ਵਾਤਾਵਰਣ ਸੰਭਾਲ ਵਿਚ ਮੋਹਰੀ ਬਣਿਆ ਪਿੰਡ ਲੱਖੇਵਾਲੀ
ਜੇਕਰ ਆਪਣੇ ਸਮਾਜ ਅਤੇ ਚੌਗਿਰਦੇ ਲਈ ਕੁਝ ਚੰਗਾ ਕਰਨ ਦੀ ਚਾਹਤ ਹੋਵੇ ਤਾਂ ਅਜਿਹੀ ਇੱਛਾ ਨੂੰ ਸਾਕਾਰ ਰੂਪ ਵਿਚ ਤਬਦੀਲ ਕਰਨ ਲਈ ਕਾਫਲਾ ਬਣਦਿਆਂ ਦੇਰ ਨਹੀਂ ਲੱਗਦੀ...........
ਸ੍ਰੀ ਮੁਕਤਸਰ ਸਾਹਿਬ : ਜੇਕਰ ਆਪਣੇ ਸਮਾਜ ਅਤੇ ਚੌਗਿਰਦੇ ਲਈ ਕੁਝ ਚੰਗਾ ਕਰਨ ਦੀ ਚਾਹਤ ਹੋਵੇ ਤਾਂ ਅਜਿਹੀ ਇੱਛਾ ਨੂੰ ਸਾਕਾਰ ਰੂਪ ਵਿਚ ਤਬਦੀਲ ਕਰਨ ਲਈ ਕਾਫਲਾ ਬਣਦਿਆਂ ਦੇਰ ਨਹੀਂ ਲੱਗਦੀ, ਇਹੀ ਸਿੱਧ ਕੀਤਾ ਹੈ ਪਿੰਡ ਲੱਖੇਵਾਲੀ ਦੇ ਲੋਕਾਂ ਨੇ। ਕੁਝ ਮਹੀਨੇ ਪਹਿਲਾਂ ਇਸ ਪਿੰਡ ਨੇ ਲੱਖੇਵਾਲੀ ਮਾਡਲ ਨਾਂਅ ਦੇ ਪ੍ਰੋਜੈਕਟ ਦੀ ਸੁਰੂਆਤ ਕੀਤੀ ਸੀ ਅਤੇ ਹੁਣ ਇਹ ਪ੍ਰੋਜੈਕਟ ਪਿੰਡ ਵਾਸੀਆਂ ਦੀ ਪਹਿਚਾਣ ਬਣਨ ਲੱਗਿਆ ਹੈ। ਆਸਰਾ ਯੂਥ ਵੈਲਫੇਅਰ ਐਂਡ ਸਪੋਰਟਸ ਕਲੱਬ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਸ ਮੁਹਿੰਮ ਵਿੱਚ ਮੋਹਰੀ ਰੋਲ ਅਦਾ ਕਰ ਰਿਹਾ ਹੈ।
ਡਾ: ਬਲਵਿੰਦਰ ਸਿੰਘ ਲੱਖੇਵਾਲੀ ਦੀ ਪ੍ਰੇਰਣਾ ਨਾਲ ਸ਼ੁਰੂ ਹੋਏ ਇਸ ਪ੍ਰਜੈਕਟ ਤਹਿਤ ਪਿੰਡ ਨੂੰ ਹਰਾ ਭਰਾ ਕਰਨ ਤੋਂ ਇਲਾਵਾ ਪਿੰਡ ਦੇ ਸਰਵਪੱਖੀ ਵਿਕਾਸ ਦੀ ਰੂਪ ਰੇਖਾ ਉਲੀਕੀ ਗਈ ਸੀ। ਪ੍ਰੋਜੈਕਟ ਤਹਿਤ ਪਿੰਡ ਵਿਚ ਠੋਸ ਕਚਰਾ ਪ੍ਰਬੰਧਨ ਅਤੇ ਪਿੰਡ ਵਿਚ ਰੁੱਖ ਲਗਾਉਣ ਦੀ ਯੋਜਨਾਬੰਦੀ ਵਿਗਿਆਨਕ ਅਧਾਰ ਤੇ ਕੀਤੀ ਗਈ ਸੀ। ਪਿੰਡ ਨੂੰ ਜਾਂਦੀਆਂ ਸੜਕਾਂ 'ਤੇ ਲਾਏ ਪੌਦੇ: ਆਸਰਾ ਯੂਥ ਵੈਲਫੇਅਰ ਐਂਡ ਸਪੋਰਟਸ ਕਲੱਬ ਦੇ ਸਰਪ੍ਰਸਤ ਸ: ਦਿਲਬਾਗ ਸਿੰਘ ਅਤੇ ਪ੍ਰਧਾਨ ਸ: ਵੀਰਦਵਿੰਦਰ ਸਿੰਘ ਨੇ ਦੱਸਿਆ ਕਿ ਲੱਖੇਵਾਲੀ ਮਾਡਲ ਤਹਿਤ ਪਿਛਲੇ ਇੱਕ ਸਾਲ ਤੋ ਪਿੰਡ ਨੂੰ ਸਾਫ ਸੁਥਰਾ ਅਤੇ ਹਰਾ ਭਰਾ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਮੁਹਿੰਮ ਤਹਿਤ ਪਿੰਡ ਦੀਆ ਮੁੱਖ ਸੜਕਾਂ ਉਪਰ ਟਕੋਮਾ, ਹਾਰ ਸ਼ਿੰਗਾਰ, ਕਾਮਣੀ, ਪੀਲੀ ਕਨੇਰ, ਚੰਪਾ, ਚਿੱਟੀ ਕਲੀ ਆਦਿ ਫੁੱਲਾਂ ਵਾਲੇ ਬੂਟੇ ਲਗਾਏ ਗਏ ਹਨ। ਇਹਨਾਂ ਬੂਟਿਆਂ ਦੀ ਸਾਭ ਸੰਭਾਲ ਕਲੱਬ ਦੇ ਮੈਂਬਰ ਖੁਦ ਕਰਦੇ ਹਨ। ਜਿੰਨਾਂ ਵਿਚੋਂ ਸਿਮਰਜੀਤ ਸਿੰਘ ਕਲੱਬ ਦੇ ਸਕੱਤਰ ਤੇ ਗਗਨਦੀਪ ਸਿੰਘ, ਨਾਨਕ ਸਿੰਘ, ਗੁਰਸੇਵਕ ਸਿੰਘ, ਪ੍ਰਿਤਪਾਲ ਸਿੰਘ, ਵੀਰ ਸਿੰਘ ਆਦਿ ਹਮੇਸ਼ਾ ਹਾਜਰ ਰਹਿੰਦੇ ਹਨ। ਇੰਨ੍ਹਾਂ ਬੂਟਿਆਂ ਨੂੰ ਖਾਦ ਪਾਣੀ ਸਪਰੇ ਅਤੇ ਗੋਡੀ ਚੋਕੀ, ਪਾਣੀ ਪਾਉਣ ਲਈ ਗੁਰੂਦੁਆਰਾ ਸਾਹਿਬ ਦਾ ਟਂੈਕਰ ਵਰਤਿਆ ਜਾਂਦਾ ਹੈ ਅਤੇ ਟਰੈਕਟਰ ਦੀ ਸੇਵਾ ਕਲੱਬ ਦੇ ਸਰਪ੍ਰਸਤ ਦਿਲਬਾਗ ਸਿੰਘ ਨਿਭਾਉਂਦੇ ਹਨ ।
ਇਕ ਪਾਸੇ ਜਿੱਥੇ ਪਿੰਡ ਨੂੰ ਆਉਣ ਵਾਲੀਆਂ ਸੜਕਾਂ ਤੇ ਰੁੱਖ ਲਗਾਏ ਗਏ ਹਨ, ਉਥੇ ਹੀ ਖੇਤਾਂ ਵਿਚ ਕਿਸਾਨਾਂ ਦੀਆਂ ਮੋਟਰਾਂ ਤੇ ਵੀ ਫਲਦਾਰ ਰੁੱਖ ਲਗਾਏ ਗਏ ਹਨ। ਖੇਤਾਂ ਦੀਆਂ ਮੋਟਰਾਂ ਵਾਸਤੇ ਫਲਦਾਰ ਅਤੇ ਦਵਾਈਆਂ ਵਾਲੇ ਪੌਦੇ ਜਿਵਂੇ ਕਿ ਨਿੰਬੂ, ਅਮਰੂਦ, ਬੇਰੀ, ਕੜੀਪੱਤਾ ਅਤੇ ਸੁਹੰਜਣਾ ਆਦਿ ਦੇ ਬੂਟੇ ਵੰਡੇ ਗਏ ਹਨ ਜਿੰਨ੍ਹਾਂ ਦੀ ਕਿਸਾਨ ਸੰਭਾਲ ਕਰ ਰਹੇ ਹਨ। ਪਿੰਡ ਦੇ ਕਲੱਬ ਵਲੋਂ ਜਿੱਥੇ ਟੁੱਟੀਆਂ ਪੁਲੀਆਂ ਦਾ ਵੀ ਨਿਰਮਾਣ ਕਰਵਾਇਆ ਗਿਆ। ਇਸ ਤੋਂ ਬਿਨ੍ਹਾਂ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਦੀਆਂ ਵੱਢੀਆਂ ਗਲੀਆਂ ਵਿੱਚ ਵੀ ਫੁੱਲਾਂ ਵਾਲੇ ਬੂਟੇ ਲਗਾਏ ਗਏ ਹਨ।
ਬਟਿਆਂ ਨੂੰ ਅਵਾਰਾ ਜਾਨਵਰਾਂ ਤੋਂ ਬਚਾਉਣ ਲਈ ਗ੍ਰਾਮ ਪੰਚਾਇਤ ਵੱਲੋਂ ਟਰੀ ਗਾਰਡ ਵੀ ਲਗਵਾਏ ਗਏ ਹਨ। ਵਾਤਾਵਰਨ ਪ੍ਰੇਮੀ ਕਿਸਾਨ ਦੀ ਨਵੀਂ ਪਹਿਲ: ਪਿੰਡ ਦੇ ਕਿਸਾਨ ਪ੍ਰਿਤਪਾਲ ਸਿੰਘ ਨੇ ਇਕ ਨਵੀਂ ਪਹਿਲ ਕੀਤੀ ਹੈ। ਉਸ ਨੇ ਆਪਣੇ ਖੇਤ ਕੋਲੋਂ ਲੰਘਦੀ ਸੜਕ ਦੀ ਨਾ ਸਿਰਫ ਸਫਾਈ ਕਰਵਾਈ ਹੈ ਸਗੋਂ ਸੜਕ ਦੀ ਪੂਰੀ ਜਗ੍ਹਾਂ ਛੱਡ ਕੇ ਨਵੇਂ ਪੌਦੇ ਲਗਾਏ ਹਨ ਅਤੇ ਕਿਹਾ ਹੈ ਕਿ ਉਹ ਇੰਨ੍ਹਾਂ ਦੀ ਖੁਦ ਸੰਭਾਲ ਵੀ ਕਰੇਗਾ।
ਐਸ.ਡੀ.ਐਮ. ਰਾਜਪਾਲ ਸਿੰਘ ਨੇ ਇਸ ਥਾਂ ਤੇ ਪੌਦੇ ਲਗਾ ਕਿ ਇਸ ਕਾਰਜ ਦਾ ਅੱਜ ਆਰੰਭ ਕੀਤਾ ਅਤੇ ਕਿਹਾ ਕਿ ਇਹ ਕਿਸਾਨ ਹੋਰਨਾਂ ਲਈ ਪ੍ਰੇਰਣਾਂ ਸ਼੍ਰੋਤ ਬਣੇਗਾ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਦੀ ਅਗਵਾਈ ਵਿਚ ਵਿਸੇਸ਼ ਤੌਰ ਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਇਸ ਤਰਾਂ ਦੀਆਂ ਗਤੀਵਿਧੀਆਂ ਨੂੰ ਉਤਸਾਹਿਤ ਕੀਤਾ ਜਾ ਰਿਹਾ ਹੈ।