ਜੱਸੀ ਆਨਰ ਕਿਲਿੰਗ ਮਾਮਲਾ : ਜੱਸੀ ਦੀ ਮਾਂ ਤੇ ਮਾਮੇ ਨੂੰ 4 ਦਿਨਾਂ ਪੁਲਿਸ ਰੀਮਾਂਡ 'ਤੇ ਭੇਜਿਆ
ਮਾਲੇਰਕੋਟਲਾ ਦੀ ਅਦਾਲਤ ਵਿਚ ਦੋ ਮੁਲਜ਼ਮਾਂ ਨੂੰ ਸੰਗਰੂਰ ਪੁਲਿਸ ਨੇ ਪੇਸ਼ ਕੀਤਾ...
ਮਾਲੇਰਕੋਟਲਾ: ਜੱਸੀ ਸਿੱਧੂ ਕਤਲ ਕੇਸ ਵਿਚ ਕੈਨੇਡਾ ਤੋਂ ਡੀਪੋਰਟ ਕਰਕੇ ਭਾਰਤ ਲਿਆਂਦੇ ਗਏ ਮੁਲਜ਼ਮ ਜੱਸੀ ਦੀ ਮਾਂ ਮਲਕੀਤ ਕੌਰ ਸਿੱਧੂ ਅਤੇ ਮਾਮਾ ਸੁਰਜੀਤ ਸਿੰਘ ਬਦੇਸ਼ਾ ਨੂੰ ਅੱਜ ਸੰਗਰੂਰ ਜ਼ਿਲ੍ਹੇ ਦੀ ਪੁਲਿਸ ਵਲੋਂ ਮਾਲੇਰਕੋਟਲਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਵਲੋਂ ਦੋਵਾਂ ਮੁਲਜ਼ਮਾਂ ਨੂੰ 4 ਦਿਨ ਲਈ ਪੁਲਿਸ ਰੀਮਾਂਡ 'ਤੇ ਭੇਜ ਦਿਤਾ ਹੈ। ਕਾਬਿਲੇਗੌਰ ਹੈ ਕਿ ਬੀਤੇ ਦਿਨੀਂ ਕੈਨੇਡਾ ਤੋਂ ਡੀਪੋਰਟ ਕੀਤੇ ਜਾਣ ਬਾਅਦ ਜੱਸੀ ਦੀ ਮਾਂ ਤੇ ਮਾਮਾ ਭਾਰਤ ਪਹੁੰਚੇ ਸਨ।
ਜਿਨ੍ਹਾਂ ਨੂੰ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਪੰਜਾਬ ਪੁਲਿਸ ਹਵਾਲੇ ਕੀਤਾ ਗਿਆ ਸੀ। ਕੈਨੇਡਾ ਦੀ ਜੰਮਪਲ 25 ਸਾਲਾ ਜੱਸੀ ਉਰਫ਼ ਜਸਵਿੰਦਰ ਕੌਰ ਸਿੱਧੂ ਦਾ ਕਤਲ ਸਾਲ 2000 ਵਿਚ ਹੋਇਆ ਸੀ। ਜੱਸੀ ਦੇ ਪਤੀ ਸੁਖਵਿੰਦਰ ਸਿੰਘ ਮਿੱਠੂ ਦਾ ਦੋਸ਼ ਹੈ ਕਿ ਜੱਸੀ ਦਾ ਕਤਲ ਪਰਵਾਰਕ ਅਣਖ ਖ਼ਾਤਰ ਕੀਤਾ ਗਿਆ ਸੀ ਤੇ ਇਸ ਦੇ ਕਥਿਤ ਮੁੱਖ ਮੁਲਜ਼ਮ ਮਾਂ ਮਲਕੀਤ ਕੌਰ ਸਿੱਧੂ ਤੇ ਮਾਮਾ ਸੁਰਜੀਤ ਸਿੰਘ ਬਦੇਸ਼ਾ ਹਨ।