ਪੁਰਾਣੀਆਂ ਰਸਮਾਂ ਤਿਆਗ ਕੇ ਪਿਤਾ ਦੀ ਰਾਖ 'ਤੇ ਘਰ 'ਚ ਪੌਦੇ ਲਾਉਣ ਦੀ ਪਿਰਤ
'ਉੱਚਾ ਦਰ ਬਾਬੇ ਨਾਨਕ ਦਾ' ਦੇ ਸਰਪ੍ਰਸਤ ਮੈਂਬਰ ਭਗਵਾਨ ਸਿੰਘ ਦਬੜੀਖ਼ਾਨਾ ਦੇ ਪਿਤਾ ਮੁਖਤਿਆਰ ਸਿੰਘ ਦੇ ਅੰਤਮ ਸਸਕਾਰ...............
ਕੋਟਕਪੂਰਾ : 'ਉੱਚਾ ਦਰ ਬਾਬੇ ਨਾਨਕ ਦਾ' ਦੇ ਸਰਪ੍ਰਸਤ ਮੈਂਬਰ ਭਗਵਾਨ ਸਿੰਘ ਦਬੜੀਖ਼ਾਨਾ ਦੇ ਪਿਤਾ ਮੁਖਤਿਆਰ ਸਿੰਘ ਦੇ ਅੰਤਮ ਸਸਕਾਰ ਤੋਂ ਬਾਅਦ ਘਰ ਦੇ ਵਿਹੜੇ 'ਚ ਟੋਇਆ ਪੁੱਟ ਕੇ ਫੁੱਲ ਚੁਗਣ ਦੀ ਥਾਂ ਰਾਖ ਅਰਥਾਤ ਅੰਗੀਠਾ ਦੱਬ ਦੇਣ ਉਪਰੰਤ ਉਸ ਉਪਰ ਅੰਬ ਅਤੇ ਜਾਮਣ ਦੇ ਪੌਦੇ ਲਾ ਕੇ ਪਿੰਡ 'ਚ ਨਵੀਂ ਅਤੇ ਨਰੋਈ ਸ਼ੁਰੂਆਤ ਕੀਤੀ। ਭਗਵਾਨ ਸਿੰਘ ਦੇ ਵੱਡੇ ਭਰਾਵਾਂ ਆਤਮਾ ਸਿੰਘ ਅਤੇ ਹਰਜਿੰਦਰ ਸਿੰਘ ਸਮੇਤ ਸਮੁੱਚਾ ਪਰਵਾਰ ਤੇ ਪਿੰਡ ਦੇ ਹੋਰ ਪਤਵੰਤੇ ਵੀ ਇਸ ਸਮੇਂ ਹਾਜ਼ਰ ਸਨ। ਕਰੀਬ ਸਵਾ ਕੁ ਸਾਲ ਪਹਿਲਾਂ ਵੀ ਇਸੇ ਪਿੰਡ ਦੇ ਜੰਮਪਲ ਕੈਨੇਡਾ ਤੋਂ ਆਏ ਮਨੋਹਰਦੀਪ ਸਿੰਘ ਢਿੱਲੋਂ ਨੇ ਵੀ ਅਪਣੀ ਮਾਤਾ ਦੀ ਰਾਖ 'ਤੇ ਅੰਬ ਦੇ ਬੂਟੇ ਲਾਏ ਸਨ।
ਪਿੰਡ ਵਾਸੀਆਂ ਅਨੁਸਾਰ ਇਸ ਤਰ੍ਹਾਂ ਪੌਦੇ ਲਾਉਣ ਨਾਲ ਜਿਥੇ ਵਾਤਾਵਰਣ ਸਵੱਛ ਹੁੰਦਾ ਹੈ, ਉੱਥੇ ਮ੍ਰਿਤਕ ਵਿਅਕਤੀ ਵੀ ਸਦਾ ਲਈ ਅਮਰ ਹੋ ਜਾਂਦਾ ਹੈ। ਭਗਵਾਨ ਸਿੰਘ ਨੇ ਦਸਿਆ ਕਿ ਉਨ੍ਹਾਂ ਦੇ ਪਿਤਾ ਮੁਖਤਿਆਰ ਸਿੰਘ ਖ਼ੁਦ ਵੀ ਧਾਰਮਕ ਖਿਆਲਾਂ ਦੇ ਧਾਰਨੀ ਅਤੇ ਵਾਤਾਵਰਣ ਪ੍ਰੇਮੀ ਸਨ। ਉਸ ਦੇ ਪਰਵਾਰ ਨੇ ਵਿਚਾਰਾਂ 'ਤੇ ਪਹਿਰਾ ਦੇ ਕੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ। ਭਗਵਾਨ ਸਿੰਘ ਨੇ ਮੰਨਿਆ ਕਿ ਰੋਜ਼ਾਨਾ ਸਪੋਕਸਮੈਨ ਨੇ ਉਨ੍ਹਾਂ ਨੂੰ ਅੰਧਵਿਸ਼ਵਾਸ਼, ਵਹਿਮ-ਭਰਮ ਅਤੇ ਕਰਮਕਾਂਡਾਂ ਵਿਰੁਧ ਜਾਗਰੂਕ ਕੀਤਾ ਹੈ।