18 ਸਾਲ ਬਾਅਦ ਫ਼ੈਸਲਾ: ਧੋਖੇ ਨਾਲ 3 ਵਿਆਹ ਕਰਵਾਉਣ ਵਾਲੇ ਨੂੰ 10 ਸਾਲ ਦੀ ਕੈਦ 

ਏਜੰਸੀ

ਖ਼ਬਰਾਂ, ਪੰਜਾਬ

20 ਹਜ਼ਾਰ ਜੁਰਮਾਨਾ ਵੀ ਲਗਾਇਆ ਜੇ ਨਾ ਦਿੱਤਾ ਤਾਂ ਕੱਟਣੀ ਪਵੇਗੀ 6 ਮਹੀਨੇ ਦੀ ਹੋਰ ਸਜ਼ਾ  

File PHoto

ਹੁਸ਼ਿਆਰਪੁਰ - ਵਧੀਕ ਅਤੇ ਜ਼ਿਲ੍ਹਾ ਸੈਸ਼ਨ ਜੱਜ ਅੰਜਨਾ ਹੁਸ਼ਿਆਰਪੁਰ ਦੀ ਫਾਸਟ ਟਰੈਕ ਸਪੈਸ਼ਲ ਅਦਾਲਤ ਨੇ ਬੁੱਧਵਾਰ ਨੂੰ 18 ਸਾਲ ਪੁਰਾਣੇ ਕੇਸ ਵਿਚ ਫ਼ਸੈਲਾ ਸੁਣਾਇਆ ਹੈ। ਦਰਅਸਲ ਕੋਰਟ ਨੇ ਦੋਸ਼ੀ ਨਰਿੰਦਰ ਸਿੰਘ ਖੁਰਾਣਾ ਵਾਸੀ ਦੁੱਗਰੀ ਅਰਬਨ ਅਸਟੇਟ ਥਾਣਾ ਸਦਰ ਦੇ ਐੱਸ. ਮਾਡਲ ਟਾਊਨ (ਲੁਧਿਆਣਾ) ਨੂੰ ਤਿੰਨ ਲੜਕੀਆਂ ਦੇ ਪਰਿਵਾਰਾਂ ਨੂੰ ਧੋਖਾ ਦੇ ਕੇ ਤਿੰਨ ਵਿਆਹ ਕਰਵਾਉਣ ਦੇ ਦੋਸ਼ ਹੇਠ 10 ਸਾਲ ਦੀ ਕੈਦ ਅਤੇ 20 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਹੈ।  

ਜੁਰਮਾਨਾ ਨਾ ਦੇਣ ਦੀ ਸੂਰਤ ਵਿਚ ਦੋਸ਼ੀ ਨੂੰ 6 ਮਹੀਨੇ ਦੀ ਹੋਰ ਕੈਦ ਕੱਟਣੀ ਪਵੇਗੀ। ਥਾਣਾ ਸਿਟੀ ਹੁਸ਼ਿਆਰਪੁਰ ਦੀ ਪੁਲਿਸ ਨੇ 14 ਸਤੰਬਰ 2004 ਨੂੰ ਦੋਸੀ ਦੀ ਤੀਜੀ ਪਤਨੀ ਹਰਜੋਤ ਕੌਰ ਵਾਸੀ ਮਾਡਲ ਟਾਊਨ (ਹੁਸ਼ਿਆਰਪੁਰ) ਦੀ ਸ਼ਿਕਾਇਤ ’ਤੇ ਨਰਿੰਦਰ ਸਿੰਘ ਖੁਰਾਣਾ ਖ਼ਿਲਾਫ਼ ਧਾਰਾ 498-ਏ, 494, 420, 120-ਬੀ ਆਈ.ਪੀ.ਸੀ. ਦੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਸੀ। 

ਪੁਲਿਸ ਨੇ 22 ਸਤੰਬਰ 2015 ਨੂੰ ਅਦਾਲਤੀ ਭਗੌੜੇ ਦੋਸ਼ੀ ਨੂੰ ਗੁਪਤ ਸੂਚਨਾ ਦੇ ਤਹਿਤ ਉਸ ਦੇ ਘਰੋਂ ਛਾਪਾ ਮਾਰ ਕੇ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਸੀ। ਹਰਜੋਤ ਕੌਰ ਨੇ ਥਾਣਾ ਸਿਟੀ ਪੁਲਿਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਉਸ ਦਾ ਵਿਆਹ 22 ਜੂਨ 2003 ਨੂੰ ਨਰਿੰਦਰ ਸਿੰਘ ਖੁਰਾਣਾ ਨਾਲ ਹੋਇਆ ਸੀ। ਮੰਗਣੀ ਵਿਆਹ ਤੋਂ ਦੋ ਦਿਨ ਪਹਿਲਾਂ ਹੋਈ ਸੀ। ਨਰਿੰਦਰ ਨੇ ਦੱਸਿਆ ਕਿ ਉਹ 12 ਪਾਸ ਹੈ ਅਤੇ ਚੰਗਾ ਕਾਰੋਬਾਰ ਕਰਦਾ ਹੈ। ਮੇਲ-ਜੋਲ ਅਤੇ ਵਿਆਹ ਮੌਕੇ ਮਾਈਕਾ ਪਰਿਵਾਰ ਨੇ ਨਕਦੀ, ਗਹਿਣੇ ਅਤੇ ਕੀਮਤੀ ਸਾਮਾਨ ਦਿੱਤਾ। 

ਹਰਜੋਤ ਨੇ ਕਿਹਾ ਕਿ ਵਿਆਹ ਤੋਂ ਕੁਝ ਮਹੀਨਿਆਂ ਬਾਅਦ ਹੀ ਪਤਾ ਲੱਗਾ ਕਿ ਨਰਿੰਦਰ ਪਹਿਲਾਂ ਵੀ ਦੋ ਵਾਰ ਵਿਆਹ ਕਰਵਾ ਚੁੱਕਾ ਹੈ। ਉਸ ਦਾ ਪਹਿਲਾ ਵਿਆਹ 1989 ਵਿਚ ਕੋਟਾ (ਰਾਜਸਥਾਨ) ਦੀ ਰਹਿਣ ਵਾਲੀ ਰੋਜ਼ੀ ਨਾਲ ਹੋਇਆ, ਜਿਸ ਤੋਂ ਉਸ ਦੇ 2 ਬੱਚੇ ਹਨ। ਅਦਾਲਤ ਵਿਚ ਤਲਾਕ ਦਾ ਕੇਸ ਚੱਲਦੇ ਰਹਿਣ ਦੇ ਬਾਵਜੂਦ ਉਸ ਨੇ ਫਿਰੋਜ਼ਪੁਰ ਦੀ ਰਹਿਣ ਵਾਲੀ ਗੁਰਪ੍ਰੀਤ ਕੌਰ ਨਾਲ ਦੂਜਾ ਵਿਆਹ ਕੀਤਾ ਅਤੇ ਉਸ ਦੀ ਇੱਕ ਬੇਟੀ ਹੈ। 

ਉਸ ਨੂੰ ਤਲਾਕ ਦਿੱਤੇ ਬਿਨਾਂ ਉਸ ਨੇ ਸਾਡੇ ਪਰਿਵਾਰ ਨੂੰ ਗੁੰਮਰਾਹ ਕਰਕੇ ਤੀਜਾ ਵਿਆਹ ਕਰਵਾ ਲਿਆ। ਹਰਜੋਤ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਨਰਿੰਦਰ ਨੇ ਉਸ ਦੇ ਪਰਿਵਾਰ ਨਾਲ ਲੱਖਾਂ ਰੁਪਏ, ਸੋਨੇ ਤੇ ਹੀਰਿਆਂ ਦੇ ਗਹਿਣੇ ਅਤੇ ਹੋਰ ਕਈ ਕੀਮਤੀ ਸਾਮਾਨ ਠੱਗ ਲਿਆ ਹੈ। ਉਸ ਖ਼ਿਲਾਫ਼ ਥਾਣਿਆਂ ਵਿਚ ਧੋਖਾਧੜੀ ਦੇ ਕਈ ਕੇਸ ਵੀ ਦਰਜ ਸਨ ਅਤੇ ਅਦਾਲਤ ਵੱਲੋਂ ਉਸ ਨੂੰ ਭਗੌੜਾ ਕਰਾਰ ਦੇ ਕੇ ਜੇਲ੍ਹ ਵੀ ਜਾ ਚੁੱਕਾ ਸੀ। ਅਦਾਲਤ ਨੇ 18 ਸਾਲ ਪੁਰਾਣੇ ਮਾਮਲੇ ਦਾ ਨਿਪਟਾਰਾ ਕਰਦਿਆਂ ਦੋਸ਼ੀ ਨੂੰ 10 ਸਾਲ ਦੀ ਸਜ਼ਾ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ।