ਹੁਸ਼ਿਆਰਪੁਰ ’ਚ 40 ਰਿਹਾਇਸ਼ੀ ਪਲਾਟ ਅਲਾਟ ਕਰਨ ਦੀ ਸਕੀਮ 25 ਜੂਨ ਤੋਂ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਹ ਸਕੀਮ 25 ਜੂਨ, 2019 ਨੂੰ ਸ਼ੁਰੂ ਹੋ ਕੇ 22 ਜੁਲਾਈ, 2019 ਨੂੰ ਸਮਾਪਤ ਹੋਵੇਗੀ

JDA launches scheme for allotment of 40 residential plots at Hoshiarpur

ਚੰਡੀਗੜ੍ਹ: ਜਲੰਧਰ ਵਿਕਾਸ ਅਥਾਰਿਟੀ (ਜੇਡੀਏ) ਨੇ ਹੁਸ਼ਿਆਰਪੁਰ ਵਿਚ 40 ਰਿਹਾਇਸ਼ੀ ਪਲਾਟ ਅਲਾਟ ਕਰਨ ਲਈ ਅਰਜ਼ੀਆਂ ਮੰਗੀਆਂ ਹਨ। ਇਸ ਯੋਜਨਾ ਤਹਿਤ ਪ੍ਰਸਤਾਵਿਤ ਪ੍ਰਤੀ ਪਲਾਟ ਦੀ ਕੀਮਤ 14 ਹਜ਼ਾਰ ਰੁਪਏ ਪ੍ਰਤੀ ਗਜ਼ ਨਿਰਧਾਰਤ ਕੀਤੀ ਗਈ ਹੈ। ਇਹ ਸਕੀਮ 25 ਜੂਨ, 2019 ਨੂੰ ਸ਼ੁਰੂ ਹੋ ਕੇ 22 ਜੁਲਾਈ, 2019 ਨੂੰ ਸਮਾਪਤ ਹੋਵੇਗੀ। ਇਸ ਬਾਰੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਦੇ ਨਾਗਰਿਕਾਂ ਨੂੰ ਵਾਜਬ ਕੀਮਤ 'ਤੇ ਮਕਾਨ ਮੁਹੱਈਆ ਕਰਵਾਉਣ ਦੇ ਉਦੇਸ਼ ਤਹਿਤ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਵਲੋਂ ਇਹ ਸਕੀਮ ਲਿਆਂਦੀ ਗਈ ਹੈ। ਇਸ ਸਕੀਮ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਜਲੰਧਰ ਵਿਕਾਸ ਅਥਾਰਿਟੀ ਦੇ ਮੁੱਖ ਪ੍ਰਸ਼ਾਸਕ ਸ੍ਰੀ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਬਿਨੈਕਾਰ ਨੂੰ ਅਰਜ਼ੀ ਦੇਣ ਵੇਲੇ ਪਲਾਟ ਦੀ ਕੀਮਤ ਦੀ 10 ਫ਼ੀਸਦ ਰਾਸ਼ੀ ਜਮ੍ਹਾਂ ਕਰਾਉਣੀ ਪਵੇਗੀ।

ਪਲਾਟ ਅਲਾਟ ਹੋਣ ਤੋਂ ਬਾਅਦ 30 ਦਿਨਾਂ ਦੇ ਅੰਦਰ 15 ਫ਼ੀਸਦੀ ਦੀ ਅਗਲੀ ਕਿਸ਼ਤ ਜਮ੍ਹਾਂ ਕਰਾਉਣੀ ਪਵੇਗੀ ਜਦੋਂਕਿ ਬਾਕੀ ਬਚਦੀ 75 ਫ਼ੀਸਦ ਰਾਸ਼ੀ ਅਲਾਟੀ ਦੋ ਤਰ੍ਹਾਂ ਨਾਲ ਜਮ੍ਹਾਂ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜਾਂ ਤਾਂ ਛੇ ਛਿਮਾਹੀ ਬਰਾਬਰ ਦੀਆਂ ਕਿਸ਼ਤਾਂ 12 ਫ਼ੀਸਦੀ ਸੰਯੁਕਤ ਵਿਆਜ ਸਹਿਤ ਜਾਂ ਫਿਰ ਪਲਾਟ ਅਲਾਟ ਹੋਣ ਦੇ 60 ਦਿਨਾਂ ਦੇ ਅੰਦਰ ਅੰਦਰ ਯਕਮੁਸ਼ਤ ਰਾਸ਼ੀ ਅਦਾ ਕਰਕੇ 5 ਫ਼ੀਸਦ ਵਿਆਜ ਦੀ ਛੋਟ ਲਈ ਜਾ ਸਕਦੀ ਹੈ।

ਉਨ੍ਹਾਂ ਦੱਸਿਆ ਕਿ ਪਲਾਟਾਂ ਦਾ ਡਰਾਅ 7 ਅਗਸਤ, 2019 ਨੂੰ ਕੱਢਿਆ ਜਾਵੇਗਾ। ਅਲਾਟੀਆਂ ਨੂੰ ਪਲਾਟਾਂ ਦਾ ਕਬਜ਼ਾ 25 ਫ਼ੀਸਦੀ ਰਾਸ਼ੀ ਜਮ੍ਹਾਂ ਕਰਾਉਣ ਤੋਂ ਬਾਅਦ ਦਿਤਾ ਜਾਵੇਗਾ। ਮੁੱਖ ਪ੍ਰਸ਼ਾਸਕ ਅਨੁਸਾਰ ਵੱਖ ਵੱਖ ਬੈਂਕਾਂ ਵਲੋਂ ਅਰਜ਼ੀ ਫਾਰਮਾਂ ਦੀ ਵਿਕਰੀ ਅਤੇ ਜਮ੍ਹਾਂ ਕਰਾਉਣ ਵਿਚ ਸਹਿਯੋਗ ਕੀਤਾ ਜਾਵੇਗਾ।