ਖੇਤੀ ਕਾਨੂੰਨ: ਢੀਂਡਸਾ ਦਾ ਬਾਦਲ ਪਰਿਵਾਰ ‘ਤੇ ਹਮਲਾ, ਚੱਕਾ ਜਾਮ ਦੇ ਐਲਾਨ ਨੂੰ ਦਸਿਆ ‘ਸਿਆਸੀ ਡਰਾਮਾ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨ ਜਥੇਬੰਦੀਆਂ ਦੇ ਸਮਾਨਅੰਤਰ ਚੱਕਾ ਜਾਮ ਦੇ ਸੱਦੇ ਨੂੰ ਦਸਿਆ ਸਾਜ਼ਸ਼ ਦਾ ਹਿੱਸਾ

Sukhdev Dhindsa

ਸੰਗਰੂਰ : ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਹਰਿਆਣਾ ਦੇ ਕਿਸਾਨ ਸੜਕਾਂ ‘ਤੇ ਹਨ। ਇਸੇ ਦੌਰਾਨ ਜਿੱਥੇ ਸਿਆਸੀ ਧਿਰਾਂ ਕਿਸਾਨੀ ਘੋਲ ‘ਚ ਯੋਗਦਾਨ ਪਾਉਣ ਲਈ ਤਤਪਰ ਵਿਖਾਈ ਦੇ ਰਹੀਆਂ ਹਨ ਉਥੇ ਹੀ ਆਪਣੇ ਸਿਆਸੀ ਵਿਰੋਧੀਆਂ ਵੱਲ ਨਿਸ਼ਾਨੇ ਵੀ ਸਾਧ ਰਹੀਆਂ ਹਨ। ਖਾਸ ਕਰ ਕੇ ਸਭ ਤੋਂ ਬਾਅਦ ‘ਚ ਕਿਸਾਨੀ ਘੋਲ ‘ਚ ਨਿਤਰੇ ਬਾਦਲ ਪਰਿਵਾਰ ਨੂੰ ਇਨ੍ਹਾਂ ਨਿਸ਼ਾਨਿਆਂ ਦਾ ਜਿ਼ਆਦਾ ਸ਼ਿਕਾਰ ਹੋਣਾ ਪੈ ਰਿਹਾ ਹੈ।

ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਅਤੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਵਿਧਾਇਕ ਨੇ ਬਾਦਲਾਂ ਦੇ 25 ਸਤੰਬਰ ਦੇ ਚੱਕਾ ਜਾਮ ਦੇ ਸਮਾ-ਸੀਮਾ ‘ਤੇ ਸਵਾਲ ਖੜ੍ਹੇ ਕੀਤੇ ਹਨ। ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਆਗੂਆਂ ਨੇ ਸੂਬੇ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਪੰਜਾਬ ਬੰਦ ਦੇ ਸੱਦੇ ਦੇ ਸਮਾਨ-ਅੰਤਰ ਬਾਦਲ ਪਰਿਵਾਰ ਵਲੋਂ ਚੱਕਾ ਜਾਮ ਕਰਨ ਦੇ ਰਚੇ ਜਾ ਰਹੇ ਡਰਾਮੇ ਨੂੰ ਆਰਡੀਨੈੱਸਾਂ ਦੇ ਹੱਕ ਵਿੱਚ ਧੂੰਆਂਧਾਰ ਪ੍ਰਚਾਰ ਦੀ ਸਾਜਿਸ਼ ਕਰਾਰ ਦਿਤਾ ਹੈ ।

ਬਿਆਨ ਜਾਰੀ ਕਰਦਿਆਂ ਢੀਂਡਸਾ ਨੇ ਕਿਹਾ ਕਿ ਬਾਦਲ ਦਲ ਦਾ ਇਹ ਫੈਸਲਾ ਕਿਸਾਨਾਂ ਦੇ ਦਿਨੋਂ-ਦਿਨ ਲਾਮਬੰਦ ਹੋ ਕੇ ਹੋਰ ਪ੍ਰਚੰਡ ਹੋ ਰਹੇ ਸੰਘਰਸ਼ ਨੂੰ ਢਾਹ ਲਾਉਣਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸਾਨਾਂ ਨੇ ਪੰਜਾਬ ਬੰਦ ਦਾ ਸੱਦਾ ਪਹਿਲਾਂ ਦਿਤਾ ਹੋਇਆ ਹੈ ਤੇ ਪੰਜਾਬ ਦੇ ਹਰ ਵਰਗ ਤੇ ਹਰ ਜਥੇਬੰਦੀ ਦੀ ਹਮਾਇਤ ਵੀ ਹੈ, ਫਿਰ ਅਜਿਹੇ ਮੌਕੇ ਚੱਕਾ ਜਾਮ ਦੀ ਕੋਈ ਤੁਕ ਹੀ ਨਹੀਂ ਰਹਿ ਜਾਂਦੀ ਕਿਉਂਕਿ ਪੰਜਾਬ ਬੰਦ ਦੌਰਾਨ ਕੋਈ ਸਰਕਾਰੀ ਵਹੀਕਲ ਚੱਲਣਾ ਹੀ ਨਹੀਂ। ਫਿਰ ਤਾਂ ਕਿਸਾਨਾਂ ਨੂੰ ਰੋਕਣ ਦੀ ਹੀ ਸਾਜਿਸ਼ ਹੈ ਕਿ ਇਕੱਠਾਂ 'ਚ ਨਾ ਜਾਣ ।

ਉਨ੍ਹਾਂ ਕਿਹਾ ਕਿ ਇਹ ਤਾਂ ਕੇਂਦਰ ਸਰਕਾਰ ਦੇ ਏਜੰਟ ਦੀ ਭੂਮਿਕਾ ਨਿਭਾਉਣ ਤੋਂ ਸਿਵਾਏ ਕੁਝ ਨਹੀਂ ਹੈ । ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਸੱਦਾ ਦਿਤਾ ਕਿ ਕਿਸਾਨ ਅੰਦੋਲਨ ਨੂੰ ਤਾਰਪੀਡੋ ਕਰਨ ਲਈ ਰਚੀਆਂ ਜਾ ਰਹੀਆਂ ਸਾਜਿਸ਼ਾਂ ਤੋਂ ਸੁਚੇਤ ਰਹਿ ਕੇ ਕਿਸਾਨਾਂ ਦੇ ਪੰਜਾਬ ਬੰਦ ਨੂੰ ਭਰਪੂਰ ਹੁੰਗਾਰਾ ਦੇਣ ਲਈ ਅੱਗੇ ਆਉਣ। ਢੀਂਡਸਿਆਂ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਹਮੇਸ਼ਾਂ ਹੀ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ।  ਆਪਣੇ ਅਤੇ ਆਪਣੇ ਪਰਿਵਾਰ ਦੇ ਹਿੱਤਾਂ ਦੀ ਪੂਰਤੀ ਲਈ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਦੀ ਕੁਰਬਾਨੀ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਬਾਦਲ ਪਰਿਵਾਰ ਦੀਆਂ ਚਾਲਾਂ ਨੂੰ ਸਮਝ ਚੁੱਕੇ ਹਨ ਅਤੇ ਹੁਣ ਪੰਜਾਬ ਦੇ ਸੂਝਵਾਨ ਕਿਸਾਨ ਬਾਦਲ ਦੀਆਂ ਕਿਸੇ ਵੀ ਦਲੀਲ਼ਾ 'ਤੇ ਵਿਸ਼ਵਾਸ ਨਹੀਂ ਕਰਨਗੇ।  ਉਨ੍ਹਾਂ ਸਮੂਹ ਪੰਜਾਬੀਆਂ ਨੂੰ ਕਿਸਾਨ ਜਥੇਬੰਦੀਆਂ ਦੇ ਸਾਂਝੇ ਸੰਘਰਸ਼ ਨੂੰ  ਸਫਲ ਬਣਾਉਣ ਦੀ ਲੋੜ 'ਤੇ ਜ਼ੋਰ ਦਿਤਾ ਤਾਂ ਇਸ ਕਿਸਾਨ ਮਾਰੂ ਕਾਨੂੰਨਾਂ ਨੂੰ ਵਾਪਸ ਕਰਵਾਇਆ ਜਾ ਸਕੇ।