ਕੌਮੀ ਗ੍ਰੀਨ ਟ੍ਰਿਬਿਊਨਲ ਨੇ ਬਿਆਸ ਦਰਿਆ 'ਚ ਜ਼ਹਿਰੀਲੇ ਸਨਅਤੀ ਮਾਦੇ ਦਾ ਲਿਆ ਸਖ਼ਤ ਨੋਟਿਸ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੌਮੀ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਨੇ ਸਨਅਤੀ ਰਹਿੰਦ-ਖੁੰਹਦ ਅਤੇ ਹੋਰ ਜ਼ਹਿਰੀਲਾ ਮਾਦਾ ਸਿੱਧਾ ਪੰਜਾਬ ਦੇ ਦਰਿਆਵਾਂ ਅਤੇ ਨਦੀਆਂ ਵਿਚ ਵਹਾਉਣ ਦਾ ...

Sukhpal Singh Khaira

ਚੰਡੀਗੜ੍ਹ, 23 ਮਈ (ਨੀਲ ਭਲਿੰਦਰ ਸਿੰਘ): ਕੌਮੀ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਨੇ ਸਨਅਤੀ ਰਹਿੰਦ-ਖੁੰਹਦ ਅਤੇ ਹੋਰ ਜ਼ਹਿਰੀਲਾ ਮਾਦਾ ਸਿੱਧਾ ਪੰਜਾਬ ਦੇ ਦਰਿਆਵਾਂ ਅਤੇ ਨਦੀਆਂ ਵਿਚ ਵਹਾਉਣ ਦਾ ਸਖ਼ਤ ਨੋਟਿਸ ਲਿਆ ਹੈ ਜਿਸ ਤਹਿਤ ਅੱਜ ਇਸ ਮੁੱਦੇ ਉਤੇ ਕੇਂਦਰ, ਪੰਜਾਬ ਅਤੇ ਰਾਜਸਥਾਨ ਸਰਕਾਰਾਂ ਨੂੰ ਨੋਟਿਸ ਜਾਰੀ ਕਰ ਦਿਤੇ ਹਨ।

 ਇਸ ਮਾਮਲੇ ਵਿਚ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ  ਬੁੱਧਵਾਰ ਹੀ ਐਨਜੀਟੀ ਚੇਅਰਮੈਨ ਨਾਲ ਇਸ ਮਾਮਲੇ ਉੱਤੇ ਮੁਲਾਕਾਤ ਕਰ ਸ਼ਿਕਾਇਤ ਕੀਤੀ ਸੀ ਅਤੇ ਕੋਰਟ ਨੇ ਇਸ ਮਾਮਲੇ ਵਿਚ ਵੀਰਵਾਰ ਨੂੰ ਵਿਸਥਾਰਤ ਸੁਣਵਾਈ ਕਰਨ ਦਾ ਫ਼ੈਸਲਾ ਕੀਤਾ ਹੈ। 

ਦਸਣਯੋਗ ਹੈ ਕਿ ਐਨਜੀਟੀ ਨੂੰ ਸ਼ਿਕਾਇਤ ਕੀਤੀ ਗਈ ਹੈ ਕਿ ਸਨਅਤੀ ਰਹਿੰਦ ਖੂੰਹਦ ਨੂੰ ਸਿੱਧਾ  ਪੰਜਾਬ ਦੇ ਦਰਿਆਵਾਂ ਅਤੇ ਨਦੀਆਂ ਆਦਿ ਵਿਚ ਵਹਾਉਣ ਕਾਰਨ ਪਾਣੀ ਇੰਨਾ ਪ੍ਰਦੂਸ਼ਿਤ ਹੋ ਗਿਆ ਹੈ ਕਿ ਲੋਕਾਂ ਨੂੰ ਕੈਂਸਰ ਵਰਗੀ ਬੀਮਾਰੀਆਂ ਹੋ ਰਹੀ ਹਨ। ਨਾਲ ਹੀ ਦੋਸ਼ ਲਾਇਆ ਗਿਆ ਹੈ ਕਿ ਪੰਜਾਬ ਸਰਕਾਰ ਸਨਅਤੀ ਰਹਿੰਦ ਖੂੰਹਦ ਸਿੱਧੀ ਸੁੱਟਣ  ਉੱਤੇ ਲਗਾਮ ਇਸ ਲਈ ਨਹੀਂ ਲਗਾ ਰਹੀ ਹੈ ਕਿਉਂਕਿ ਜ਼ਿਆਦਾਤਰ ਸਨਅਤਕਾਰਾਂ ਦੀ ਸਰਕਾਰ ਨਾਲ ਖ਼ਾਸ 'ਲਿਹਾਜ' ਹੈ।

 ਖਹਿਰਾ ਨੇ ਅਪਣੀ ਸ਼ਿਕਾਇਤ ਤਹਿਤ ਕਿਹਾ ਹੈ ਕਿ ਇਸ ਕਾਰਨ ਸਿੱਧੇ ਤੌਰ ਉੱਤੇ ਪੰਜਾਬ ਦੇ ਲੋਕ ਪ੍ਰਭਾਵਿਤ ਹੋ ਰਹੇ ਹਨ।  ਨਾਲ ਹੀ ਨਦੀਆਂ-ਦਰਿਆਵਾਂ ਵਿਚ ਪਾਣੀ  ਇੰਨਾ ਪ੍ਰਦੂਸ਼ਿਤ ਹੋ ਗਿਆ ਹੈ ਕਿ ਮੱਛੀਆਂ ਅਤੇ ਜੀਵ-ਜੰਤੂ ਵੀ ਪਾਣੀ ਵਿਚ ਮਰ ਰਹੇ ਹਨ। ਇਸ ਤੋਂ ਪ੍ਰਭਾਵਿਤ ਹੋਣ ਵਾਲੇ ਲੋਕ ਸਿਰਫ਼ ਪੰਜਾਬ ਵਿਚ ਹੀ ਨਹੀਂ ਹੈ ਸਗੋਂ ਪ੍ਰਦੂਸ਼ਿਤ ਪਾਣੀ ਨੇ ਰਾਜਸਥਾਨ ਨੂੰ ਵੀ ਅਪਣੀ ਲਪੇਟ ਵਿਚ ਲੈ ਲਿਆ ਹੈ।

ਐਨਜੀਟੀ ਨੇ ਇਸ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਸੁਣਦੇ ਹੋਏ ਰਾਜਸਥਾਨ ਅਤੇ ਪੰਜਾਬ ਸਰਕਾਰ ਨੂੰ ਇਸ ਮਾਮਲੇ ਵਿੱਚ ਸਟੇਟਸ ਰਿਪੋਰਟ ਦਾਖਲ ਕਰਨ ਨੂੰ ਕਿਹਾ ਹੈ ਜਿਸਦੇ ਨਾਲ ਵੀਰਵਾਰ ਨੂੰ ਹੋਣ ਵਾਲੀ ਸੁਣਵਾਈ ਵਿਚ ਸਰਕਾਰਾਂ ਅਪਣਾ ਪੱਖ ਕੋਰਟ ਦੇ ਸਾਹਮਣੇ ਪਹਿਲਾਂ ਹੀ ਰੱਖ ਸਕਣ ਕਿ ਇਸ ਨੂੰ ਰੋਕਣ ਲਈ ਹੁਣ ਤਕ ਕੋਈ ਕੋਸ਼ਿਸ਼ ਹੋਈ ਵੀ ਹੈ ਜਾਂ ਨਹੀਂ।

ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਬਟਾਲਾ ਦੇ ਨਜ਼ਦੀਕ ਚੱਢਾ ਸ਼ੁਗਰ ਮਿਲ ਵਿਚ ਸ਼ੀਰੇ ਨਾਲ  ਭਰਿਆ ਇਕ ਟੈਂਕ ਫਟਣ ਨਾਲ ਕਈ ਸੌ ਲਿਟਰ ਰਸਾਇਣ ਨਦੀ ਵਿਚ ਛੱਡ ਦਿਤਾ ਗਿਆ ਸੀ।  ਰਸਾਇਣ ਮਿਲਣ ਨਾਲ ਪਾਣੀ ਵਿਚ ਆਕਸੀਜਨ ਦੀ ਮਾਤਰਾ ਘੱਟ ਹੋ ਗਈ ਜਿਸ ਦੇ ਨਾਲ ਲੱਖਾਂ ਛੋਟੀ-ਵੱਡੀ ਮੱਛੀਆਂ ਅਤੇ ਦੂਜੇ ਜੀਵ-ਜੰਤੂਆਂ ਦੀ ਮੌਤ ਹੋ ਗਈ ਸੀ।