ਜਾਣੋ ਕਿਉਂ ਭਾਰਤ ਰਤਨ ਦੇ ਹੱਕਦਾਰ ਹਨ ਸਾਬਕਾ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ
ਬਲਬੀਰ ਸਿੰਘ ਸੀਨੀਅਰ ਭਾਰਤੀ ਖੇਡ ਇਤਿਹਾਸ ਦੇ ਇਕੱਲੇ ਅਜਿਹੇ ਖਿਡਾਰੀ ਹਨ, ਜਿਨ੍ਹਾਂ ਨੇ ਇਕ ਓਲੰਪਿਕ ਮੈਚ ਵਿਚ 5 ਗੋਲ ਕੀਤੇ ਹਨ।
ਬਲਬੀਰ ਸਿੰਘ ਸੀਨੀਅਰ ਭਾਰਤ ਦੇ ਇਕ ਸਾਬਕਾ ਹਾਕੀ ਖਿਡਾਰੀ ਹਨ। ਬਲਬੀਰ ਸਿੰਘ ਸੀਨੀਅਰ ਭਾਰਤੀ ਖੇਡ ਇਤਿਹਾਸ ਦੇ ਇਕੱਲੇ ਅਜਿਹੇ ਖਿਡਾਰੀ ਹਨ, ਜਿਨ੍ਹਾਂ ਨੇ ਇਕ ਓਲੰਪਿਕ ਮੈਚ ਵਿਚ 5 ਗੋਲ ਕੀਤੇ ਹਨ। ਬਲਬੀਰ ਸਿੰਘ ਭਾਰਤ ਦੀ ਉਸ ਹਾਕੀ ਟੀਮ ਦੇ ਮੈਂਬਰ ਸਨ, ਜਿਸ ਨੇ ਤਿੰਨ ਓਲੰਪਿਕ ਗੋਲਡ ਮੈਡਲ ਜਿੱਤੇ। ਇਹ ਓਲੰਪਿਕ ਗੋਲਡ ਮੈਡਲ ਲੰਡਨ (1948), ਹੇਲਸਿੰਕੀ (1952), ਮੈਲਬੋਰਨ (1956) ਵਿਚ ਜਿੱਤੇ ਸਨ।
ਸਭ ਤੋਂ ਜ਼ਿਆਦਾ ਹਾਕੀ ਗੋਲ ਦਾ ਰਿਕਾਰਡ
ਬਲਬੀਰ ਸਿੰਘ ਸੀਨੀਅਰ ਇਕ ਅਜਿਹੇ ਹਾਕੀ ਖਿਡਾਰੀ ਹਨ, ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਹਾਕੀ ਗੋਲ ਦਾ ਰਿਕਾਰਡ ਅਪਣੇ ਨਾਂਅ ਕੀਤਾ ਹੈ। 1952 ਦੇ ਓਲੰਪਿਕ ਦੌਰਾਨ ਫਾਇਨਲ ਵਿਚ ਨੀਦਰਲੈਂਡ ਦੇ ਵਿਰੁੱਧ ਖੇਡਦੇ ਹੋਏ ਬਲਬੀਰ ਸਿੰਘ ਨੇ ਪੰਜ ਗੋਲ ਕਰ ਕੇ ਰਿਕਾਰਡ ਬਣਾਇਆ ਸੀ। ਉਹਨਾਂ ਨੂੰ ਬਲਬੀਰ ਸਿੰਘ ਸੀਨੀਅਰ ਇਕ ਹੋਰ ਹਾਕੀ ਖਿਡਾਰੀ ਬਲਬੀਰ ਸਿੰਘ ਤੋਂ ਅਲੱਗ ਪਛਾਣ ਲਈ ਕਿਹਾ ਜਾਂਦਾ ਹੈ।
ਪਰਿਵਾਰ
ਬਲਬੀਰ ਸਿੰਘ ਸੀਨੀਅਰ ਦਾ ਜਨਮ 10 ਅਕਤੂਬਰ 1924 ਨੂੰ ਪੰਜਾਬ ਦੇ ਸ਼ਹਿਰ ਹਰੀਪੁਰ ਖਾਲਸਾ, ਤਹਿਸੀਲ ਫਿਲੌਰ, ਜ਼ਿਲ੍ਹਾ ਜਲੰਧਰ ਵਿਖੇ ਹੋਇਆ ਸੀ। ਬਲਬੀਰ ਸਿੰਘ ਦੇ ਪਿਤਾ ਦਾ ਨਾਂਅ ਦਲੀਪ ਸਿੰਘ ਦੌਸਾਂਝ ਸੀ, ਜੋ ਕਿ ਇਕ ਸੁਤੰਤਰਤਾ ਸੈਨਾਨੀ ਸਨ। ਬਲਬੀਰ ਸਿੰਘ ਦਾ ਵਿਆਹ 1946 ਵਿਚ ਲਾਹੌਰ ਦੇ ਨੇੜੇ ਮਾਡਲ ਟਾਊਨ ਦੀ ਰਹਿਣ ਵਾਲੀ ਸੁਸ਼ੀਲ ਨਾਲ ਹੋਇਆ।
ਭਾਰਤੀ ਹਾਕੀ ਟੀਮ ਦੇ ਮੈਨੇਜਰ ਅਤੇ ਚੀਫ਼ ਕੋਚ
ਸਾਲ 1975 ਵਿਚ ਬਲਬੀਰ ਸਿੰਘ ਸੀਨੀਅਰ ਭਾਰਤੀ ਹਾਕੀ ਟੀਮ ਦੇ ਮੈਨੇਜਰ ਅਤੇ ਚੀਫ਼ ਕੋਚ ਸਨ। ਉਹਨਾਂ ਦੇ ਕੋਚ ਰਹਿੰਦੇ ਹੀ ਭਾਰਤੀ ਟੀਮ ਨੇ ਹਾਕੀ ਵਿਸ਼ਵ ਕੱਪ ਜਿੱਤਿਆ ਸੀ। ਸਾਲ 2012 ਵਿਚ ਲੰਡਨ ਓਲੰਪਿਕ ਦੌਰਾਨ ਰਾਇਲ ਓਪੋਰਾ ਹਾਊਸ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੀ।
ਹਾਕੀ ਦੀ ਸ਼ੁਰੂਆਤ
ਬਲਬੀਰ ਸਿੰਘ ਨੇ ਭਾਰਤ ਦੀ 1936 ਵਿਚ ਹੋਈ ਓਲੰਪਿਕ ਜਿੱਤ ‘ਤੇ ਇਕ ਫ਼ਿਲਮ ਦੇਖੀ। ਉਹਨਾਂ ਨੂੰ ਵਧੀਆ ਖਿਡਾਰੀ ਦੇ ਤੌਰ ‘ਤੇ ਹਰਬੈਲ ਸਿੰਘ ਨੇ ਪਛਾਣਿਆ। ਹਰਬੈਲ ਸਿੰਘ ਉਸ ਸਮੇਂ ਖ਼ਾਲਸਾ ਕਾਲਜ ਹਾਕੀ ਟੀਮ ਦੇ ਕੋਚ ਸਨ। ਬਲਬੀਰ ਸਿੰਘ ਅਪਣੇ ਪਰਿਵਾਰ ਦੀ ਇਜਾਜ਼ਤ ਨਾਲ ਸਿੱਖ ਨੈਸ਼ਨਵ ਕਾਲਜ ਲਾਹੌਰ ਤੋਂ ਅੰਮ੍ਰਿਤਰ ਖ਼ਾਲਸਾ ਕਾਲਜ ਵਿਚ ਦਾਖਲ ਹੋ ਗਏ, ਜਿੱਥੇ ਹਰਬੈਲ ਸਿੰਘ ਨੇ ਬਲਬੀਰ ਸਿੰਘ ਨੂੰ ਭਾਰਤੀ ਨੈਸ਼ਨਲ ਹਾਕੀ ਟੀਮ ਲਈ ਤਿਆਰ ਕੀਤਾ।
1942-43 ਵਿਚ ਬਲਬੀਰ ਸਿੰਘ ਨੂੰ ਪੰਜਾਬ ਯੂਨੀਵਰਸਿਟੀ ਲਈ ਚੁਣ ਲਿਆ ਗਿਆ। ਪੰਜਾਬ ਯੂਨੀਵਰਸਿਟੀ ਦੀ ਟੀਮ ਨੇ ਬਲਬੀਰ ਸਿੰਘ ਦੀ ਕਪਤਾਨੀ ਵਿਚ ਆਲ ਇੰਡੀਆ ਯੂਨੀਵਰਸਿਟੀ ਟਾਇਟਲ ਜਿੱਤ ਲਿਆ। ਤਿੰਨ ਸਾਲ ਤੱਕ ਯੂਨੀਵਰਸਿਟੀ ਇਹ ਖ਼ਿਤਾਬ ਜਿੱਤਦੀ ਰਹੀ, ਇਸ ਦੌਰਾਨ ਬਲਬੀਰ ਸਿੰਘ ਸੈਂਟਰ ਫਾਰਵਰਡ ਪੁਜ਼ੀਸ਼ਨ ‘ਤੇ ਖੇਡਦੇ ਰਹੇ।
ਓਲੰਪਿਕ ਵਿਚ ਪ੍ਰਦਰਸ਼ਨ
ਲੰਡਨ ਓਲੰਪਿਕ (1948) ਵਿਚ ਅਰਜਿੰਟੀਨਾ ਵਿਰੁੱਧ ਬਲਬੀਰ ਸਿੰਘ ਨੇ 6 ਗੋਲ ਕੀਤੇ। ਇਸ ਵਿਚ ਭਾਰਤ 9-1 ਨਾਲ ਜਿੱਤਿਆ ਸੀ। ਬ੍ਰਿਟੇਨ ਵਿਰੁੱਧ ਭਾਰਤ ਦੀ 4-0 ਨਾਲ ਜਿੱਤ ਹੋਈ ਸੀ। ਲੰਡਨ ਓਲੰਪਿਕ 2012 ਮੌਕੇ ਓਲੰਪਿਕ ਦੇ ਆਧੁਨਿਕ ਯੁੱਗ ਦੀ ਸ਼ੁਰੂਆਤ ਤੋਂ ਬਾਅਦ (1896) ਉਹ ਓਲੰਪਿਕ ਆਇਕਨ (Olympic Icons) ਵਜੋਂ ਚੁਣੇ ਗਏ 16 ਖਿਡਾਰੀਆਂ (8 ਮਰਦ,8 ਮਹਿਲਾ) ਵਿਚੋਂ ਇਕ ਸਨ। ਓਲਪਿਕ ਆਇਕਨ ਵਜੋਂ ਚੁਣੇ ਜਾਣ ਵਾਲੇ ਉਹ ਵਿਸ਼ਵ ਹਾਕੀ ਦੇ ਇਕਲੌਤੇ ਖਿਡਾਰੀ ਸਨ। ਏਸ਼ੀਆ ਦੇ ਇਕਲੌਤੇ ਵਿਅਕਤੀ ਅਤੇ ਇਕਲੌਤੇ ਭਾਰਤੀ ਸਨ।
ਹੇਲਸਿੰਕੀ ਓਲੰਪਿਕਸ (1952) ਵਿਚ ਬਲਬੀਰ ਸਿੰਘ ਟੀਮ ਇੰਡੀਆ ਦੇ ਵਾਇਸ ਕੈਪਟਨ ਸਨ। ਸੈਮੀਫਾਇਨਲ ਵਿਚ ਉਹਨਾਂ ਨੇ ਇੰਗਲੈਂਡ ਵਿਰੁੱਧ ਭਾਰਤ ਲਈ 3 ਗੋਲ ਕੀਤੇ ਸਨ। ਉਹਨਾਂ ਨੇ ਇਸ ਓਲੰਪਿਕਸ ਵਿਚ ਇਕ ਨਵਾਂ ਰਿਕਾਰਡ ਦਰਜ ਕੀਤਾ। ਉਹਨਾਂ ਨੇ ਫਾਇਨਲ ਵਿਚ ਭਾਰਤ ਦੇ ਕੁੱਲ 6 ਗੋਲ ਵਿਚੋਂ 5 ਗੋਲ ਕੀਤੇ ਸਨ।
ਮੈਲਬੋਰਨ ਓਲੰਪਿਕਸ (1956) ਵਿਚ ਉਹ ਭਾਰਤੀ ਟੀਮ ਦੇ ਕਪਤਾਨ ਸਨ। ਉਹਨਾਂ ਪਹਿਲਾ ਮੈਚ ਖੇਡਿਆ ਅਤੇ ਇਕ ਗੋਲ ਸਕੋਰ ਕੀਤਾ। ਦੂਸਰਾ ਮੈਚ ਅਫਗਾਨਿਸਤਾਨ ਵਿਰੁੱਧ ਸੀ ਜਿਥੇ ਉਹਨਾਂ ਨੇ 5 ਗੋਲ ਕੀਤੇ ਅਤੇ ਉਸੇ ਮੈਚ ਵਿਚ ਉਹ ਜ਼ਖ਼ਮੀ ਹੋ ਗਏ। ਜ਼ਖਮੀ ਹਾਲਤ ਵਿਚ ਹੀ ਉਹਨਾਂ ਨੇ ਪਾਕਿਸਤਾਨ ਖਿਲਾਫ਼ ਫਾਇਨਲ ਮੈਚ ਖੇਡਿਆ ਅਤੇ ਸ਼ਾਨਦਾਰ ਜਿੱਤ ਹਾਸਲ ਕੀਤੀ।
ਅਵਾਰਡ
ਬਲਬੀਰ ਸਿੰਘ ਪਹਿਲੇ ਅਜਿਹੇ ਖਿਡਾਰੀ ਸਨ, ਜਿਨ੍ਹਾਂ ਨੂੰ ਪਦਮ ਸ਼੍ਰੀ ਨਾਲ ਨਿਵਾਜਿਆ ਗਿਆ ਸੀ। ਭਾਰਤ ਸਰਕਾਰ ਨੇ ਉਹਨਾਂ ਨੂੰ ਇਹ ਅਵਾਰਡ 1957 ਵਿਚ ਦਿੱਤਾ ਗਿਆ ਸੀ। ਡੋਮਿਨਿਕਨ ਰਿਪਬਲਿਕ ਵੱਲੋਂ ਜਾਰੀ ਕੀਤੀ ਗਈ ਇਕ ਡਾਕ ਟਿਕਟ ‘ਤੇ ਬਲਬੀਰ ਸਿੰਘ ਸੀਨੀਅਰ ਅਤੇ ਗੁਰਦੇਵ ਸਿੰਘ ਦੀ ਫੋਟੋ ਲਗਾਈ ਗਈ ਸੀ। ਇਹ ਡਾਕ ਟਿਕਟ 1956 ਦੇ ਮੈਲਬੋਰਨ ਓਲੰਪਿਕ ਦੀ ਯਾਦ ਵਿਚ ਜਾਰੀ ਕੀਤੀ ਗਈ ਸੀ। 2006 ਵਿਚ ਉਹਨਾਂ ਨੂੰ ਸਭ ਤੋਂ ਵਧੀਆ ਸਿੱਖ ਹਾਕੀ ਖਿਡਾਰੀ ਐਲਾਨਿਆ ਗਿਆ। 2015 ਵਿਚ ਉਹਨਾਂ ਨੂੰ ਮੇਜਰ ਧਿਆਨ ਚੰਦ ਲਾਈਫਟਾਇਮ ਅਚੀਵਮੈਂਡ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਕੈਪਟਨ ਅਮਰਿੰਦਰ ਸਿੰਘ ਨੇ ਹਸਪਤਾਲ ਜਾ ਕੇ ਕੀਤਾ ਸੀ ਸਨਮਾਨਿਤ
ਕੁਝ ਸਮਾਂ ਪਹਿਲਾਂ ਪੰਜਾਬ ਵਿਚ ਅਯੋਜਿਤ ਕੀਤੇ ਗਏ ਮਹਾਰਾਜਾ ਰਣਜੀਤ ਸਿੰਘ ਅਵਾਰਡ ਸਮਾਰੋਹ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਬਲਬੀਰ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਸਨਮਾਨਿਤ ਕੀਤਾ। ਇਸ ਦੌਰਾਨ ਬਲਬੀਰ ਸਿੰਘ ਪੀਜੀਆਈ ਵਿਚ ਦਾਖ਼ਲ ਸਨ। ਮੁੱਖ ਮੰਤਰੀ ਅਮਰਿੰਦਰ ਸਿੰਘ ਬਲਬੀਰ ਸਿੰਘ ਨੂੰ ਰਣਜੀਤ ਸਿੰਘ ਅਵਾਰਡ ਦੇਣ ਹਸਪਤਾਲ ਵਿਚ ਪਹੁੰਚੇ ਸਨ। ਇਸ ਮੌਕੇ ਉਹਨਾਂ ਨੇ ਬਲਬੀਰ ਸਿੰਘ ਦੇ ਇਲਾਜ ਲਈ ਪੰਜ ਲੱਖ ਰੁਪਏ ਦੀ ਰਾਸ਼ੀ ਵੀ ਜਾਰੀ ਕੀਤੀ ਸੀ।
ਬਲਬੀਰ ਸਿੰਘ ਲਈ ਭਾਰਤ ਰਤਨ ਦੀ ਮੰਗ
ਕੁਝ ਹਫ਼ਤੇ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਦਿੱਗਜ਼ ਖਿਡਾਰੀ ਬਲਬੀਰ ਸਿੰਘ ਸੀਨੀਅਰ ਨੂੰ ਭਾਰਤ ਰਤਨ ਨਾਲ ਸਨਮਾਨਿਤ ਕਰਨ ਦੀ ਮੰਗ ਕੀਤੀ ਹੈ। ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਇਸ ਮਾਮਲੇ ‘ਤੇ ਚਿੱਠੀ ਲਿਖੀ ਹੈ। ਇਸ ਦੀ ਜਾਣਕਾਰੀ ਉਹਨਾਂ ਨੇ ਟਵੀਟ ਕਰ ਕੇ ਦਿੱਤੀ ਸੀ। ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਕਈ ਲੋਕਾਂ ਵੱਲੋਂ ਉਹਨਾਂ ਲਈ ਭਾਰਤ ਰਤਨ ਦੀ ਮੰਗ ਕੀਤੀ ਜਾ ਰਹੀ ਹੈ।