ਕੌਮੀ ਇਨਸਾਫ਼ ਮੋਰਚਾ ਸਬੰਧੀ ਹਾਈਕੋਰਟ ਵਿਚ ਹੋਈ ਸੁਣਵਾਈ, DGP ਗੌਰਵ ਯਾਦਵ ਹੋਏ ਪੇਸ਼ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੋਰਚੇ ਦੇ ਵਕੀਲ ਨੇ ਮੰਗਿਆਂ ਕੋਰਟ ਤੋਂ ਸਮਾਂ, ਕਿਹਾ - ਜਲਦ ਸੁਲਝਾ ਲਿਆ ਜਾਵੇਗਾ ਮਸਲਾ

Representational

31 ਮਈ ਨੂੰ ਹੋਵੇਗੀ ਮਾਮਲੇ ਦੀ ਅਗਲੀ ਸੁਣਵਾਈ 

ਚੰਡੀਗੜ੍ਹ :  ਮੋਹਾਲੀ ਵਿਖੇ ਚਲ ਰਹੇ ਕੌਮੀ ਇਨਸਾਫ਼ ਮੋਰਚੇ ਸਬੰਧੀ ਅੱਜ ਫਿਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਸੁਣਵਾਈ ਹੋਈ। ਇਸ ਮੌਕੇ ਡੀ.ਜੀ.ਪੀ. ਗੌਰਵ ਯਾਦਵ ਅਤੇ ਮੋਰਚੇ ਵਲੋਂ ਵਕੀਲ ਨਵਕਿਰਨ ਸਿੰਘ ਪੇਸ਼ ਹੋਏ। ਨਵਕਿਰਨ ਸਿੰਘ ਨੇ ਕੋਰਟ ਤੋਂ ਸਮਾਂ ਮੰਗਿਆ ਹੈ ਅਤੇ ਕਿਹਾ ਹੈ ਕਿ ਕੁੱਝ ਦਿਨਾਂ ਅੰਦਰ ਮਸਲੇ ਨੂੰ ਸੁਲਝਾ ਲਿਆ ਜਾਵੇਗਾ।

ਸੁਣਵਾਈ ਦੌਰਾਨ ਕੋਰਟ ਨੇ ਪੁੱਛਿਆ ਕਿ ਸੜਕ ਕਦੋਂ ਤਕ ਖ਼ਾਲੀ ਹੋਵੇਗੀ ਤਾਂ ਵਕੀਲ ਨਵਕਿਰਨ ਸਿੰਘ ਨੇ ਕਿਹਾ ਕਿ ਜਲਦ ਹੀ ਇਸ ਮਸਲੇ ਨੂੰ ਸੁਲਝਾ ਲਿਆ ਜਾਵੇਗਾ। ਪਿਛਲੀ ਸੁਣਵਾਈ ਦੌਰਾਨ ਕੋਰਟ ਨੇ ਇਹੀ ਸਵਾਲ ਸਰਕਾਰ ਨੂੰ ਵੀ ਕੀਤਾ ਸੀ ਕਿ ਮੋਰਚਾ ਇੰਨੇ ਲੰਬੇ ਸਮੇਂ ਤੋਂ ਚਲ ਰਿਹਾ ਹੈ ਅਤੇ ਇਸ ਦਾ ਹੱਲ ਕਦੋਂ ਤਕ ਹੋਵੇਗਾ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 31 ਨੂੰ ਤੈਅ ਕੀਤੀ ਗਈ ਹੈ।

ਇਹ ਵੀ ਪੜ੍ਹੋ: ਓਮਾਨ ਵਿਚ ਫਸੀਆਂ ਔਰਤਾਂ ’ਚੋਂ 5 ਪੰਜਾਬਣਾਂ ਦੀ ਹੋਈ ਵਤਨ ਵਾਪਸੀ

ਜ਼ਿਕਰਯੋਗ ਹੈ ਕਿ ਇਸ ਮਾਮਲੇ ਦੀ ਪਿਛਲੀ ਸੁਣਵਾਈ ਦੌਰਾਨ ਹਾਈਕੋਰਟ ਨੇ ਡੀ.ਜੀ.ਪੀ. ਨੂੰ ਪੇਸ਼ ਹੋਣ ਦਾ ਹੁਕਮ ਦਿਤਾ ਸੀ। ਅੱਜ ਡੀ.ਜੀ.ਪੀ. ਗੌਰਵ ਯਾਦਵ ਕੋਰਟ ਵਿਚ ਪੇਸ਼ ਹੋਏ ਪਰ ਉਨ੍ਹਾਂ ਤੋਂ ਕੋਈ ਵੀ ਸਵਾਲ ਨਹੀਂ ਪੁਛਿਆ ਗਿਆ। ਕੋਰਟ ਦੇ ਕੁੱਝ ਪੁੱਛਣ ਤੋਂ ਪਹਿਲਾਂ ਹੀ ਮੋਰਚੇ ਦੇ ਵਕੀਲ ਵਲੋਂ ਹੋਰ ਸਮੇਂ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਅਸੀਂ ਮਾਮਲੇ ਦੇ ਹੱਲ ਲਈ ਰਸਤਾ ਭਾਲ ਰਹੇ ਹਾਂ। ਸਾਰੀਆਂ ਧਿਰਾਂ ਬੈਠ ਕੇ ਇਸ ਮਾਮਲੇ 'ਤੇ ਵਿਚਾਰ ਕਰਾਂਗੇ ਅਤੇ ਜਲਦ ਹੀ ਇਸ ਦਾ ਹੱਲ ਕੱਢ ਲਿਆ ਜਾਵੇਗਾ।

ਕੋਰਟ ਨੇ ਕਿਹਾ ਕਿ ਆਪਣੀਆਂ ਮੰਗਾਂ ਲਈ ਸ਼ਾਂਤਮਈ ਧਰਨਾ ਲਗਾਉਣਾ ਜਾਇਜ਼ ਹੈ ਪਰ ਕੀ ਇਸ ਤਰ੍ਹਾਂ ਰਸਤਾ ਬੰਦ ਕਰ ਕੇ ਮੰਗਾਂ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ? ਜਿਸ 'ਤੇ ਮੋਰਚੇ ਦੇ ਵਕੀਲ ਨੇ ਕਿਹਾ ਕਿ ਥੋੜਾ ਸਮਾਂ ਦਿਤਾ ਜਾਵੇ ਤਾਂ ਜੋ ਅਸੀਂ ਵਿਚਾਰ ਕਰ ਕੇ ਇਸ ਮਸਲੇ ਦਾ ਹੱਲ ਕੱਢ ਸਕੀਏ। ਜਿਸ 'ਤੇ ਕੋਰਟ ਉਨ੍ਹਾਂ ਦੀ ਮੰਗ ਸਵੀਕਾਰ ਕਰਦਿਆਂ ਸਮਾਂ ਦਿਤਾ ਹੈ। ਹੁਣ ਮਾਮਲੇ ਦੀ ਅਗਲੀ ਸੁਣਵਾਈ 31 ਮਈ ਨੂੰ ਹੋਵੇਗੀ।