ਕੈਪਟਨ ਵਲੋਂ ਖਾਲਿਸਤਾਨੀ ਲਹਿਰ ਨੂੰ ਲਗਾਤਾਰ ਸਮਰਥਨ ਦੇਣ ਲਈ ਕੈਨੇਡਾ ਦੀ ਆਲੋਚਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤ ਵਿਰੋਧੀ ਕਾਰਵਾਈਆਂ ’ਤੇ ਰੋਕ ਲਗਾਉਣ ਲਈ ਟੋਰੋਂਟੋ ਉਪਰ ਵਿਸ਼ਵਵਿਆਪੀ ਦਬਾਅ ਪਾਉਣ ਵਾਸਤੇ ਭਾਰਤ ਸਰਕਾਰ ਨੂੰ ਅਪੀਲ

Captain Amarinder Singh

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖਾਲਿਸਤਾਨੀ ਲਹਿਰ ਨੂੰ ਪ੍ਰਤੱਖ ਅਤੇ ਅਪ੍ਰਤੱਖ ਸਮਰਥਣ ਦੇਣ ਲਈ ਕੈਨੇਡਾ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਹੈ ਅਤੇ ਉਨ੍ਹਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇ ਕੈਨੇਡਾ ਅਪਣੀ ਧਰਤੀ ਤੋਂ ਚਲਾਈਆਂ ਜਾ ਰਹੀਆਂ ਭਾਰਤ ਵਿਰੋਧੀ ਸਰਗਰਮੀਆਂ ਨੂੰ ਰੋਕਣ ਵਿਚ ਅਸਫ਼ਲ ਰਿਹਾ ਤਾਂ ਇਹ ਲੰਮੇ ਸਮੇਂ 'ਚ ਉਸ ਦੀ ਆਪਣੀ ਸੁਰੱਖਿਆ ਅਤੇ ਹਿੱਤਾਂ ਲਈ ਵੀ ਨੁਕਸਾਨਦੇਹ ਹੋਵੇਗਾ। 

1985 ਦੇ ਕਨਿਸ਼ਕ ਬੰਬ ਧਮਾਕੇ ਸਬੰਧੀ ਜੋਹਨ ਮੇਜਰ ਕਮਿਸ਼ਨ ਦੀ ਪੜਤਾਲ 'ਤੇ ਟਿਪਣੀ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੈਨੇਡਾ ਅਪਣੀ ਧਰਤੀ ਤੋਂ ਖਾਲਿਸਤਾਨੀ ਸਰਗਰਮੀਆਂ ਵਿਰੁਧ ਕਾਰਵਾਈ ਕਰਨ ਵਿਚ ਅਸਫ਼ਲ ਰਿਹਾ ਹੈ ਅਤੇ ਇਸ ਨੇ ਸਾਜਿਸ਼ਕਾਰਾਂ ਨੂੰ 'ਸਮੂਹਿਕ ਹੱਤਿਆਵਾਂ' ਦੀ ਆਗਿਆ ਦਿਤੀ ਹੈ। ਇਸ ਸਬੰਧ ਵਿਚ ਕੈਨੇਡਾ ਸਰਕਾਰ ਪੂਰੀ ਤਰ੍ਹਾਂ ਨੰਗੀ ਹੋ ਗਈ ਹੈ। ਇਸ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਕੈਨੇਡਾ ਭਾਰਤ ਦੇ ਵਿਰੋਧ ਦੇ ਬਾਵਜੂਦ ਖਾਲਿਸਤਾਨੀਆਂ ਨੂੰ ਸਮਰਥਨ ਦਿੰਦਾ ਹੈ। 

ਕਮਿਸ਼ਨ ਨੇ ਅਪਣੀ ਰਿਪੋਰਟ ਵਿਚ ਖੋਜੀ, ਖ਼ੂਫ਼ੀਆ ਅਤੇ ਮੁਕੱਦਮਾ ਚਲਾਉਣ ਵਾਲੀਆਂ ਏਜੰਸੀਆਂ ਬਾਰੇ ਸਿਲਸਿਲੇਵਾਰ ਕਿਹਾ ਹੈ ਕਿ ਬੰਬ ਧਮਾਕੇ ਤੋਂ ਕਾਫ਼ੀ ਪਹਿਲਾਂ ਮੁੱਖ ਸਾਜ਼ਿਸਕਾਰਾਂ ਨੂੰ ਨਿਗਰਾਨੀ ਹੇਠ ਰੱਖਿਆ ਜਾਵੇ, ਉਨ੍ਹਾਂ ਦੀ ਗੱਲਬਾਤ ਰਿਕਾਰਡ ਕਰਨ ਦੇ ਬਾਵਜੂਦ ਉਨ੍ਹਾਂ ਵਲੋਂ ਵਿਸਫੋਟ ਪ੍ਰਾਪਤ ਕਰਨ ਅਤੇ ਵਿਸਫੋਟ ਦਾ ਤਜ਼ਰਬਾ ਕਰਨ ਅਤੇ ਉਨ੍ਹਾਂ ਵਲੋਂ ਵਿਸ਼ੇਸ਼ ਉਡਾਨ ਵਿਚ ਬੰਬ ਰੱਖਣ ਦੀ ਮਨਸ਼ਾ ਸਬੰਧੀ ਵਾਰ-ਵਾਰ ਚਿਤਾਵਨੀਆਂ ਦੇ ਬਾਵਜੂਦ ਕੈਨੇਡਾ ਦੀਆਂ ਏਜੰਸੀਆਂ ਹਰ ਪੜਾਅ 'ਤੇ ਕਾਰਵਾਈ ਕਰਨ ਵਿਚ ਅਸਫ਼ਲ ਰਹੀਆਂ।

ਅਜਿਹੇ ਪੈਮਾਨੇ 'ਤੇ ਇਸ ਨੂੰ ਸਿਰਫ਼ ਇਕ ਗਲਤੀ ਨਹੀਂ ਸਮਝਿਆ ਜਾ ਸਕਦਾ, ਸਗੋਂ ਇਹ ਜੇ ਗਠਜੋੜ ਨਹੀਂ ਤਾਂ ਜਾਣਬੁੱਝ ਕੇ ਕੀਤੀ ਗਈ ਲਾਪਰਵਾਹੀ ਦਾ ਧੱਬਾ ਜ਼ਰੂਰ ਲੱਗਦਾ ਹੈ। ਮੁੱਖ ਮੰਤਰੀ ਨੇ ਕੈਨੇਡਾ ਦੀ ਸਰਕਾਰ ਨਾਲ ਖੁਦ ਇਹ ਮੁੱਦਾ ਉਠਾਏ ਜਾਣ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਪਿਛਲੇ ਸਾਲ ਭਾਰਤ ਦੌਰੇ ਦੌਰਾਨ ਉਨ੍ਹਾਂ ਨੂੰ ਲੋੜੀਂਦੇ ਅਤਿਵਾਦੀਆਂ ਦੀ ਸੂਚੀ ਦਿਤੀ ਗਈ ਸੀ ਪਰ ਉਨ੍ਹਾਂ ਦੀ ਸਰਕਾਰ ਦਾ ਹੁੰਗਾਰਾ ਢਿੱਲਾ ਰਿਹਾ ਜਿਸ ਨਾਲ ਉਨ੍ਹਾਂ ਦੀ ਮਨਸ਼ਾ ਪੂਰੀ ਤਰ੍ਹਾਂ ਨੰਗੀ ਹੋ ਗਈ ਹੈ।

ਮੁੱਖ ਮੰਤਰੀ ਨੇ ਕੈਨੇਡੀਅਨ ਸਿਕਓਰਿਟੀ  ਇੰਟੈਲੀਜੈਂਸ ਸਰਵਿਸ (ਸੀ.ਐਸ.ਆਈ.ਐਸ) ਵਲੋਂ ਜਾਰੀ ਕੀਤੀ 2018 ਦੀ ਪਬਲਿਕ ਰਿਪੋਰਟ ਦਾ ਜ਼ਿਕਰ ਕੀਤਾ ਅਤੇ ਉਨ੍ਹਾਂ ਨੇ ਇਸ ਦੇ ਤੱਥਾਂ 'ਤੇ ਚਿੰਤਾ ਪ੍ਰਗਟ ਕੀਤੀ ਕਿ ਕੈਨੇਡਾ ਵਿਚ ਭਾਰਤ ਵਿਰੋਧੀ ਸਰਗਰਮੀਆਂ ਵਧੀਆਂ ਹਨ। ਇਸ ਰਿਪੋਰਟ ਵਿਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਇਹ ਸਰਗਰਮੀਆਂ ਸਿਰਫ ਨਿਸ਼ਾਨੇ ਉਪਰਲੇ ਦੇਸ਼ ਭਾਰਤ ਲਈ ਹੀ ਚੁਣੌਤੀ ਨਹੀਂ ਹਨ ਸਗੋਂ ਕੈਨੇਡਾ ਦੀ ਸੁਰੱਖਿਆ ਲਈ ਵੀ ਚੁਣੌਤੀ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਿੰਸਾ ਜਾਂ ਅਤਿਵਾਦ ਨੂੰ ਕਿਸੇ ਵੀ ਤਰ੍ਹਾਂ ਦਾ ਸਮਰਥਨ ਅਸਲ ਵਿਚ ਸਮੁੱਚੇ ਵਿਸ਼ਵ ਭਾਈਚਾਰੇ ਲਈ ਤਬਾਹਕੁੰਨ ਹੋਵੇਗਾ ਅਤੇ ਇਹ ਅਤਿਵਾਦ ਦਾ ਸਮਰਥਨ ਕਰਨ ਵਾਲਿਆਂ ਲਈ ਵੀ ਓਨਾ ਹੀ ਮਾਰੂ ਹੋਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਰਿਪੋਰਟਾਂ ਨੂੰ ਗੰਭੀਰਤਾ ਨਾਲ ਲੈਣ ਅਤੇ ਕੈਨੇਡਾ 'ਤੇ ਵਿਸ਼ਵ ਵਿਆਪੀ ਦਬਾਅ ਬਣਾਉਣ ਕਿ ਉਹ ਅਪਣੀ ਧਰਤੀ ਨੂੰ ਭਾਰਤ ਵਿਰੁਧ ਅਤਿਵਾਦੀਆਂ ਸਰਗਰਮੀਆਂ ਲਈ ਵਰਤੋਂ ਨਾ ਕਰਨ ਦੇਵੇ।

ਉਨ੍ਹਾਂ ਨੇ ਇਸ ਸਬੰਧ ਵਿਚ ਖਾਲਿਸਤਾਨੀ ਅਤਿਵਾਦੀਆਂ ਵਲੋਂ ਨਿਸ਼ਾਨਾ ਬਣਾਏ ਜਾ ਰਹੇ ਸਿੱਖ ਭਾਈਚਾਰੇ ਦਾ ਖਾਸ ਜ਼ਿਕਰ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਕੈਨੇਡਾ ਪ੍ਰਤੀ ਬਹੁਤ ਜ਼ਿਆਦਾ ਨਰਮ ਹੈ ਅਤੇ ਇਸ ਵਲੋਂ ਉਸ ਵਿਰੁਧ ਸਖ਼ਤ ਕਦਮ ਚੁੱਕੇ ਜਾਣ ਦੀ ਜ਼ਰੂਰਤ ਹੈ। ਪੈਦਾ ਹੋ ਰਹੀਆਂ ਚੁਣੌਤੀਆਂ ਦੇ ਖਾਤਮੇ ਲਈ ਲੋੜ ਪੈਣ 'ਤੇ ਕੈਨੇਡਾ ਵਿਰੁਧ ਯੂ.ਐਨ. ਦੀਆਂ ਪਾਬੰਦੀਆਂ ਦੀ ਵੀ ਮੰਗ ਕੀਤੀ ਜਾਣੀ ਚਾਹੀਦੀ ਹੈ। 

ਭਾਰਤ ਵਿਰੁਧ ਸਿਖ ਭਾਈਚਾਰੇ ਦੇ ਕੁਝ ਵਰਗਾਂ ਅਤੇ ਨੌਜਵਾਨਾਂ ਨੂੰ ਪ੍ਰਭਾਵਿਤ ਕਰਨ ਲਈ ਸ਼ੋਸਲ ਮੀਡੀਆ ਰਾਹੀਂ ਫੈਲਾਈ ਜਾ ਰਹੀ ਗਲਤ ਜਾਣਕਾਰੀ 'ਤੇ ਵੀ ਉਨ੍ਹਾਂ ਨੇ ਚਿੰਤਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਦੀ ਦੁਰਵਰਤੋਂ ਨੂੰ ਰੋਕਣ ਅਤੇ ਇਸ 'ਤੇ ਨਿਯੰਤਰਣ ਲਈ ਭਾਰਤ ਸਰਕਾਰ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।