ਬਲਬੀਰ ਸਿੰਘ ਸੀਨੀਅਰ ਫਿਰ ਹਸਪਤਾਲ ਦਾਖ਼ਲ, ਮੁੱਖ ਮੰਤਰੀ ਨੇ ਕੇਂਦਰ ਨੂੰ ਲਿਖਿਆ-'ਭਾਰਤ ਰਤਨ' ਦਿਉ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡਾਕਟਰਾਂ ਅਨੁਸਾਰ ਉਨ੍ਹਾਂ ਦਾ ਬੁਖ਼ਾਰ ਘੱਟ ਗਿਆ ਹੈ ਅਤੇ ਫੇਫ਼ੜਿਆਂ ਵਿਚ ਹਲਕੀ ਘੁਟਣ ਕਰ ਕੇ ਖੰਘ ਨਾਲ ਕਮਜ਼ੋਰੀ ਹੈ।

Balbir Singh Sr.

ਚੰਡੀਗੜ੍ਹ (ਜੀ.ਸੀ.ਭਾਰਦਵਾਜ): ਹਾਕੀ ਖੇਡ ਦੇ ਸਿਰਤਾਜ ਅਤੇ ਲਗਾਤਾਰ 3 ਉਲੰਪਿਕ ਵਿਚ 1948, 52 ਤੇ 1956 ਵਿਚ ਮੁਲਕ ਦੀ ਟੀਮ ਨੂੰ ਸੋਨ ਤਮਗ਼ਾ ਦਿਵਾਉਣ ਵਾਲੇ ਸ. ਬਲਬੀਰ ਸਿੰਘ ਪਿਛਲੇ ਦੋ ਦਿਨ ਤੋਂ ਫ਼ੋਰਟਿਸ ਹਸਪਤਾਲ ਦੇ ਆਈ.ਸੀ.ਯੂ. ਵਿਚ ਮਾਹਰ ਡਾਕਟਰਾਂ ਦੀ ਦੇਖ ਰੇਖ ਵਿਚ ਹਨ। ਡਾਕਟਰਾਂ ਅਨੁਸਾਰ ਉਨ੍ਹਾਂ ਦਾ ਬੁਖ਼ਾਰ ਘੱਟ ਗਿਆ ਹੈ ਅਤੇ ਫੇਫ਼ੜਿਆਂ ਵਿਚ ਹਲਕੀ ਘੁਟਣ ਕਰ ਕੇ ਖੰਘ ਨਾਲ ਕਮਜ਼ੋਰੀ ਹੈ।

ਕੇਂਦਰ ਸਰਕਾਰ ਵਲੋਂ 1956 ਵਿਚ ਪਦਮ ਸ੍ਰੀ ਨਾਲ ਸਨਮਾਨਤ ਹਾਕੀ ਦੇ ਜਾਦੂਗਰ ਅਤੇ ਉਲੰਪਿਕ ਵਿਚ ਸੱਭ ਤੋਂ ਵੱਧ ਗੋਲ ਕਰਨ ਵਾਲੇ ਸੀਨੀਅਰ ਬਲਬੀਰ ਸਿੰਘ 'ਭਾਰਤ ਰਤਨ' ਦੇਣ ਦੀ ਸਿਫ਼ਾਰਸ਼ ਇਕ ਵਾਰ ਫਿਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਿੱਠੀ ਲਿਖ ਕੇ ਕੀਤੀ ਹੈ। 5 ਸਾਲ ਪਹਿਲਾਂ ਵੀ 2014 ਵਿਚ ਉਸ ਵੇਲੇ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿਫ਼ਾਰਸ਼ ਕੀਤੀ ਸੀ

ਕਿ ਖੇਡਾਂ ਵਿਚ ਵਿਸ਼ੇਸ਼ ਕਰ ਕੇ ਹਾਕੀ ਵਿਚ ਬਲਬੀਰ ਸਿੰਘ ਦੇ ਪਾਏ ਯੋਗਦਾਨ ਯਾਨੀ ਖਿਡਾਰੀ, ਕੋਚ, ਮੈਨੇਜਰ, ਕਿਤਾਬਾਂ ਦੇ ਲਿਖਾਰੀ ਅਤੇ ਹਾਕੀ ਦੀ ਤਕਨੀਕ ਦੇ ਮਾਹਰ ਦੇ ਤੌਰ 'ਤੇ ਇਸ ਚਾਣਕਿਆਂ ਨੂੰ 'ਭਾਰਤ ਰਤਨ' ਦਾ ਖ਼ਿਤਾਬ ਦਿਤਾ ਜਾਵੇ। ਸ. ਬਲਬੀਰ ਸਿੰਘ, ਵਿਸ਼ਵ ਹਾਕੀ ਕੱਪ ਦੀ 1975 ਵਿਚ ਕੁਆਲਾਲੰਪਰ ਦੀ ਜੇਤੂ ਭਾਰਤੀ ਟੀਮ ਦੇ ਮੁੱਖ ਕੋਚ, ਪ੍ਰਬੰਧਕ ਤੇ ਸਲਾਹਕਾਰ ਸਨ।

ਚੰਡੀਗੜ੍ਹ ਦੇ ਸੈਕਟਰ-36 ਕੋਠੀ ਨੰਬਰ 1067 ਵਿਚ ਰਹਿੰਦੀ ਸ. ਬਲਬੀਰ ਸਿੰਘ ਧੀ, 71 ਸਾਲਾ ਸੁਸ਼ਬੀਰ ਕੌਰ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਪਿਛਲੇ ਸਾਲ 2 ਅਕਤੂਬਰ ਤੋਂ ਢਿੱਲੇ ਚਲੇ ਆਉਣ ਕਰ ਕੇ ਸ. ਬਲਬੀਰ 4 ਮਹੀਨੇ ਪੀ.ਜੀ.ਆਈ ਵਿਚ ਜ਼ੇਰੇ ਇਲਾਜ ਰਹੇ, ਮਗਰੋਂ ਘਰ ਆ ਗਏ, 8 ਮਹੀਨੇ ਠਾਕ ਠਾਕ ਚਲਦੇ ਫਿਰਦੇ ਰਹੇ, ਗੱਲਾਂਬਾਤਾਂ ਕਰਦੇ, 2 ਦਿਨ ਪਹਿਲਾਂ ਫਿਰ ਥੋੜ੍ਹੀ ਤਕਲੀਫ਼ ਹੋਣ ਕਰ ਕੇ ਡਾਕਟਰਾਂ ਦੀ ਦੇਖ ਰੇਖ ਵਿਚ ਹਨ।

ਖ਼ੁਦ ਹਾਕੀ ਦੀ ਖਿਡਾਰਨ ਰਹੀ ਸੁਸ਼ਬੀਰ ਨੇ ਸਾਰੇ ਘਰ ਵਿਚ ਸੈਂਕੜੇ ਹੀ ਐਵਾਰਡ, ਤਮਗ਼ੇ, ਸੋਨੇ ਚਾਂਦੀ ਦੇ ਮੈਡਲ, ਅੰਤਰਰਾਸ਼ਟਰੀ ਮੈਡਲ ਤੇ ਸਰਟੀਫ਼ੀਕੇਟਾਂ ਵੱਲ ਇਸ਼ਾਰਾ ਕਰਦੇ ਹੋਏ ਦਸਿਆ ਕਿ ਪਾਪਾ ਬਲਬੀਰ ਹਮੇਸ਼ਾ ਤਿਰੰਗੇ ਝੰਡੇ ਵੱਲ ਦੇਖਦੇ ਹਨ, ਸਲੂਟ ਕਰਦੇ ਹਨ ਅਤੇ 'ਭਾਰਤ ਰਤਨ' ਸਨਮਾਨ ਲੈਣ ਦੀ ਉਡੀਕ ਵਿਚ ਛੇਤੀ ਹੀ ਜੋਸ਼ ਤੇ ਹੋਸ਼ ਵਿਚ ਆ ਜਾਣਗੇ।ਅਪਣੇ ਪਿਤਾ ਬਾਰੇ ਲਿਖੀਆਂ 3 ਕਿਤਾਬਾਂ ਉਪਰੰਤ ਸੁਸ਼ਬੀਰ ਨੇ ਵੀ ਹਾਲ ਹੀ ਪੂਰੀ ਕੀਤੀ ਕਿਤਾਬ ਵਿਚ ਕਈ ਗੁਪਤ ਤੱਥ ਉਜਾਗਰ ਕੀਤੇ ਹਨ

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ