ਤੇਜ਼ ਰਫਤਾਰ ਆਉਂਦੀ ਰੇਲ ਅੱਗੇ ਡਿੱਗਿਆ ਬੱਚਾ, ਪੁਆਇੰਟਮੈਨ ਦੀ ਫੁਰਤੀ ਕਾਰਨ ਬਚੀ ਜਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਉ ਨੂੰ ਵੱਡੀ ਗਿਣਤੀ ਲੋਕ ਕਰ ਰਹੇ ਨੇ ਪਸੰਦ

switchman saved life

ਚੰਡੀਗੜ੍ਹ : 'ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ’ ਵਾਲੀ ਕਹਾਵਤ ਨੂੰ ਸੱਚ ਸਾਬਤ ਕਰਦੀ ਵੀਡੀਉ ਇੰਨੀ ਦਿਨੀਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਉ ਵਿਚ ਇਕ ਔਰਤ ਆਪਣੇ ਛੋਟੇ ਬੱਚੇ ਨਾਲ ਰੇਲਵੇ ਸਟੇਸ਼ਨ ‘ਤੇ ਵਿਚਰ ਰਹੀ ਵਿਖਾਈ ਦਿੰਦੀ ਹੈ। ਇਸ ਦੌਰਾਨ ਉਸ ਨਾਲ ਚੱਲ ਰਿਹਾ ਬੱਚਾ ਅਚਾਨਕ ਫਰਸ਼ ਤੋਂ ਕਾਫੀ ਨੀਵੀਂ ਰੇਲਵੇ ਲਾਈਨ ‘ਤੇ ਡਿੱਗ ਜਾਂਦਾ ਹੈ। ਇਸ ਮੰਜ਼ਰ ਵੇਖ ਮਾਂ ਨੂੰ ਸੁਧ-ਬੁਧ ਖੋਹ ਦੇਂਦੀ ਹੈ ਅਤੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਤੋਂ ਵੀ ਅਸਮਰੱਥ ਹੋ ਜਾਂਦੀ ਹੈ।

ਬੱਚੇ ਅਤੇ ਰੇਲ ਵਿਚਾਲੇ ਕੁੱਝ ਸਕਿੰਟਾਂ ਦੇ ਫਾਸਲਾ ਬਾਕੀ ਰਹਿੰਦਿਆਂ ਹੀ ਟਰੈਕ ‘ਤੇ ਵਿਚਰ ਰਹੇ ਪੁਆਇੰਟਮੈਨ ਦੀ ਨਜ਼ਰ ਬੱਚੇ ‘ਤੇ ਪੈਂਦੀ ਹੈ ਅਤੇ ਉਹ ਫੁਰਤੀ ਨਾਲ ਬੱਚੇ ਨੂੰ ਪਟੜੀ ਤੋਂ ਸੁਰੱਖਿਅਤ ਪਾਸੇ ਕਰਨ ਵਿਚ ਕਾਮਯਾਬ ਹੋ ਜਾਂਦਾ ਹੈ। ਇਸ ਦੌਰਾਨ ਹੋਰ ਵੀ ਕਈ ਲੌਕ ਬਚਾਅ ਲਈ ਭੱਜਦੇ ਵਿਖਾਈ ਦਿੰਦੇ ਹਨ।  

ਇਹ ਵੀਡੀਓ ਮਹਾਰਾਸ਼ਟਰ ਦੇ ਮੁੰਬਈ ਡਿਵੀਜ਼ਨ ਦੀ ਹੈ ਜਿੱਥੇ ਵਾਂਗਨੀ ਸਟੇਸ਼ਨ ਦੇ ਪਲੇਟਫਾਰਮ ਨੰਬਰ ਦੋ ‘ਤੇ ਇਕ ਬੱਚਾ ਇਕ ਔਰਤ ਨਾਲ ਖੜ੍ਹਾ ਸੀ। ਇਸੇ ਦੌਰਾਨ ਬੱਚਾ ਸੰਤੁਲਨ ਵਿਗੜਣ ਕਾਰਨ ਅਚਾਨਕ ਪਲੇਟਫਾਰਮ ਤੋਂ ਪਟੜੀ ’ਤੇ ਡਿੱਗ ਗਿਆ। ਪਟੜੀ ਪਲੇਟਫਾਰਮ ਤੋਂ ਕਾਫੀ ਨੀਵੀਂ ਸੀ ਜਿੱਥੋਂ ਬੱਚੇ ਦਾ ਖੁਦ ਨਿਕਲਣਾ ਮੁਸ਼ਕਲਾ ਸੀ।

ਇਸ ਦੌਰਾਨ ਦੂਜੇ ਪਾਸਿਓਂ ਤੇਜ਼ ਰਫਤਾਰ  ਰੇਲ ਆ ਗਈ ਜਿਸ ਨੂੰ ਵੇਖ ਕੇ ਔਰਤ ਘਬਰਾ ਗਈ। ਇਸੇ ਸਮੇਂ ਇਕ ਪੁਆਇੰਟਮੈਨ ਦੌੜਦਾ ਹੋਇਆ ਆਇਆ ਅਤੇ ਬੱਚੇ ਨੂੰ ਸੁਰੱਖਿਅਤ ਪਲੇਟਫਾਰਮ ‘ਤੇ ਲੈ ਆਇਆ।

ਮਯੂਰ ਸ਼ੇਲਖੇ ਨਾਮ ਦੇ ਇਸ ਪੁਆਇੰਟਮੈਨ ਦੀ ਆਮਦ ਬੱਚੇ ਲਈ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਸੀ। ਲੋਕ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਗੈਂਗਮੈਨ ਮੁਤਾਬਕ ਔਰਤ ਅੰਨ੍ਹੀ ਸੀ, ਇਸ ਲਈ ਉਹ ਬੱਚੇ ਨੂੰ ਬਚਾਉਣ ’ਚ ਅਸਮਰੱਥ ਸੀ।