ਪਠਾਨਕੋਟ ਗਰਨੇਡ ਹਮਲੇ ਤੋਂ ਬਾਅਦ ਅੰਮਿਤਸਰ ’ਚੋਂ ਹੈਂਡ ਗਰਨੇਡ ਤੇ ਪਿਸਤੌਲ ਸਮੇਤ ਇਕ ਨੋਜਵਾਨ ਕਾਬੂ
ਪਠਾਨਕੋਟ ਆਰਮੀ ਕੈਂਪ 'ਤੇ ਹੋਏ ਹਮਲੇ ਦੇ 60 ਘੰਟੇ ਬਾਅਦ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਨੌਜਵਾਨ ਨੂੰ ਹਥਿਆਰਾਂ ਅਤੇ ਦੋ ਹੈਂਡ ਗਰਨੇਡ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਅੰਮ੍ਰਿਤਸਰ :ਪਠਾਨਕੋਟ ਆਰਮੀ ਕੈਂਪ 'ਤੇ ਹੋਏ ਹਮਲੇ ਦੇ 60 ਘੰਟੇ ਬਾਅਦ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਨੇ ਅੰਮ੍ਰਿਤਸਰ ’ਚੋਂ ਇਕ ਨੌਜਵਾਨ ਨੂੰ ਹਥਿਆਰਾਂ ਅਤੇ ਦੋ ਹੈਂਡ ਗਰਨੇਡ ਸਮੇਤ ਗ੍ਰਿਫ਼ਤਾਰ ਕੀਤਾ ਹੈ। ਦਰਅਸਲ ਐਸਐਸਓਸੀ ਨੂੰ ਇਸ ਬਾਰੇ ਗੁਪਤ ਸੂਚਨਾ ਮਿਲੀ ਸੀ। ਐਸਐਸਓਸੀ ਦੀ ਟੀਮ ਨੇ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਹਥਿਆਰ ਅਤੇ ਹੈਂਡ ਗਰਨੇਡ ਬਰਾਮਦ ਕੀਤੇ ਹਨ।
ਨੌਜਵਾਨ ਦੀ ਪਛਾਣ ਰਣਜੀਤ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਇਹ ਉਹੀ ਰਣਜੀਤ ਸਿੰਘ ਹੈ, ਜਿਸ ਦਾ ਨਾਂ ਪਿਛਲੇ ਸਾਲ ਹੈਰੀਟੇਜ ਰੋਡ 'ਤੇ ਬੁੱਤਾਂ ਨੂੰ ਤੋੜਨ ਦੇ ਮਾਮਲੇ 'ਚ ਸਾਹਮਣੇ ਆਇਆ ਸੀ। ਜਾਣਕਾਰੀ ਅਨੁਸਾਰ ਐਸਐਸਓਸੀ ਦੀ ਟੀਮ ਨੂੰ ਨੌਜਵਾਨ ਬਾਰੇ ਗੁਪਤਾ ਸੂਚਨਾ ਮਿਲੀ ਸੀ।
ਸੂਚਨਾ ਤੋਂ ਬਾਅਦ ਪੁਲਿਸ ਨੇ ਰਣਜੀਤ ਸਿੰਘ ਨੂੰ ਅੰਮ੍ਰਿਤਸਰ-ਤਰਨਤਾਰਨ ਰੋਡ ਤੋਂ ਕਾਬੂ ਕਰ ਲਿਆ। ਨੌਜਵਾਨ ਕੋਲੋਂ ਹੈਂਡ ਗਰਨੇਡ ਬਾਰੇ ਪੁੱਛਗਿੱਛ ਕੀਤੀ ਗਈ ਹੈ। ਫਿਲਹਾਲ ਨੌਜਵਾਨ ਨੂੰ ਅੰਮ੍ਰਿਤਸਰ ਦੀ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਗਿਆ ਹੈ।
ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਦੱਸਿਆ ਕਿ ਰਣਜੀਤ ਵੀ ਉਸ ਗਰੁੱਪ ਦਾ ਹਿੱਸਾ ਸੀ, ਜਿਸ ਨੇ 15 ਜਨਵਰੀ, 2020 ਨੂੰ ਹਰਿਮੰਦਰ ਸਾਹਿਬ ਅੰਮ੍ਰਿਤਸਰ ਨੂੰ ਜਾਂਦੀ ਵਿਰਾਸਤੀ ਸੜਕ 'ਤੇ ਲੋਕ ਨਾਚਾਂ ਸਬੰਧੀ ਸਥਾਪਿਤ ਬੁੱਤਾਂ ਦੀ ਭੰਨਤੋੜ ਕੀਤੀ ਸੀ। ਉਹਨਾਂ ਅੱਗੇ ਦੱਸਿਆ ਕਿ ਪੁਲਿਸ ਵੱਲੋਂ ਰਣਜੀਤ ਨੂੰ ਬੁੱਤਾਂ ਦੀ ਭੰਨ ਤੋੜ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹ ਇਸ ਸਮੇਂ ਜ਼ਮਾਨਤ 'ਤੇ ਹੈ।