ਨਵਜੋਤ ਸਿੰਘ ਸਿੱਧੂ ਦਾ ਸਿਆਸੀ ਕੱਦ ਹੋਇਆ ਹੋਰ ਉਚਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਬਕਾ ਕੌਮਾਂਤਰੀ ਕ੍ਰਿਕਟਰ, ਟੈਲੀਵਿਜ਼ਨ ਹਸਤੀ ਤੇ ਪ੍ਰੇਰਕ ਵਕਤਾ ਤੋਂ ਸਿਆਸਤਦਾਨ ਬਣੇ ਪੰਜਾਬ ਦੇ ਸੀਨੀਅਰ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ...

Navjot Singh Sidhu

ਅੰਮ੍ਰਿਤਸਰ (ਭਾਸ਼ਾ) : ਸਾਬਕਾ ਕੌਮਾਂਤਰੀ ਕ੍ਰਿਕਟਰ, ਟੈਲੀਵਿਜ਼ਨ ਹਸਤੀ ਤੇ ਪ੍ਰੇਰਕ ਵਕਤਾ ਤੋਂ ਸਿਆਸਤਦਾਨ ਬਣੇ ਪੰਜਾਬ ਦੇ ਸੀਨੀਅਰ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਸਿਆਸੀ ਕੱਦ ਕਾਫ਼ੀ ਉੱਚਾ ਹੁੰਦਾ ਜਾ ਰਿਹਾ ਹੈ। ਤਾਜ਼ਾ ਪਾਕਿਸਤਾਨ ਦੌਰੇ ਮੌਕੇ ਉਥੋਂ ਦੇ ਫ਼ੌਜ ਮੁਖੀ ਨੂੰ ਜੱਫੀ ਪਾਉਣ ਅਤੇ ਅੰਮ੍ਰਿਤਸਰ ਰੇਲ ਹਾਦਸੇ ਮਗਰੋਂ ਸਿਆਸੀ ਵਿਰੋਧੀਆਂ ਨੇ ਸਿੱਧੂ ਲਈ ਮੁਸ਼ਕਲਾਂ ਖੜੀਆਂ ਕਰਨ 'ਚ ਕੋਈ ਕਸਰ ਨਹੀਂ ਛੱਡੀ

ਪਰ ਹੁਣ ਤਿੰਨ ਸੂਬਿਆਂ ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਦੀਆਂ ਵਿਧਾਨ ਸਭਾ ਚੋਣਾਂ ਵਿਚ ਸਿੱਧੂ ਦੀ ਬਤੌਰ ਸਟਾਰ ਚੋਣ ਪ੍ਰਚਾਰਕ ਚੋਣ ਅਤੇ ਕਰਤਾਰਪੁਰ ਲਾਂਘਾ ਖੁਲ੍ਹਣ ਦੇ ਐਲਾਨ ਨਾਲ ਸਿੱਧੂ ਭਰੋਸੇਯੋਗ ਅਤੇ ਮਜ਼ਬੂਤ ਸਿਆਸੀ ਹਸਤੀ ਵਜੋਂ ਉਭਰਨ ਲੱਗ ਪਿਆ ਹੈ। ਵੱਡੀ ਗੱਲ ਇਹ ਹੈ ਕਿ ਚੋਣ ਪ੍ਰਚਾਰ ਦੌਰਾਨ ਸਿੱਧੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਅਰੁਣ ਜੇਤਲੀ ਜਿਹੇ ਘਾਗ ਭਾਜਪਾਈਆਂ ਨੂੰ ਸਿੱਧੇ ਹੱਥੀਂ ਲੈ ਰਿਹਾ ਹੈ ਜਿਸ ਨਾਲ ਕਾਂਗਰਸ ਦਾ ਚੋਣ ਪ੍ਰਚਾਰ ਪੂਰੀ ਤਰ੍ਹਾਂ ਤੇਜ਼ ਹੋ ਗਿਆ ਹੈ। 

ਕੌਮੀ ਸਿਆਸਤ 'ਚ ਸਿੱਧੂ ਪਹਿਲੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਤਕ ਦੇ ਸਿਆਸੀ ਵਿਰੋਧੀਆਂ ਨੂੰ ਇੰਜ 'ਠੋਕਦੇ' ਵੇਖੇ ਗਏ ਹਨ। ਇਸ ਦੇ ਨਾਲ ਹੀ ਵੀਰਵਾਰ ਨੂੰ ਕਰਤਾਰਪੁਰ ਸਾਹਿਬ ਲਾਂਘੇ ਉਤੇ ਦੋਹਾਂ ਮੁਲਕਾਂ ਦੀ ਮੋਹਰ ਲੱਗ ਜਾਣ ਨਾਲ ਸਿੱਧੂ ਦੀ ਪਾਕਿਸਤਾਨੀ ਫ਼ੌਜ ਮੁਖੀ ਕੰਵਰ ਜਾਵੇਦ ਬਾਜਵਾ ਨੂੰ ਪਾਈ ਜੱਫੀ ਦੀ ਨਿੰਦਾ ਕਰਨ ਵਾਲਿਆਂ ਦੇ ਮੂੰਹ ਬੰਦ ਹੋ ਗਏ ਹਨ। ਆਮ ਪ੍ਰਭਾਵ ਗਿਆ ਹੈ ਕਿ ਇਸ ਲਾਂਘੇ ਲਈ ਸਿੱਧੂ ਦੀਆਂ ਕੋਸ਼ਿਸ਼ਾਂ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸਾਬਕਾ ਕੌਮਾਂਤਰੀ ਕ੍ਰਿਕਟਰ ਇਮਰਾਨ ਖ਼ਾਨ ਨਾਲ ਦੋਸਤੀ ਹੀ ਕਾਰਗਾਰ ਸਾਬਤ ਹੋਈਆਂ ਹਨ।

 ਸਿੱਧੂ ਇਨ੍ਹੀਂ ਦਿਨੀਂ ਮੱਧ ਪ੍ਰਦੇਸ਼ ਵਿਚ ਚੋਣ ਪ੍ਰਚਾਰ ਕਰ ਰਹੇ ਹਨ ਤੇ ਇਸ ਤੋਂ ਪਹਿਲਾਂ ਉਹ ਛੱਤੀਸਗੜ੍ਹ ਵਿਚ ਚਾਰ ਦਿਨਾਂ ਦੌਰਾਨ 21 ਰੈਲੀਆਂ ਕਰ ਚੁੱਕੇ ਹਨ। ਉੁਹ 29 ਨਵੰਬਰ ਤੋਂ ਰਾਜਸਥਾਨ ਵਿਚ ਚੋਣ ਪ੍ਰਚਾਰ ਕਰਨ ਜਾ ਰਹੇ ਹਨ।