ਜਥੇਦਾਰ ਹਵਾਰਾ ਵਲੋਂ ਸਿੱਖ ਸੰਗਤਾਂ ਨੂੰ ਹਿੰਦੂ ਰਾਸ਼ਟਰਵਾਦ ਦੇ ਹੱਥ ਕੰਡਿਆਂ ਤੋਂ ਸੁਚੇਤ ਰਹਿਣ ਦੀ ਅਪੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਬੱਤ ਖਾਲਸਾ ਵਲੋਂ ਥਾਪੇ ਗਏ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਸਿੱਖ ਕੌਮ ਨੂੰ ਅਪੀਲ ਪ੍ਰੋਫ਼ੈਸਰ ਬਲਜਿੰਦਰ ਸਿੰਘ ਮੁੱਖ ਬੁਲਾਰੇ ਵਲੋਂ ਪ੍ਰੈੱਸ ਨੂੰ ਜਾਰੀ ਕੀਤੀ ਗਈ। 

Photo

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ):  ਸਰਬੱਤ ਖਾਲਸਾ ਵਲੋਂ ਥਾਪੇ ਗਏ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਸਿੱਖ ਕੌਮ ਨੂੰ ਅਪੀਲ ਪ੍ਰੋਫ਼ੈਸਰ ਬਲਜਿੰਦਰ ਸਿੰਘ ਮੁੱਖ ਬੁਲਾਰੇ ਵਲੋਂ ਪ੍ਰੈੱਸ ਨੂੰ ਜਾਰੀ ਕੀਤੀ ਗਈ। ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਹਿੰਦੂ ਲੀਡਰਾਂ ਵਲੋਂ ਸਿੱਖ ਕੌਮ ਨਾਲ ਵਾਅਦਾ ਕੀਤਾ ਗਿਆ ਸੀ ਕਿ ਆਜ਼ਾਦ ਭਾਰਤ ਵਿਚ ਕੋਈ ਵੀ ਐਸਾ ਸੰਵਿਧਾਨ ਲਾਗੂ ਨਹੀਂ ਕੀਤਾ ਜਾਵੇਗਾ ਜੋ ਸਿੱਖਾਂ ਨੂੰ ਪ੍ਰਵਾਨ ਨਹੀਂ ਹੋਵੇਗਾ।

ਪਰ 26 ਜਨਵਰੀ 1950 ਨੂੰ ਸਿੱਖਾਂ ਦੀ ਸਹਿਮਤੀ ਬਿਨਾਂ ਭਾਰਤ ਦਾ ਸਵਿਧਾਨ ਸਾਡੇ ਤੇ ਮੜ੍ਹ ਦਿਤਾ ਗਿਆ। ਇਤਿਹਾਸ ਗਵਾਹ ਹੈ ਕਿ ਆਜ਼ਾਦੀ ਲਈ 85% ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਸਨ ਪਰ ਆਜ਼ਾਦੀ ਤੋਂ ਬਾਅਦ ਗੁਲਾਮੀ ਦਾ ਅਹਿਸਾਸ ਕਰਾਉਂਦਿਆਂ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਘੋਸ਼ਿਤ ਕਰਕੇ ਸਿੱਖਾਂ ਨਾਲ ਵੱਡਾ ਧੋਖਾ ਕੀਤਾ ਗਿਆ।

ਸੱਤ ਦਹਾਕਿਆਂ ਤੋਂ ਗਣਤੰਤਰ ਦਿਵਸ ਤੇ ਲੋਕਤੰਤਰ ਦੀ ਦੁਹਾਈ ਪਾਉਣ ਵਾਲੇ ਭਾਰਤੀ ਹੁਕਮਰਾਨਾਂ ਵਲੋਂ ਸੰਵਿਧਾਨ, ਕਾਨੂੰਨ, ਪ੍ਰਸ਼ਾਸਨ, ਫ਼ੌਜ, ਪੁਲਿਸ ਆਦਿ ਦੀ ਵਰਤੋਂ ਕਰਕੇ ਸਿੱਖਾਂ ਦੇ ਗੁਰਧਾਮਾਂ, ਸਿਧਾਂਤਾਂ, ਸੰਸਥਾਵਾਂ, ਗੁਰਬਾਣੀ, ਇਤਿਹਾਸ, ਕਕਾਰਾਂ ਅਤੇ ਨਿਆਰੇਪਣ ਤੇ ਅਣਗਿਣਤ ਹਮਲੇ ਕੀਤੇ ਗਏ ਹਨ ਜੋ ਕਿ ਅੱਜ ਵੀ ਨਿਰੰਤਰ ਜਾਰੀ ਹਨ। 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਸੰਵਿਧਾਨ ਸਿੱਖਾਂ ਨੂੰ ਜਿਥੇ ਸਿੱਖ ਹੀ ਨਹੀਂ ਮੰਨ ਰਿਹਾ।

ਉੱਥੇ ਇਸੇ ਸੰਵਿਧਾਨ ਅਧੀਨ ਜੂਨ ਚੁਰਾਸੀ ਦੌਰਾਨ ਸਿੱਖਾਂ ਦੇ ਪਾਵਨ ਪਵਿੱਤਰ ਅਤੇ ਸਰਵ ਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਭਾਰਤੀ ਫ਼ੌਜ ਨੇ ਹਮਲਾ ਕਰ ਕੇ ਹਜ਼ਾਰਾਂ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ, ਪੰਜਾਬ ਵਿਚ ਝੂਠੇ ਪੁਲਿਸ ਮੁਕਾਬਲਿਆਂ ਦਾ ਅਜਿਹਾ ਘਿਨੌਣਾ ਦੂਰ ਚਲਾਇਆ ਗਿਆ ਕਿ ਹਜਾਰਾਂ ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਘਰਾਂ ਚੋਂ ਫੜ ਫੜ ਕੇ ਥਾਣਿਆਂ ਵਿਚ ਕੋਹ ਕੋਹ ਕੇ ਮਾਰਿਆ ਗਿਆ ਅਤੇ ਧੀਆਂ ਭੈਣਾਂ ਨੂੰ ਬੇਪੱਤ ਕੀਤਾ ਜਾਂਦਾ ਰਿਹਾ।

ਨਵੰਬਰ ਚੁਰਾਸੀ ਦੀ ਨਸਲਕੁਸ਼ੀ ਵੀ ਇਸੇ ਹੀ ਸੰਵਿਧਾਨ ਅਧੀਨ ਵਾਪਰਿਆ ਇਹ ਅਜਿਹਾ ਪੱਖਪਾਤੀ ਅਤੇ ਸਰਕਾਰ ਪ੍ਰਸਤ ਸੰਵਿਧਾਨ ਹੈ ਜਿਹੜਾ ਸੈਂਕੜੇ ਸਿੱਖ ਬੀਬੀਆਂ ਤੇ ਸਰਕਾਰੀ ਅਤੇ ਗ਼ੈਰ ਸਰਕਾਰੀ ਗੁੰਡਿਆਂ ਵਲੋਂ ਕੀਤੇ ਅੱਤਿਆਚਾਰ ਖ਼ਿਲਾਫ਼ ਕੋਈ ਕਾਰਵਾਈ ਕਰਨ ਦੀ ਇਜਾਜ਼ਤ ਨਹੀਂ ਦਿੰਦਾ, ਪਰ ਸਿੱਖਾਂ ਨੂੰ ਫਾਂਸੀ ਦੇ ਤਖਤੇ ਚੜ੍ਹਨ ਜਾਂ ਸਜ਼ਾਵਾਂ ਦੇਣ ਵਿਚ ਰੱਤੀ ਭਰ ਵੀ ਚਿਰ ਨਹੀਂ ਲਾਉਂਦਾ।

ਹਿੰਦੂ ਰਾਸ਼ਟਰ ਦੀ ਸਥਾਪਨਾ ਕਰਨ ਵਾਲਿਆਂ ਨੇ ਸਾਡੇ ਵਿਕਾਊ ਧਾਰਮਿਕ ਅਤੇ ਸਿਆਸੀ ਆਗੂਆਂ ਦੀ ਸ਼ਹਿ ਤੇ ਗੁਰੂ ਨਾਨਕ ਪਾਤਸ਼ਾਹ ਦੀ ਯਾਦ ਨਾਲ ਸਬੰਧਤ ਗੁਰਦੁਆਰਾ ਡਾਂਗ ਮਾਰ, ਗੁਰਦੁਆਰਾ ਗਿਆਨ ਗੋਦੜੀ, ਗੁਰਦੁਆਰਾ ਪੱਥਰ ਸਾਹਿਬ, ਗੁਰਦੁਆਰਾ ਮੰਗੂ ਮੱਠ ਆਦਿ ਸਿੱਖ ਕੌਮ ਤੋਂ ਖੋਹ ਲਏ ਹਨ ਅਤੇ ਹੋਰ ਗੁਰਦੁਵਾਰਿਆਂ ਨੂੰ ਖੂਣ ਦੀਆਂ ਕੋਸ਼ਿਸ਼ਾਂ ਜਾਰੀ ਹਨ।

ਸਿੱਖ ਕੌਮ ਨੂੰ ਸੁਚੇਤ ਹੋਣ ਦੀ ਲੋੜ ਹੈ ਇਕ ਪਾਸੇ ਭਾਰਤੀ ਹੁਕਮਰਾਨ ਗੁਰੂ ਨਾਨਕ ਪਾਤਸ਼ਾਹ ਦਾ 550 ਸਾਲਾ ਪ੍ਰਕਾਸ ਦਿਵਸ ਮਨਾ ਕੇ ਤੋਂ ਢੋਂਗੀ ਪ੍ਰਚਾਰ ਕਰ ਰਹੇ ਹਨ ਅਤੇ ਦੂਜੇ ਪਾਸੇ ਉਸੇ ਗੁਰੂ ਦੇ ਇਤਿਹਾਸਕ ਅਸਥਾਨਾਂ ਨੂੰ ਨਿਸ਼ਤੋਨਬੂਤ ਕਰ ਰਹੇ ਹਨ।

ਭਾਰਤੀ ਸੰਵਿਧਾਨ ਅਧੀਨ ਦੋ ਤਿੰਨ ਦਹਾਕਿਆਂ ਤੋਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਰਾਜਸੀ ਸਿੱਖ ਕੈਦੀਆਂ ਦਾ ਇਨਸਾਫ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦਾ ਇਨਸਾਫ, ਬਹਿਬਲ ਕਲਾਂ ਗੋਲੀ ਕਾਂਡ ਅਤੇ ਨਕੋਦਰ ਗੋਲੀ ਕਾਂਡ ਦਾ ਇਨਸਾਫ਼ ਅਜੇ ਤਕ ਨਹੀਂ ਮਿਲਿਆ। ਪੰਜਾਬ ਨੂੰ ਭਾਰਤੀ ਹੁਕਮਰਾਨਾਂ ਨੇ ਮੰਡੀ ਦੇ ਰੂਪ ਵਿਚ ਵਰਤਿਆ ਹੈ ਅਤੇ ਇਥੋਂ ਦੇ ਕੁਦਰਤੀ ਸੋਮਿਆਂ ਉੱਤੇ ਅਪਣਾ ਪੂਰਾ ਕੰਟਰੋਲ  ਕਰਕੇ ਪੰਜਾਬ ਦੀ ਆਰਥਿਕਤਾ ਨੂੰ ਕੰਗਾਲ ਕਰ ਕੇ ਰੱਖ ਦਿਤਾ ਹੈ।