‘ਝੂਠ ਬੋਲਣ ਲਈ ਮੋਦੀ ਨੂੰ ਆਸਕਰ ਅਵਾਰਡ ਮਿਲਣਾ ਚਾਹੀਦਾ ਹੈ’, ਦਿੱਲੀ 'ਚ ਬੋਲੇ ਭਗਵੰਤ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੀਆਂ ਚੋਣਾਂ ਵਿਚ ਜਿੱਤ ਹਾਸਲ ਕਰਨ ਲਈ ਸਾਰੀਆਂ ਪਾਰਟੀਆਂ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ।

Photo

ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਨੂੰ ਲੈ ਕੇ ਪੰਜਾਬ ਦੀ ਸਿਆਸਤ ਦਾ ਮਾਹੌਲ ਵੀ ਗਰਮਾਇਆ ਹੋਇਆ ਹੈ। ਦਿੱਲੀ ਦੀਆਂ ਚੋਣਾਂ ਵਿਚ ਜਿੱਤ ਹਾਸਲ ਕਰਨ ਲਈ ਸਾਰੀਆਂ ਪਾਰਟੀਆਂ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਇਹਨਾਂ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਪੰਜਾਬ ਦੇ ਪਾਰਟੀ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਵੀ ਦਿੱਲੀ ਜਾ ਪਹੁੰਚੇ ਹਨ।

ਹੁਣ ਭਗਵੰਤ ਮਾਨ ਦਿੱਲੀ ਵਿਚ ਜਾ ਕੇ ਗਰਜੇ ਹਨ। ਦਿੱਲੀ ਵਿਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਭਗਵੰਤ ਮਾਨ ਨੋ ਲੋਕ ਹਸਾ-ਹਸਾ ਕੇ ਕਮਲੇ ਕਰ ਦਿੱਤੇ ਅਤੇ ਉਹਨਾਂ ਨੇ ਚੁਣ-ਚੁਣ ਕੇ ਵਿਰੋਧੀਆਂ ‘ਤੇ ਹਮਲੇ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਅੱਛੇ ਦਿਨ’ ਯਾਦ ਕਰਵਾਉਂਦੇ ਹੋਏ ਮਾਨ ਨੇ ਗਦਰ ਮਚਾ ਦਿੱਤੀ। ਉਹਨਾਂ ਕਿਹਾ ਕਿ ਉਹਨਾਂ ਨੇ ਕਦੀ ਨਹੀਂ ਸੀ ਸੋਚਿਆ ਕਿ ਉਹ ਲੋਕ ਸਭਾ ‘ਚ ਖੜ੍ਹੇ ਹੋ ਕੇ ਮੋਦੀ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਪੁੱਛਣਗੇ ਕਿ ‘ਅੱਛੇ ਦਿਨ’ ਕਦੋਂ ਆਉਣਗੇ।

ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਐਂਟੀ ਕਰਪਸ਼ਨ ਲਹਿਰ ਤੋਂ ਨਿਕਲੀ ਹੈ। ਉਹਨਾਂ ਕਿਹਾ ਕਿ ਇਹ ਪਾਰਟੀ ਆਮ ਲੋਕਾਂ ਵੱਲੋਂ ਬਣਾਈ ਗਈ ਹੈ ਤੇ ਇਸ ਪਾਰਟੀ ਦੇ ਮਾਲਕ ਵੀ ਆਮ ਲੋਕ ਹੀ ਹਨ। ਉਹਨਾਂ ਕਿਹਾ ਕਿ ਦੇਸ਼ ਵਿਚ ‘ਅੱਛੇ ਦਿਨ’ ਕਦੀ ਨਹੀਂ ਆਉਣਗੇ ਪਰ ਦਿੱਲੀ ਦੇ ਲੋਕਾਂ ਲਈ ‘ਸੱਚੇ ਦਿਨ’ ਜ਼ਰੂਰ ਆਉਣਗੇ।

ਵਿਰੋਧੀਆਂ ਨੂੰ ਸੁਣਾਉਂਦੇ ਹੋਏ ਮਾਨ ਨੇ ਕਿਹਾ ਕਿ ਇਹਨਾਂ ਲੋਕਾਂ ਨੇ ਮੁਲਕ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਹਰ ਸਾਲ 15 ਅਗਸਤ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਲਾਲ ਕਿਲ੍ਹੇ ‘ਤੇ ਭਾਸ਼ਣ ਦਿੰਦੇ ਹਨ। ਉਹਨਾਂ ਕਿਹਾ ਕਿ ਹਰ ਸਾਲ ਸਾਰਿਆਂ ਦਾ ਭਾਸ਼ਣ ਓਹੀ ਹੁੰਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਹੁਣ ਤਾਂ ਲਾਲ ਕਿਲ੍ਹੇ ਦੇ ਕਬੂਤਰਾਂ ਨੂੰ ਵੀ ਭਾਸ਼ਣ ਯਾਦ ਹੋ ਗਏ ਹੋਣਗੇ।

ਭਗਵੰਤ ਮਾਨ ਨੇ ਵਿਰੋਧੀਆਂ ‘ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਜੇਕਰ ਉਹਨਾਂ ਦੀ ਕਿਸਮਤ ਨਹੀਂ ਬਦਲ ਸਕਦੀ ਤਾਂ ਘੱਟੋ ਘੱਟ ਭਾਸ਼ਣ ਤਾਂ ਬਦਲ ਲਓ।ਕਾਂਗਰਸ ਪਾਰਟੀ ‘ਤੇ ਨਿਸ਼ਾਨਾ ਲਗਾਉਂਦਿਆ ਮਾਨ ਨੇ ਕਿਹਾ ਕਿ ਕਾਂਗਰਸ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਹੈ ਪਰ ਰਾਜਧਾਨੀ ਵਿਚ ਨਾ ਉਹਨਾਂ ਦਾ ਕੋਈ ਐਮਪੀ ਹੈ ਤੇ ਨਾ ਹੀ ਐਮਐਲਏ ਹੈ।

ਉਹਨਾਂ ਕਿਹਾ ਕਿ ਜਦੋਂ ਲੋਕ ਸਭਾ ਵਿਚ ਪੀਲੀ ਪੱਗ ਵਾਲਾ ਮਾਨ ਖੜ੍ਹਾ ਹੋ ਜਾਂਦਾ ਹੈ ਤਾਂ ਭਾਜਪਾ ਵਾਲੇ ਅਪਣਾ ਮਾਈਕ ਚਾਲੂ ਕਰ ਲੈਂਦੇ ਹਨ। ਐਨਆਰਸੀ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਜਦੋਂ ਅਸੀਂ ਵੋਟ ਪਾਉਂਦੇ ਤਾਂ ਸਾਨੂੰ ਕਿਹਾ ਜਾਂਦਾ ਹੈ ਕਿ ਅਧਾਰ ਕਾਰਡ, ਵੋਟਰ ਕਾਰਡ ਜਾਂ ਪਾਸਪੋਰਟ ਆਦਿ ਦੀ ਮਦਦ ਨਾਲ ਵੋਟ ਪਾਈ ਜਾ ਸਕਦੀ ਹੈ ਪਰ ਜਦੋਂ ਨਾਗਰਿਕਤਾ ਸਾਬਿਤ ਕਰਨੀ ਹੁੰਦੀ ਹੈ ਤਾਂ ਇਹਨਾਂ ਚੀਜ਼ਾਂ ਨੂੰ ਕਿਉਂ ਨਹੀਂ ਦੇਖਿਆ ਜਾਂਦਾ।

ਉਹਨਾਂ ਕਿਹਾ ਕਿ ਮੋਦੀ ਬੜੇ ਕਮਾਲ ਦਾ ਝੂਠ ਬੋਲਦੇ ਹਨ, ਉਹਨਾਂ ਕਿਹਾ ਕਿ ਮੋਦੀ ਨੂੰ ਝੂਠ ਬੋਲਣ ਲਈ ਆਸਕਰ ਅਵਾਰਡ ਮਿਲਣਾ ਚਾਹੀਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਮੋਦੀ ਦੇ ਨਾਂਅ ‘ਤੇ ਵੋਟਾਂ ਮੰਗ ਰਹੀ ਹੈ ਪਰ ਆਪ ਅਪਣੇ ਕੰਮ ਦੇ ਨਾਂਅ ‘ਤੇ ਵੋਟਾਂ ਮੰਗ ਰਹੀ ਹੈ। ਦੱਸ ਦਈਏ ਕਿ ਦੇਸ਼ ਦੀ ਰਾਜਧਾਨੀ ਦਿੱਲੀ ਵਿਚ 8 ਫਰਵਰੀ 2019 ਨੂੰ ਵਿਧਾਨ ਸਭਾ ਚੋਣਾਂ ਹੋਣਗੀਆਂ। ਇਹਨਾਂ ਚੋਣਾਂ ਦੇ ਨਤੀਜੇ 11 ਫਰਵਰੀ ਨੂੰ ਐਲ਼ਾਨੇ ਜਾਣਗੇ।