ਆਰ ਐਸ ਐਸ, ਮੋਦੀ ਹਕੂਮਤ ਡੰਡੇ ਤੇ ਗੋਲੀ ਦੇ ਜ਼ੋਰ ਨਾਲ ਅੰਦੋਲਨ ਦਬਾਅ ਨਹੀ ਸਕਦੀ : ਕੰਵਰਪਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਜ ਪੰਜਾਬ ਬੰਦ.....ਲਹਿਰਾਂ ਦੱਬਦੀਆਂ ਨਹੀਂ

Photo

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ) : ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਰਤ ਦੇ 70 ਵੇਂ ਗਣਤੰਤਰ ਦਿਵਸ ਮੌਕੇ ਸੰਘ ਪਰਵਾਰ ਅਤੇ ਮੋਦੀ ਹਕੂਮਤ ਦੇ ਹਿੰਦੂ ਰਾਸ਼ਟਰ ਦੇ ਏਜੰਡੇ ਨਾਗਰਿਕਤਾ ਸੋਧ ਕਾਨੂੰਨ ਅਤੇ ਐਨ.ਆਰ.ਸੀ ਵਿਰੁਧ ਪੰਜਾਬ ਬੰਦ ਦਾ ਸੱਦਾ ਦਿਤਾ ਹੈ। ਬਾਮਸੇਫ, ਬਹੁਜਨ ਮੁਕਤੀ ਪਾਰਟੀ, ਸ਼੍ਰੀ ਗੁਰੂ ਰਵਿਦਾਸ ਜੀ ਨੌਜਵਾਨ ਸਭਾ ਅਤੇ ਸਿੱਖ ਯੂਥ ਆਫ਼ ਭਿੰਡਰਾਂਵਾਲਾ ਵਲੋਂ ਬੰਦ ਨੂੰ ਪੂਰਨ ਸਮਰਥਨ ਦਿਤਾ ਗਿਆ ਹੈ।

ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਬੰਦ ਦੇ ਸੱਦੇ ਦੇ ਕਾਰਨ ਦਸਦਿਆ ਕਿਹਾ ਕਿ ਮੋਦੀ ਸਰਕਾਰ ਦਾ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਨੂੰ ਰਿਹਾ ਕਰਨ ਤੋਂ ਮੁਕਰਨਾ, ਦਿੱਲੀ ਵਿਖੇ  ਰਵਿਦਾਸ ਜੀ ਮਹਾਰਾਜ ਦਾ ਮੰਦਰ ਢਹਿ ਢੇਰੀ ਕਰਨਾ, ਜਾਮੀਆ, ਏ.ਐੱਮ.ਯੂ. ਦੇ ਵਿਦਿਆਰਥੀਆਂ 'ਤੇ ਰਾਜ ਪੁਲਿਸ ਵਲੋਂ ਅਤੇ ਜੇ.ਐਨ.ਯੂ ਦੇ ਵਿਦਿਆਰਥੀਆਂ 'ਤੇ ਬੀਜੇਪੀ ਦੇ ਵਿਦਿਆਰਥੀ ਵਿੰਗ ਏਬੀਵੀਪੀ ਦੇ ਗੁੰਡਿਆਂ ਦੁਆਰਾ ਬੇਰਹਿਮੀ ਨਾਲ ਕੁੱਟਮਾਰ ਕਰਨਾ ਆਦਿ ਸ਼ਾਮਲ ਹਨ।

ਦਲ ਖਾਲਸਾ ਦੇ ਬੁਲਾਰੇ  ਨੇ ਪੰਜਾਬ ਦੇ ਮੁਸਲਮਾਨਾਂ, ਇਸਾਈਆਂ, ਹਿੰਦੂਆਂ, ਦਲਿਤਾਂ ਅਤੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ 25 ਜਨਵਰੀ ਨੂੰ ਅਪਣੇ ਵਿਦਿਅਕ ਅਤੇ ਵਪਾਰਕ ਅਦਾਰਿਆਂ, ਬੈਂਕ, ਪੈਟਰੋਲ ਪੰਪਾਂ ਨੂੰ ਬੰਦ ਰੱਖਣ ਤਾਂ ਜੋ ਦਿੱਲੀ ਦੀ ਮੋਦੀ-ਸ਼ਾਹ ਸਰਕਾਰ ਨੂੰ ਕਰਾਰਾ ਸੁਨੇਹਾ ਦਿਤਾ ਜਾ ਸਕੇ ਕਿ ਪੰਜਾਬ ਭਾਜਪਾ ਦੀ ਫਾਸ਼ੀਵਾਦੀ ਵਿਚਾਰਧਾਰਾ ਦੇ ਵਿਰੋਧ ਵਿਚ ਖੜਾ ਹੈ।  

ਉਹਨਾਂ ਕਿਹਾ ਕਿ ਆਰ ਐਸ ਐਸ, ਮੋਦੀ ਹਕੂਮਤ ਡੰਡੇ  ਤੇ ਗੋਲੀ ਦੇ ਜ਼ੋਰ ਨਾਲ ਅੰਦੋਲਨ ਦਬਾਅ ਨਹੀ ਸਕਦੀ ਹੈ। ਦਲ ਖਾਲਸਾ ਆਗੂ ਹਰਚਰਨਜੀਤ ਸਿੰਘ ਧਾਮੀ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਜੇਕਰ ਮੋਦੀ-ਸਾਹ ਜੋੜੀ ਇਸ ਭਰਮ ਵਿਚ ਹੈ ਕਿ ਉਹ ਨਾਗਰਿਕਤਾ ਕਾਨੂੰਨ ਵਿਰੁਧ ਦੇਸ ਭਰ ਵਿਚ ਉਠੀ ਲੋਕ ਲਹਿਰ ਨੂੰ ਡੰਡੇ ਜਾ ਗੋਲੀਆਂ ਦੇ ਜੋਰ ਨਾਲ ਦਬਾ ਲੈਣਗੇ ਤਾਂ ਅਸੀਂ ਵੀ ਦੱਸਣਾ ਚਾਹੁੰਦੇ ਹਾਂ ਕਿ ਸਾਨੂੰ ਵੀ ਕੰਡਿਆਂ ਦੀ ਸੂਲ 'ਤੇ ਚੱਲਣ ਦੀ ਆਦਤ ਹੈ। ਉਹਨਾਂ ਕਿਹਾ ਸੱਤਾਧਾਰੀ ਪਾਰਟੀ ਦਾ ਹੰਕਾਰ ਇਸ ਵਾਰ ਜਾਗਰੂਕ ਅਤੇ ਚੇਤੰਨ ਲੋਕ ਜ਼ਰੂਰ ਤੋੜਨਗੇ।