ਤੰਦਰੁਸਤ ਪੰਜਾਬ ਮਿਸ਼ਨ: ਸਰਕਾਰੀਆ ਨੇ ਜਲ ਸਰੋਤ ਵਿਭਾਗ ਦੇ ਮੁੱਖ ਦਫਤਰ ਵਿਖੇ ਪੌਦੇ ਲਗਾਏ
ਜ਼ਮੀਨੀ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਨਵਾਂ ਪ੍ਰੋਜੈਕਟ ਵਿਚਾਰ ਅਧੀਨ
ਚੰਡੀਗੜ•, 24 ਅਗਸਤ:ਤੰਦਰੁਸਤ ਪੰਜਾਬ ਮਿਸ਼ਨ ਤਹਿਤ ਮਾਲ ਅਤੇ ਜਲ ਸਰੋਤ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਅੱਜ ਜਲ ਸਰੋਤ ਵਿਭਾਗ ਦੇ ਸੈਕਟਰ 18 ਸਥਿਤ ਮੁੱਖ ਦਫਤਰ ਵਿਚ ਪੌਦੇ ਲਗਾਏ। ਇਸ ਸਬੰਧੀ ਇਕ ਬੁਲਾਰੇ ਨੇ ਦੱਸਿਆ ਕਿ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਜਲ ਸਰੋਤ ਵਿਭਾਗ ਵੱਲੋਂ ਹੁਣ ਤੱਕ ਤਕਰੀਬਨ 15000 ਪੌਦੇ ਵੱਖ-ਵੱਖ ਥਾਂਵਾਂ 'ਤੇ ਲਗਾਏ ਜਾ ਚੁੱਕੇ ਹਨ।
ਜਲ ਸਰੋਤ ਵਿਭਾਗ ਦੇ ਡਰੇਨੇਜ਼ ਵਿੰਗ ਵੱਲੋਂ ਦਰਿਆਵਾਂ ਨਾਲ ਲੱਗਦੀ ਜ਼ਮੀਨ 'ਤੇ ਪੌਦੇ ਲਗਾਉਣ ਦਾ ਇਕ ਨਵਾਂ ਪ੍ਰੋਜੈਕਟ ਵੀ ਤਿਆਰ ਕੀਤਾ ਗਿਆ ਹੈ ਜਿਸ ਰਾਹੀਂ ਜ਼ਿਆਦਾ ਤੋਂ ਜ਼ਿਆਦਾ ਰੁੱਖ ਲਗਾ ਕੇ ਜ਼ਮੀਨੀ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਿਆ ਜਾਵੇਗਾ। ਬੁਲਾਰੇ ਅਨੁਸਾਰ ਇਸ ਪ੍ਰੋਜੈਕਟ ਨੂੰ ਮੰਜ਼ੂਰੀ ਮਿਲ ਜਾਣ ਤੋਂ ਬਾਅਦ ਹੋਰ ਜ਼ਿਆਦਾ ਪੌਦੇ ਵਿਭਾਗ ਵੱਲੋਂ ਲਗਾਏ ਜਾਣਗੇ।
ਉਹਨਾਂ ਦੱਸਿਆ ਕਿ ਤੰਦਰੁਸਤ ਪੰਜਾਬ ਮਿਸ਼ਨ ਵਿਭਾਗ ਵੱਲੋਂ ਕਾਮਯਾਬੀ ਨਾਲ ਚਲਾਇਆ ਜਾ ਰਿਹਾ ਹੈ ਅਤੇ ਨਹਿਰੀ ਕਲੌਨੀਆਂ, ਰੈਸਟ ਹਾਊਸਾਂ ਸਮੇਤ ਹੋਰ ਥਾਂਵਾਂ 'ਤੇ ਨਵੇਂ ਪੌਦੇ ਲਗਾਏ ਜਾ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਇੰਜੀਨੀਅਰ ਨਹਿਰਾਂ ਜਗਮੋਹਨ ਸਿੰਘ ਮਾਨ, ਮੁੱਖ ਇੰਜੀਨੀਅਰ ਡਰੇਨੇਜ਼ ਵਿਨੋਦ ਚੌਧਰੀ, ਨਿਗਰਾਨ ਇੰਜੀਨੀਅਰ ਅਸ਼ੀਸ਼ ਕੁਮਾਰ ਮਿੱਢਾ, ਬਰਿੰਦਰਪਾਲ ਸਿੰਘ, ਹਰਲਾਭ ਸਿੰਘ ਚਾਹਲ, ਕਾਰਜਕਾਰੀ ਇੰਜੀਨੀਅਰ ਜਸਇੰਦਰ ਸਿੰਘ ਭੰਡਾਰੀ, ਵਿਭਾਗ ਦੇ ਕਲੈਰੀਕਲ ਐਸ਼ੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ, ਜਨਰਲ ਸਕੱਤਰ ਨਵਰਾਜ ਸਿੰਘ ਅਤੇ ਹੋਰ ਅਧਿਕਾਰੀ/ਕਰਮਚਾਰੀ ਮੌਜੂਦ ਸਨ।