ਮੋਦੀ ਦੇ 'ਅੱਛੇ ਦਿਨ' ਨਹੀਂ ਆਉਣਗੇ, ਕੇਜਰੀਵਾਲ ਦੇ 'ਸੱਚੇ ਦਿਨ' ਨੂੰ ਵੋਟ ਦਿਓ- ਭਗਵੰਤ ਮਾਨ

ਏਜੰਸੀ

ਖ਼ਬਰਾਂ, ਪੰਜਾਬ

‘ਝੂਠ ਬੋਲਣ ਲਈ ਮੋਦੀ ਨੂੰ ਆਸਕਰ ਅਵਾਰਡ ਮਿਲਣਾ ਚਾਹੀਦਾ ਹੈ’

File

ਨਵੀਂ ਦਿੱਲੀ- ਰਾਜਧਾਨੀ ਦਿੱਲੀ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਨੂੰ ਲੈ ਕੇ ਪੰਜਾਬ ਦੀ ਸਿਆਸਤ ਦਾ ਮਾਹੌਲ ਵੀ ਗਰਮਾਇਆ ਹੋਇਆ ਹੈ। ਆਮ ਆਦਮੀ ਪਾਰਟੀ ਦੇ ਨੇਤਾ ਭਗਵੰਤ ਮਾਨ ਨੇ ਦਿੱਲੀ ਦੇ ਲੋਕਾਂ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਧਾਰਮਿਕ ਅਤੇ ਜਾਤੀ ਲੀਹਾਂ ‘ਤੇ ਵੰਡ ਪਾਉਣ ਦੀ ਬਜਾਏ ਸਿੱਖਿਆ, ਸਿਹਤ ਸੰਭਾਲ, ਬੁਨਿਆਦੀ ਢਾਂਚੇ ਅਤੇ ਔਰਤਾਂ ਦੀ ਸੁਰੱਖਿਆ ਵਰਗੇ ਮੁੱਦਿਆਂ ਨੂੰ ਧਿਆਨ ਵਿਚ ਰੱਖਦਿਆਂ ਵੋਟ ਪਾਉਣ ਦੀ ਅਪੀਲ ਕੀਤੀ।

ਪੰਜਾਬ ਦੇ ਸੰਗਰੂਰ ਤੋਂ ਦੋ ਵਾਰ ਲੋਕ ਸਭਾ ਮੈਂਬਰ ਰਹੇ ਮਾਨ ਨੇ ਲਕਸ਼ਮੀ ਨਗਰ ਹਲਕੇ ਅਧੀਨ ਪੈਂਦੇ ਪੂਰਬੀ ਦਿੱਲੀ ਦੇ ਪਾਂਡਵ ਨਗਰ ਵਿੱਚ ਇੱਕ ਜਨ ਸਭਾ ਵਿੱਚ ਭਾਜਪਾ ਅਤੇ ਕਾਂਗਰਸ ਦੋਵਾਂ ਦੀ ਆਲੋਚਨਾ ਕੀਤੀ। “ਮਾਨ ਨੇ ਕਿਹਾ ਕਿ ਉਹ ਸਾਨੂੰ ਧਰਮ ਅਤੇ ਜਾਤ ਦੇ ਨਾਮ ਤੇ ਵੰਡਣ ਦੀ ਕੋਸ਼ਿਸ਼ ਕਰਦੇ ਹਨ। ਪਰ ਸਾਨੂੰ ਸਕੂਲ, ਬਿਜਲੀ ਅਤੇ ਪਾਣੀ ਦੀ ਸਪਲਾਈ, ਔਰਤਾਂ ਦੀ ਸੁਰੱਖਿਆ, ਸਿਹਤ ਸੰਭਾਲ, ਸੀਵਰੇਜ ਅਤੇ ਡਰੇਨੇਜ, ਸੜਕਾਂ ਵਰਗੇ ਨਾਗਰਿਕ ਮਸਲਿਆਂ ਵਿਚ ਕੀਤੇ ਕੰਮ ਦੀ ਯੋਗਤਾ 'ਤੇ ਵੋਟ ਦੇਣੀ ਚਾਹੀਦਾ ਹੈ।

“ਮੈਂ ਜਾਣਦਾ ਹਾਂ ਅਤੇ ਤੁਹਾਨੂੰ ਵੀ ਇਹ ਪਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ‘ਅੱਛੇ ਦਿਨ’ ਆਉਣਗੇ ਦਾ ਵਾਅਦਾ ਕੀਤਾ ਗਿਆ ਸੀ, ਪਰ ਉਹ ਨਹੀਂ ਆਏ, ਪਰ ਜੇ ਤੁਸੀਂ 8 ਫਰਵਰੀ ਨੂੰ 'ਝਾੜੂ’ ('ਆਪ' ਦਾ ਚੋਣ ਨਿਸ਼ਾਨ) 'ਤੇ ਜਾ ਕੇ ਵੋਟ ਪਾਉਂਗੇ ਤਾਂ ਤੁਹਾਨੂੰ ਅਰਵਿੰਦ ਕੇਜਰੀਵਾਲ ਦੇ 'ਸੱਚੇ ਦਿਨ’ 11 ਫਰਵਰੀ (ਚੋਣ ਨਤੀਜਿਆਂ ਦੀ ਤਰੀਕ) ਨੂੰ ਜ਼ਰੂਰ ਮਿਲਣਗੇ।’’

ਵਿਰੋਧੀਆਂ ਨੂੰ ਸੁਣਾਉਂਦੇ ਹੋਏ ਮਾਨ ਨੇ ਕਿਹਾ ਕਿ ਇਹਨਾਂ ਲੋਕਾਂ ਨੇ ਮੁਲਕ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਹਰ ਸਾਲ 15 ਅਗਸਤ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਲਾਲ ਕਿਲ੍ਹੇ ‘ਤੇ ਭਾਸ਼ਣ ਦਿੰਦੇ ਹਨ। ਉਹਨਾਂ ਕਿਹਾ ਕਿ ਹਰ ਸਾਲ ਸਾਰਿਆਂ ਦਾ ਭਾਸ਼ਣ ਓਹੀ ਹੁੰਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਹੁਣ ਤਾਂ ਲਾਲ ਕਿਲ੍ਹੇ ਦੇ ਕਬੂਤਰਾਂ ਨੂੰ ਵੀ ਭਾਸ਼ਣ ਯਾਦ ਹੋ ਗਏ ਹੋਣਗੇ। 

ਐਨਆਰਸੀ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਜਦੋਂ ਅਸੀਂ ਵੋਟ ਪਾਉਂਦੇ ਤਾਂ ਸਾਨੂੰ ਕਿਹਾ ਜਾਂਦਾ ਹੈ ਕਿ ਅਧਾਰ ਕਾਰਡ, ਵੋਟਰ ਕਾਰਡ ਜਾਂ ਪਾਸਪੋਰਟ ਆਦਿ ਦੀ ਮਦਦ ਨਾਲ ਵੋਟ ਪਾਈ ਜਾ ਸਕਦੀ ਹੈ ਪਰ ਜਦੋਂ ਨਾਗਰਿਕਤਾ ਸਾਬਿਤ ਕਰਨੀ ਹੁੰਦੀ ਹੈ ਤਾਂ ਇਹਨਾਂ ਚੀਜ਼ਾਂ ਨੂੰ ਕਿਉਂ ਨਹੀਂ ਦੇਖਿਆ ਜਾਂਦਾ।