ਸ਼ਿਵ ਸੈਨਿਕ 'ਤੇ ਹਮਲਾ: ਸੋਸ਼ਲ ਮੀਡੀਆ 'ਤੇ ਸਿੰਘਾਂ ਵਲੋਂ ਸੋਧਾ ਲਾਉਣ ਦਾ ਦਾਅਵਾ
ਸੋਸ਼ਲ ਮੀਡੀਆ ਰਾਹੀਂ ਸ਼ਿਵ ਸੈਨਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਡਾ. ਨਿਸ਼ਾਨ ਸਿੰਘ ਠੇਠੀ 'ਤੇ ਐਤਵਾਰ ਨੂੰ ਹਮਲਾ ਹੋਣ ਦੀ ਚਰਚਾ ਹੈ। ਚਰਚਾ ਇਹ ਵੀ ...
ਜੈਤੋ, ਸੋਸ਼ਲ ਮੀਡੀਆ ਰਾਹੀਂ ਸ਼ਿਵ ਸੈਨਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਡਾ. ਨਿਸ਼ਾਨ ਸਿੰਘ ਠੇਠੀ 'ਤੇ ਐਤਵਾਰ ਨੂੰ ਹਮਲਾ ਹੋਣ ਦੀ ਚਰਚਾ ਹੈ। ਚਰਚਾ ਇਹ ਵੀ ਹੈ ਕਿ ਆਗੂ ਨੇ ਪੁਲਿਸ ਸੁਰੱਖਿਆ ਲੈਣ ਲਈ ਘਟਨਾ ਦੀ ਕਹਾਣੀ ਬਣਾਈ। ਨਿਸ਼ਾਨ ਸਿੰਘ ਨੇ ਦਸਿਆ ਕਿ 8-9 ਹਮਲਾਵਰ ਉਦੋਂ ਉਸ ਦੇ ਘਰ ਵਿਚ ਦਾਖ਼ਲ ਹੋਏ ਜਦ ਉਹ ਰਾਤ ਦਾ ਖਾਣਾ ਖਾ ਰਹੇ ਸਨ।
ਉਨ੍ਹਾਂ ਕਿਹਾ ਕਿ ਅਪਣੇ ਬਚਾਉ ਲਈ ਉਹ ਬੈੱਡ ਰੂਮ ਵਿਚ ਚਲੇ ਗਏ ਅਤੇ ਅੰਦਰੋਂ ਕੁੰਡੀ ਲਾ ਲਈ। ਉਸ ਨੇ ਅੰਮ੍ਰਿਤਧਾਰੀ ਹੋਣ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਹਮਲਾਵਰਾਂ ਨੇ ਉਸ ਦਾ ਗਾਤਰਾ ਲਾਹਿਆ ਅਤੇ ਕੇਸ ਪੁੱਟ ਕੇ ਧਾਰਮਕ ਬੇਅਦਬੀ ਕੀਤੀ। ਉਨ੍ਹਾਂ ਕਿਹਾ ਕਿ ਉਹ ਤਿੰਨ ਹਮਲਾਵਰਾਂ ਨੂੰ ਉਹ ਜਾਣਦੇ ਸਨ। ਮੌਕੇ 'ਤੇ ਹਾਜ਼ਰ ਉਸ ਦੀ ਪਤਨੀ ਐਡਵੋਕੇਟ ਹਰਜੀਤ ਕੌਰ ਅਤੇ ਦੋਸਤ ਸੰਤੋਸ਼ ਕੁਮਾਰ ਦੇ ਰੌਲਾ ਪਾਉਣ 'ਤੇ ਹਮਲਾਵਰ ਫ਼ਰਾਰ ਹੋ ਗਏ।
ਰਾਜੂ ਸਿੱਧੂ ਨਾਂ ਦੇ ਇਕ ਵਿਅਕਤੀ ਨੇ ਫ਼ੇਸਬੁਕ 'ਤੇ ਇਹ ਹਮਲਾ ਗਰਮ ਖਿਆਲੀਆਂ ਵਲੋਂ ਕੀਤੇ ਜਾਣ ਦਾ ਦਾਅਵਾ ਕਰਦਿਆਂ ਕਿਹਾ ਕਿ ਨਿਸ਼ਾਨ ਸਿੰਘ ਭਿੰਡਰਾਂਵਾਲੇ ਅਤੇ ਹੋਰ ਗਰਮ ਖਿਆਲੀ ਆਗੂਆਂ ਬਾਰੇ ਮਾੜਾ ਬੋਲਦਾ ਸੀ। ਇਸੇ ਕਰ ਕੇ ਉਸ ਨੂੰ ਸੋਧਾ ਲਾਇਆ ਗਿਆ ਹੈ। ਐਸਐਸਪੀ ਡਾ. ਨਾਨਕ ਸਿੰਘ ਨੇ ਇਸ ਘਟਨਾ ਨੂੰ ਨਿਜੀ ਰੰਜਸ਼ ਦਾ ਨਤੀਜਾ ਦਸਦਿਆਂ ਕਿਹਾ ਕਿ ਘਰੇਲੂ ਮਾਮਲਾ ਨੂੰ ਮੁਕਾਉਣ ਲਈ ਕੁੱਝ ਜਾਣਕਾਰ ਨਿਸ਼ਾਨ ਸਿੰਘ ਦੇ ਘਰ ਬੈਠੇ ਸਨ ਕਿ ਗੱਲਾਂ-ਗੱਲਾਂ ਵਿਚ ਹੱਥੋਪਾਈ ਹੋ ਗਏ। ਉਨ੍ਹਾਂ ਕਿਹਾ ਕਿ ਫ਼ੇਸਬੁਕ 'ਤੇ ਦਾਅਵੇਦਾਰੀ ਕਰ ਕੇ ਤਣਾਅ ਪੈਦਾ ਕਰਨ ਵਾਲੇ ਰਾਜੂ ਸਿੱਧੂ ਦਾ ਪਤਾ ਕੀਤਾ ਜਾ ਰਿਹਾ ਹੈ।