ਪਿਓ ਦੀ ਮੌਤ ਤੋਂ ਬਾਅਦ ਸਬਜ਼ੀ ਦੀ ਰੇਹੜੀ ਲਗਾਉਣ ਨੂੰ ਮਜਬੂਰ ਮਾਸੂਮ ਬੱਚਾ
ਪਰਿਵਾਰ ਦੀ ਮਦਦ ਲਈ ਸੰਪਰਕ ਕਰੋ 88728-26962
ਖੰਨਾ (ਪਰਮਿੰਦਰ ਸਿੰਘ) : ਜਦੋ ਕਿਸੇ ਦੇ ਸਿਰ ਤੋਂ ਪਿਓ ਦਾ ਸਾਇਆ ਉੱਠ ਜਾਂਦਾ ਹੈ ਤਾਂ ਹਾਲਾਤਾਂ ਨਾਲ ਜੰਗ ਖੁਦ ਨੂੰ ਹੋਰ ਵੀ ਤਕੜੇ ਹੋ ਕੇ ਲੜਨੀ ਪੈਦੀ ਹੈ। ਖੰਨਾ ਦਾ ਰਹਿਣ ਵਾਲਾ 14 ਸਾਲਾ ਬੱਚਾ ਲਵਪ੍ਰੀਤ ਸਿੰਘ ਵੀ ਹਾਲਾਤਾਂ ਨਾਲ ਅਜਿਹੀ ਹੀ ਜੰਗ ਲੜ ਰਿਹਾ ਹੈ। ਦਰਅਸਲ ਖੰਨਾ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਦੇ ਸਿਰ ਤੋਂ ਪਿਓ ਦਾ ਸਾਇਆ ਉੱਠ ਚੁੱਕਾ ਹੈ।
ਆਪਣੇ ਪਰਿਵਾਰ ਦਾ ਢਿੱਡ ਭਰਨ ਅਤੇ ਆਪਣੀਆਂ ਦੋ ਭੈਣਾਂ ਤੇ ਖੁਦ ਦੀ ਪੜ੍ਹਾਈ ਲਈ ਪੈਸੇ ਦਾ ਪ੍ਰਬੰਧ ਕਰਨ ਲਈ ਲਵਪ੍ਰੀਤ ਸਵੇਰ ਤੋਂ ਸ਼ਾਮ ਤੱਕ ਗਲੀ-ਗਲੀ ਘੁੰਮ ਕੇ ਸਬਜ਼ੀਆਂ ਵੇਚਦਾ ਹੈ। ਲਵਪ੍ਰੀਤ ਦੇ ਪਿਤਾ ਦੀ ਇਕ ਸਾਲ ਪਹਿਲਾਂ ਲਿਵਰ ਖਰਾਬ ਹੋਣ ਕਾਰਨ ਮੌਤ ਹੋ ਗਈ ਸੀ। ਉਸ ਦੇ ਘਰ 'ਚ 2 ਭੈਣਾਂ, ਇਕ ਛੋਟਾ ਭਰਾ, ਮਾਂ ਅਤੇ ਦਾਦਾ ਜੀ ਹਨ।
ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੇ ਘਰ ਦੇ ਹਾਲਾਤ ਬਹੁਤ ਮਾੜੇ ਹਨ। ਜਿਹੜੀ ਰੇਹੜੀ 'ਤੇ ਸਬਜ਼ੀ ਵੇਚਦਾ ਹੈ, ਉਸ ਦਾ ਵੀ ਕਿਰਾਇਆ ਭਰਨਾ ਪੈਂਦਾ ਹੈ। ਉਹ ਪੜ੍ਹ-ਲਿਖ ਕੇ ਪੁਲਿਸ 'ਚ ਭਰਤੀ ਹੋਣਾ ਚਾਹੁੰਦਾ ਹੈ ਅਤੇ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹੈ। 10 ਕਲਾਸ ਵਿਚ ਪੜ੍ਹਦੇ ਲਵਪ੍ਰੀਤ ਦਾ ਕਹਿਣਾ ਹੈ ਕਿ ਉਸ ਦੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਹੁੰਦਾ ਹੈ।
ਉਸ ਨੂੰ ਦਿਨ ਦੇ 200-300 ਰੁਪਏ ਮਸਾਂ ਬਣਦੇ ਹਨ। ਇਸ ਤੋਂ ਇਲ਼ਾਵਾ ਲਵਪ੍ਰੀਤ ਦਾ ਭਰਾ ਬਜ਼ਾਰ ਵਿਚ ਕੰਮ ਕਰਦਾ ਹੈ ਤੇ ਉਸ ਨੂੰ ਦਿਹਾੜੀ ਦੇ 50 ਰੁਪਏ ਮਿਲਦੇ ਹਨ। ਲਵਪ੍ਰੀਤ ਨੇ ਦੱਸਿਆ ਕਿ ਜਦੋਂ ਉਹ ਇੰਨੀ ਭਾਰੀ ਰੇਹੜੀ ਖਿੱਚ ਕੇ ਥੱਕ ਜਾਂਦਾ ਹੈ ਤਾਂ ਉਸ ਦੇ ਗੁਆਂਢ ਵਿਚ ਰਹਿੰਦਾ ਉਸ ਦਾ ਦੋਸਤ ਉਸ ਦੀ ਰੇਹੜੀ ਖਿੱਚਣ ਵਿਚ ਮਦਦ ਕਰਦਾ ਹੈ। ਲਵਪ੍ਰੀਤ ਨੇ ਦੱਸਿਆ ਕਿ ਉਸ ਦੇ ਸਕੂਲ ਦੀ ਇਕ ਅਧਿਆਪਕਾ ਅਤੇ ਕੁਝ ਹੋਰ ਲੋਕਾਂ ਨੇ ਉਸ ਦੇ ਪਰਿਵਾਰ ਦੀ ਮਦਦ ਕੀਤੀ ਸੀ।