ਕੇਂਦਰੀ ਯੂਨੀਵਰਸਟੀ 'ਚ ਨਿਯੁਕਤੀਆਂ ਦੇ ਮਾਮਲੇ ਵਿਚ ਉਠੀ ਉਂਗਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰੀ ਯੂਨੀਵਰਸਟੀ ਬਠਿੰਡਾ 'ਚ ਹੁਣ ਮੁਲਾਜ਼ਮਾਂ ਦੀਆਂ ਭਰਤੀਆਂ 'ਚ ਉਂਗਲ ਉਠਣ ਲੱਗੀ ਹੈ। ਯੂਨੀਵਰਸਟੀ ਦੇ ਪ੍ਰਬੰਧਕਾਂ ਉਪਰ ਚਹੇਤਿਆਂ ਨੂੰ ਭਰਤੀ ਕਰਨ...

Central University Bathinda

ਬਠਿੰਡਾ: ਕੇਂਦਰੀ ਯੂਨੀਵਰਸਟੀ ਬਠਿੰਡਾ 'ਚ ਹੁਣ ਮੁਲਾਜ਼ਮਾਂ ਦੀਆਂ ਭਰਤੀਆਂ 'ਚ ਉਂਗਲ ਉਠਣ ਲੱਗੀ ਹੈ। ਯੂਨੀਵਰਸਟੀ ਦੇ ਪ੍ਰਬੰਧਕਾਂ ਉਪਰ ਚਹੇਤਿਆਂ ਨੂੰ ਭਰਤੀ ਕਰਨ ਦੇ ਦੋਸ਼ ਲੱਗੇ ਹਨ। ਚਰਚਾ ਮੁਤਾਬਕ ਯੂਨੀਵਰਸਟੀ ਦੇ ਸੰਸਥਾਪਕ ਉਪ ਕੁਲਪਤੀ ਡਾ ਜੈਰੂਪ ਸਿੰਘ ਵਲੋਂ ਨੇਕ ਨੀਅਤੀ ਨਾਲ ਸ਼ੁਰੂ ਕੀਤੀ ਇਸ ਯੂਨੀਵਰਸਿਟੀ 'ਚ ਹੁਣ ਭਾਈ-ਭਤੀਜਾ ਵਾਦ ਦਾ ਰੌਲਾ ਪੈਣ ਲੱਗਾ ਹੈ। ਅਜਿਹੇ ਹੀ ਇਕ ਮਾਮਲੇ 'ਚ ਵਿਵਾਦ ਉਠਣ ਤੋਂ ਬਾਅਦ ਇਕ ਅਧਿਕਾਰੀ ਦੁਆਰਾ ਪੜਤਾਲ ਤੋਂ ਪਹਿਲਾਂ ਹੀ ਨੌਕਰੀ ਦੀ ਅਸਤੀਫ਼ਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।

ਹਾਲਾਂਕਿ ਯੂਨੀਵਰਸਟੀ ਦੇ ਅਧਿਕਾਰੀਆਂ ਨੇ ਇਸ ਮਾਮਲੇ 'ਚ ਉੱਚ ਪਧਰੀ ਪੜਤਾਲ ਕਰਵਾਉਣ ਦਾ ਭਰੋਸਾ ਦਿਤਾ ਹੈ। ਸ਼ਹਿਰ ਵਾਸੀ ਤਰਸੇਮ ਸਿੰਘ ਵਲੋਂ ਮੁਹਈਆਂ ਕਰਵਾਈ ਸੂਚਨਾ ਮੁਤਾਬਕ 15 ਜਨਵਰੀ 2018 ਨੂੰ ਪ੍ਰਕਾਸ਼ਤ ਭਰਤੀ ਇਸ਼ਤਿਹਾਰ ਰਾਹੀਂ ਅਜਿਹੇ ਵਿਅਕਤੀ ਨੂੰ ਅਸਟੇਟ ਅਫ਼ਸਰ ਦੇ ਅਹੁਦੇ ਉਪਰ ਸੁਸੋਭਿਤ ਕਰ ਦਿਤਾ, ਜਿਹੜਾ ਉਸ ਲਈ ਮੁਢਲੀਆਂ ਯੋਗਤਾਵਾਂ ਵੀ ਪੂਰੀਆਂ ਨਹੀਂ ਕਰਦਾ ਸੀ। ਸ਼ਿਕਾਇਤਕਰਤਾ ਨੇ ਇਸ ਸਬੰਧ ਵਿਚ ਯੂਨੀਵਰਸਟੀ ਦੇ ਉਪ ਕੁਲਪਤੀ ਤੋਂ ਲੈ ਕੇ ਪ੍ਰਧਾਨ ਮੰਤਰੀ ਦਫ਼ਤਰ ਤਕ ਮਾਮਲੇ ਦੀ ਉੱਚ ਪੜਤਾਲ ਲਈ ਸ਼ਿਕਾਇਤਾਂ ਕੀਤੀਆਂ ਹਨ। 

ਤਰਸੇਮ ਸਿੰਘ ਦੇ ਦਾਅਵੇ ਮੁਤਾਬਕ ਅਸਟੇਟ ਅਫ਼ਸਰ ਦੀ ਪੋਸਟ ਲਈ ਸਬੰਧਤ ਖੇਤਰ ਦਾ ਤਜਰਬਾ ਅਤੇ ਪੈ ਗਰੇਡ ਜ਼ਰੂਰੀ ਸੀ। ਉਸ ਮੁਤਾਬਕ ਉਹ ਪਹਿਲਾਂ ਉਕਤ ਯੂਨੀਵਰਸਟੀ ਵਿਚ ਠੇਕੇ ਉਪਰ ਇਸੇ ਪੋਸਟ 'ਤੇ ਕੰਮ ਕਰਦਾ ਰਿਹਾ ਹੈ। ਇਸ ਤੋਂ ਇਲਾਵਾ ਸ਼ਿਕਾਇਤਕਰਤਾ ਨੇ ਉਕਤ ਨਵਨਿਯੁਕਤ ਅਧਿਕਾਰੀ ਵਲੋਂ ਇੰਟਰਵਿਊ ਸਮੇਂ ਮੁਹਈਆਂ ਕਰਵਾਏ ਗਏ ਤਜਰਬਾ ਅਤੇ ਤਨਖ਼ਾਹ ਸਬੰਧੀ ਦਸਤਾਵੇਜ਼ਾਂ ਦੀ ਪੜਤਾਲ ਲਈ ਜਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਟੀ ਤੋਂ ਸੂਚਨਾ ਦੇ ਅਧਿਕਾਰ ਤਹਿਤ ਜਾਣਕਾਰੀ ਲਈ ਤਾਂ ਹੈਰਾਨੀਜਨਕ ਤੱਥ ਸਾਹਮਣੇ ਆਏ।

ਉਸ ਮੁਤਾਬਕ ਉਕਤ ਅਧਿਕਾਰੀ 16 ਨਵੰਬਰ 2011 ਤੋਂ 15 ਨਵੰਬਰ 2012 ਤਕ ਅਤੇ 1 ਮਾਰਚ 2013 ਤੋਂ 5 ਮਾਰਚ 2015 ਤਕ ਇਸ ਯੂਨੀਵਰਸਟੀ 'ਚ ਬਤੌਰ ਡਾਟਾ ਐਂਟਰੀ ਅਪਰੇਟਰ ਦੇ ਤੌਰ 'ਤੇ ਨੌਕਰੀ ਕਰਦਾ ਰਿਹਾ। ਜਿਸ ਦੇ ਬਦਲੇ ਯੂਨੀਵਰਸਟੀ ਵਲੋਂ ਪਹਿਲਾਂ ਉਸ ਨੂੰ ਸਿਰਫ਼ 6100 ਅਤੇ ਬਾਅਦ ਵਿਚ ਸਾਢੇ 13 ਹਜ਼ਾਰ ਰੁਪਏ ਉਕਾ ਪੁੱਕਾ ਤਨਖ਼ਾਹ ਦਿਤੀ ਜਾਂਦੀ ਸੀ। ਜਦਕਿ ਉਕਤ ਵਿਅਕਤੀ ਵਲੋਂ ਕੇਂਦਰੀ ਯੂਨੀਵਰਸਟੀ 'ਚ ਨੌਕਰੀ ਲੈਣ ਲਈ ਅਪਣਾ ਪੇ ਗਰੇਡ 3200 ਰੁਪਏ ਦਰਸਾਇਆ ਹੈ। 

ਇਸ ਤੋਂ ਇਲਾਵਾ ਤਜਰਬਾ ਵੀ ਬਤੌਰ ਅਸਟੇਟ ਅਫ਼ਸਰ ਦਸਿਆ ਹੈ। ਤਰਸੇਮ ਸਿੰਘ ਨੇ ਦਸਿਆ ਕਿ ਉਹ ਇਸ ਮਾਮਲੇ ਦੀ ਤੈਅ ਤਕ ਜਾਵੇਗਾ ਤੇ ਇਸ ਯੂਨੀਵਰਸਟੀ 'ਚ ਪਿਛਲੇ ਸਮੇਂ ਦੌਰਾਨ ਭਰਤੀ 'ਚ ਹੋਈਆਂ ਹੋਰ ਉਣਤਾਈਆਂ ਨੂੰ ਵੀ ਜਨਤਕ ਕਰੇਗਾ। ਉਧਰ ਸੰਪਰਕ ਕਰਨ 'ਤੇ ਕੇਂਦਰੀ ਯੂਨੀਵਰਸਟੀ ਦੇ ਰਜਿਸਟਰਾਰ ਜਗਦੀਪ ਸਿੰਘ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦਾਅਵਾ ਕੀਤਾ ਕਿ ਅਸਟੇਟ ਅਫ਼ਸਰ ਦੇ ਤੌਰ 'ਤੇ ਨਿਰਮਲਜੀਤ ਸਿੰਘ ਨੂੰ 6 ਮਹੀਨਿਆਂ ਲਈ ਕੱਚੇ ਤੌਰ 'ਤੇ ਰੱਖਿਆ ਸੀ ਪਰ ਹੁਣ ਉਸ ਨੇ ਸਵੇ ਇੱਛਾ ਨਾਲ ਅਪਣਾ ਅਸਤੀਫ਼ਾ ਦੇ ਦਿਤਾ ਹੈ।

ਉਕਤ ਅਧਿਕਰੀ ਦੀ ਯੋਗਤਾ ਅਤੇ ਤਜਰਬੇ ਸਬੰਧੀ ਪੁੱਛੇ ਜਾਣ 'ਤੇ ਰਜਿਸਟਰਾਰ ਸਾਹਿਬ ਨੇ ਦਸਿਆ ਕਿ ਸ਼ਿਕਾਇਤਕਰਤਾ ਵਲੋਂ ਆਰ.ਟੀ.ਆਈ ਤਹਿਤ ਹਾਸਲ ਜਾਣਕਾਰੀ ਮੁਹਈਆਂ ਕਰਵਾਉਣ ਤੋਂ ਬਾਅਦ ਉਨ੍ਹਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਟੀ ਤੋਂ ਜਾਣਕਾਰੀ ਮੰਗੀ ਹੈ। ਉਨ੍ਹਾਂ ਮੰਨਿਆ ਕਿ ਮਾਮਲੇ ਦੀ ਪੜਤਾਲ ਲਈ ਉਪ ਕੁਲਪਤੀ ਵਲੋਂ ਇਕ ਉੱਚ ਪਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ।