਾਰ ਨਹੀਂ ਹੈ। ਪਟੀਸ਼ਨ ਦਾਇਰ ਕਰਦੇ ਹੋਏ ਹਾਈਕੋਰਟ ਨੂੰ ਦੱਸਿਆ ਗਿਆ ਕਿ ਕਰਤਾਰਪੁਰ 'ਚ ਪਟੀਸ਼ਨਕਰਤਾ ’ਤੇ ਖੋਹਣ ਅਤੇ ਜ਼ਬਰਦਸਤੀ ਘਰ 'ਚ ਦਾਖਲ ਹੋਣ ਦੇ ਮਾਮਲੇ 'ਚ ਐੱਫ.ਆਈ.ਆਰ. ਦਰਜ ਕੀਤੀ ਗਈ ਸੀ।
ਇਹ ਵੀ ਪੜ੍ਹੋ: ਗੁਰਲਾਲ ਬਰਾੜ ਕਤਲ ਕੇਸ: ਬੰਬੀਹਾ ਗੈਂਗ ਦੇ ਸ਼ਾਰਪ ਸ਼ੂਟਰ ਨੀਰਜ ਚਸਕਾ ਖ਼ਿਲਾਫ਼ ਦੋਸ਼ ਆਇਦ
ਪਟੀਸ਼ਨਰ ਨੇ ਕਿਹਾ ਕਿ ਇਸ ਮਾਮਲੇ 'ਚ ਉਸ ਦੇ ਖਿਲਾਫ ਕੋਈ ਠੋਸ ਸਬੂਤ ਨਹੀਂ ਹੈ ਅਤੇ ਸੁਣਵਾਈ ਪੂਰੀ ਹੋਣ 'ਚ ਸਮਾਂ ਲੱਗ ਸਕਦਾ ਹੈ। ਪੰਜਾਬ ਸਰਕਾਰ ਨੇ ਪਟੀਸ਼ਨ ਦਾ ਵਿਰੋਧ ਕਰਦਿਆਂ ਕਿਹਾ ਕਿ ਪਟੀਸ਼ਨਰ ਆਦਤਨ ਅਪਰਾਧੀ ਹੈ ਅਤੇ ਉਸ ਵਿਰੁੱਧ ਪੰਜ ਹੋਰ ਕੇਸ ਦਰਜ ਹਨ। ਹਾਈਕੋਰਟ ਨੇ ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਪਟੀਸ਼ਨ 'ਤੇ ਆਪਣਾ ਫੈਸਲਾ ਸੁਣਾਇਆ।