ਮਾਣੂੰਕੇ ਗਿੱਲ 'ਚ ਕੈਂਸਰ ਦੀ ਦਸਤਕ ਸੁਣਾਈ ਦਿਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ ਮਾਣੂੰਕੇ ਗਿੱਲ ਵਿਖੇ ਇਸ ਨਾਮੁਰਾਦ ਬੀਮਾਰੀ ਕੈਂਸਰ ਨੇ ਦਸਤਕ ਦਿੰਦਿਆਂ 9 ਘਰਾਂ ਦੀਆਂ ਔਰਤਾਂ ਨੂੰ ਅਪਣੀ ਲਪੇਟ 'ਚ ਲੈ ਕੇ ਕੈਂਸਰ ਦੇ ਭੈਅ ਦਾ ਪਿੰਡ ਵਾਸੀਆਂ ਨੂੰ ...

9 Members got cancer in 7 years

ਸਮਾਧ ਭਾਈ, 23 ਮਈ : ਪਿੰਡ ਮਾਣੂੰਕੇ ਗਿੱਲ ਵਿਖੇ ਇਸ ਨਾਮੁਰਾਦ ਬੀਮਾਰੀ ਕੈਂਸਰ ਨੇ ਦਸਤਕ ਦਿੰਦਿਆਂ 9 ਘਰਾਂ ਦੀਆਂ ਔਰਤਾਂ ਨੂੰ ਅਪਣੀ ਲਪੇਟ 'ਚ ਲੈ ਕੇ ਕੈਂਸਰ ਦੇ ਭੈਅ ਦਾ ਪਿੰਡ ਵਾਸੀਆਂ ਨੂੰ ਅਹਿਸਾਸ ਕਰਵਾ ਦਿਤਾ ਹੈ। ਬੀਮਾਰੀ ਸਬੰਧੀ 'ਆਪ' ਦੇ ਕਿਸਾਨ ਵਿੰਗ ਇੰਚਾਰਜ ਅਮਰਜੀਤ ਸਿੰਘ ਖ਼ਾਲਸਾ ਅਤੇ ਬਲਾਕ ਪ੍ਰਧਾਨ ਇਕੱਤਰ ਸਿੰਘ ਨੇ ਦਸਿਆ ਕਿ ਪਿੰਡ ਮਾਣੂੰਕੇ ਵਿਖੇ ਕੈਂਸਰ ਦੀ ਭਿਆਨਕ ਬੀਮਾਰੀ ਨੇ ਕਈ ਘਰਾਂ ਨੂੰ ਤਬਾਹ ਕਰ ਦਿਤਾ ਹੈ ਪਰ ਇਸ ਸਬੰਧੀ ਸਿਹਤ ਵਿਭਾਗ ਦੇ ਅਧਿਕਾਰੀ ਬੇਖ਼ਬਰ ਹਨ।

ਉਨ੍ਹਾਂ ਦਸਿਆ ਕਿ ਪੱਤੀ ਕੋਰਾ 'ਚ ਪਿਛਲੇ ਸੱਤ ਸਾਲਾਂ 'ਚ ਸਰੀਰ ਦੇ ਵੱਖ-ਵੱਖ ਹਿੱਸਿਆਂ 'ਚ ਫੈਲੇ ਕੈਂਸਰ ਕਾਰਨ 9 ਔਰਤਾਂ ਜਿਨ੍ਹਾਂ 'ਚ ਦਲੀਪ ਕੌਰ ਪਤਨੀ ਗੁਰਦਿਆਲ ਸਿੰਘ, ਜੀਤ ਕੌਰ ਪਤਨੀ ਗੁਰਾ ਸਿੰਘ, ਛਿੰਦਰਪਾਲ ਕੌਰ ਪਤਨੀ ਹਰਦੇਵ ਸਿੰਘ, ਬਲਜੀਤ ਕੌਰ ਪਤਨੀ ਨਿਰਮਲ ਸਿੰਘ, ਪਰਮਜੀਤ ਕੌਰ ਪਤਨੀ ਬਿੱਕਰ ਸਿੰਘ, ਅਮਰਜੀਤ ਕੌਰ ਪਤਨੀ ਗੁਰਦੇਵ ਸਿੰਘ, ਰਣਜੀਤ ਕੌਰ ਪਤਨੀ ਰਣਜੀਤ ਸਿੰਘ, ਮਲਕੀਤ ਕੌਰ ਪਤਨੀ ਗੁਰਸੇਵਕ ਸਿੰਘ ਅਤੇ ਗੁਰਮੇਲ ਕੌਰ ਪਤਨੀ ਜਸਵੰਤ ਸਿੰਘ ਆਦਿ ਦੀ ਮੌਤ ਹੋ ਚੁੱਕੀ ਹੈ। 

ਉਨ੍ਹਾਂ ਦਸਿਆ ਕਿ ਜਿਥੇ ਔਰਤਾਂ ਦੀ ਮੌਤ ਤੋਂ ਬਾਅਦ ਪਰਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ, ਉਥੇ ਇਹ ਪਰਵਾਰ ਆਰਥਕ ਬੋਝ ਹੇਠ ਵੀ ਦੱਬੇ ਹਨ। ਉਨ੍ਹਾਂ ਇਸ ਬੀਮਾਰੀ ਸਬੰਧੀ ਸ਼ੱਕ ਪ੍ਰਗਟ ਕਰਦਿਆਂ ਦਸਿਆ ਕਿ ਜੇਕਰ ਇਕ ਪੱਤੀ (ਅਗਵਾੜ) 'ਚ ਐਨੇ ਕੈਂਸਰ ਦੇ ਮਰੀਜ਼ ਹਨ ਤਾਂ ਬਾਕੀ ਪਿੰਡ 'ਚ ਇਸ ਦੀ ਗਿਣਤੀ ਖ਼ਤਰਨਾਕ ਅੰਕੜੇ ਪੈਦਾ ਕਰ ਸਕਦੀ ਹੈ। 

ਇਸ ਮੌਕੇ ਅਮਰਜੀਤ ਸਿੰਘ ਖ਼ਾਲਸਾ ਅਤੇ ਪਿੰਡ ਵਾਸੀਆਂ ਨੇ ਕੇਂਦਰ ਸਰਕਾਰ, ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀ ਅਤੇ ਸਿਹਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਪੀੜਤ ਪਰਵਾਰਕ ਨੂੰ ਬਣਦਾ ਮੁਆਵਜਾ ਦਿਤਾ ਜਾਵੇ ਅਤੇ ਪਿੰਡ 'ਚ ਵੱਧ ਰਹੇ ਕੈਂਸਰ ਦੇ ਕਾਰਨਾਂ ਦੀ ਜਾਂਚ ਕਰਦਿਆਂ ਕੈਂਸਰ ਜਾਗਰੂਕ ਕੈਂਪਾਂ ਰਾਹੀਂ ਮਰੀਜ਼ਾਂ ਦੀ ਪਛਾਣ ਕਰ ਕੇ ਬੀਮਾਰੀ ਨੂੰ ਮੁਢਲੀ ਸਟੇਜ 'ਤੇ ਹੀ ਕਾਬੂ ਹੇਠ ਕਰ ਕੇ ਲੋਕਾਂ ਨੂੰ ਰਾਹਤ ਦਿਤੀ ਜਾਵੇ।