ਖੇਤੀ ਕਾਨੁੂੰਨ: 25 ਨੂੰ ਪੰਜਾਬ ਬੰਦ ਕਰਨ ਉਪਰੰਤ ਅਗਲੇ ਸੰਘਰਸ਼ ਦਾ ਐਲਾਨ, ਪਹਿਲੀ ਤੋਂ ਰੁਕਣਗੀਆਂ ਰੇਲਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਜਪਾ ਦੇ ਸਾਰੇ ਹੀ ਲੀਡਰਾਂ ਅਤੇ ਚੁਣੇ ਹੋਏ ਨੁਮਾਇੰਦਿਆਂ ਦਾ ਪੰਜਾਬ ਵਿਚ ਬਾਈਕਾਟ ਕਰਨ ਦਾ ਐਲਾਨ

Kisan Unions

ਚੰਡੀਗੜ੍ਹ : ਇਥੇ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਵਿਖੇ ਬੀ.ਕੇ.ਯੂ. ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ  ਦੀ ਪ੍ਰਧਾਨਗੀ ਹੇਠ ਸਾਂਝੀ ਮੀਟਿੰਗ ਕੀਤੀ ਗਈ। ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਹਰਜੀਤ ਸਿੰਘ ਰਵੀ ਨੇ ਦਸਿਆ ਕਿਸਾਨਾਂ ਵਿਰੋਧੀ ਤਿੰਨ ਆਰਡੀਨੈੱਸਾਂ, ਬਿਜਲੀ ਬਿੱਲ 2020, ਤੇਲ ਦੀਆਂ ਕੀਮਤਾਂ ਘੱਟ ਕਰਨ ਅਤੇ ਬੁੱਧੀਜੀਵੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਲੰਬਾ ਸੰਘਰਸ਼ ਚਲ ਰਿਹਾ ਹੈ।

ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ 1 ਅਕਤੂਬਰ ਤੋਂ ਪੰਜਾਬ 'ਚ ਅਣਮਿੱਥੇ ਸਮੇਂ ਲਈ ਰੇਲਾਂ ਰੋਕੀਆਂ ਜਾਣਗੀਆਂ ਅਤੇ ਪਿੰਡਾਂ ਵਿੱਚ ਗ੍ਰਾਮ ਸਭਾਵਾਂ ਸੱਦ ਕੇ ਆਰਡੀਨੈਂਸਾਂ ਦੇ ਰੱਦ ਕਰਨ ਦੇ ਮਤੇ ਪਵਾਏ ਜਾਣਗੇ ਅਤੇ ਭਾਰਤ ਸਰਕਾਰ ਅਤੇ ਰਾਸ਼ਟਰਪਤੀ ਨੂੰ ਭੇਜੇ ਜਾਣਗੇ, ਭਾਜਪਾ ਦੇ ਐਮ.ਐਲ.ਏ, ਐਮ.ਪੀ., ਸੂਬਾ ਪ੍ਰਧਾਨ ਅਤੇ ਜ਼ਿਲ੍ਹਾ ਪ੍ਰਧਾਨਾਂ ਵਿਰੁਧ ਧਰਨੇ ਮੁਜ਼ਾਹਰੇ ਕੀਤੇ ਜਾਣਗੇ ਉਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ ਕਾਲੇ ਝੰਡੇ ਵਿਖਾਏ ਜਾਣਗੇ। ਕੇਂਦਰ ਸਰਕਾਰ ਵਲੋਂ ਬਣਾਏ ਕਾਨੂੰਨ ਰੱਦ ਕਰਵਾਉਣ ਲਈ ਅਤੇ ਪੰਜਾਬ ਸਰਕਾਰ ਵਲੋਂ ਅਸੈਂਬਲੀ ਇਜਲਾਸ ਵਿਚ ਆਰਡੀਨੈਂਸਾਂ ਨੂੰ ਰੱਦ ਕਰਾਉਣ ਦੇ ਮਤੇ ਪਾਉਣ ਤਕ ਅੰਦੋਲਨ ਲਗਾਤਾਰ ਜਾਰੀ ਰਹੇਗਾ।

25 ਸਤੰਬਰ ਦੇ ਪੰਜਾਬ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਸਮੂਹ ਪੰਜਾਬ ਵਾਸੀਆਂ ਨੂੰ ਬੰਦ ਕਰਨ ਵਿਚ ਪੂਰਨ ਤੌਰ 'ਤੇ ਸਹਿਯੋਗ ਦੇਣ ਦੀ ਪਰ ਜ਼ੋਰ  ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਹੈ। ਕਿਸਾਨ ਜਥੇਬੰਦੀਆਂ ਦਾ 25 ਤਰੀਕ ਨੂੰ ਬੰਦ ਸਵੇਰ ਤੋਂ ਲੈ ਕੇ ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤਕ ਹੈ ਪਰ ਅਕਾਲੀ ਦਲ ਨੇ ਕਿਸਾਨਾਂ ਦੇ ਅੰਦੋਲਨ ਦੇ ਬਰਾਬਰ ਸੱਦਾ ਦੇ ਕੇ ਤਿੰਨ ਘੰਟੇ ਦੇ ਜਾਮ ਦਾ ਸੱਦਾ ਦੇ ਕੇ ਘਚੋਲਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਜਾਂਦੀ ਹੈ।


ਅੱਜ ਦੀ ਮੀਟਿੰਗ ਵਿਚ ਪੰਜਾਬ ਦੀਆਂ 31 ਜਥੇਬੰਦੀਆਂ ਸ਼ਾਮਲ ਹੋਈਆਂ ਅਤੇ ਐਲਾਨ ਕੀਤਾ ਕਿ 25 ਸਤੰਬਰ ਨੂੰ ਪੰਜਾਬ ਮੁਕੰਮਲ ਬੰਦ ਕੀਤਾ ਜਾਵੇਗਾ। ਪੰਜਾਬ ਦੇ ਸਮੂਹ ਵਸਨੀਕਾਂ ਨੂੰ ਇਸ ਬੰਦ ਲਈ ਪੁਰਜ਼ੋਰ ਸਹਿਯੋਗ ਦੀ ਅਪੀਲ ਕੀਤੀ। ਮੀਟਿੰਗ ਵਿਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ 24, 25 ਅਤੇ 26 ਸਤੰਬਰ ਨੂੰ ਰੇਲ ਮਾਰਗ ਜਾਮ ਕਰਨ ਦੀ ਹਮਾਇਤ ਕੀਤੀ ਗਈ।