ਪੰਜਾਬ ਦੇ ਹੋਣਹਾਰ ਖਿਡਾਰੀਆਂ ਤੇ ਤਮਗਾ ਜੇਤੂਆਂ ਨੂੰ ਕਰੋੜਾਂ ਦੇ ਇਨਾਮ ਤੇ ਨੌਕਰੀ ਦੇਵੇਗੀ ਸਰਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਰਾਣਾ ਗੁਰਮੀਤ ਸਿੰਘ ਸੋਢੀ ਨੇ ਦਾਅਵਾ ਕੀਤਾ ਹੈ ਕਿ ਨਵੀਂ ਖੇਡ ਪਾਲਿਸੀ ਦੇ ਤਹਿਤ ਸਰਕਾਰੀ ਨੌਕਰੀਆਂ ਵਿਚ ਸੂਬੇ ਦੇ ਖਿਡਾਰੀਆਂ ਲਈ ਰਾਖਵਾਕਰਨ ਰੱਖਿਆ ਜਾਵੇਗਾ।

Photo

ਚੰਡੀਗੜ੍ਹ: ਪੰਜਾਬ ਦੇ ਖੇਡ ਅਤੇ ਨੌਜਵਾਨ ਮਾਮਲਿਆਂ ਦੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਦਾਅਵਾ ਕੀਤਾ ਹੈ ਕਿ ਨਵੀਂ ਖੇਡ ਪਾਲਿਸੀ ਦੇ ਤਹਿਤ ਸਰਕਾਰੀ ਨੌਕਰੀਆਂ ਵਿਚ ਸੂਬੇ ਦੇ ਖਿਡਾਰੀਆਂ ਲਈ ਰਾਖਵਾਕਰਨ ਰੱਖਿਆ ਜਾਵੇਗਾ।

ਚੰਡੀਗੜ੍ਹ ਯੂਨੀਵਰਸਿਟੀ ਘੜੂਆਂ ਵਿਖੇ ਪੰਜਾਬ ਸਟੇਟ ਯੂਥ ਫੈਸਟੀਵਲ-2020 ਦੌਰਾਨ ਸੰਬੋਧਨ ਕਰਦਿਆਂ ਗੁਰਮੀਤ ਸੋਢੀ ਨੇ ਕਿਹਾ ਕਿ ਹੋਣਹਾਰ ਖਿਡਾਰੀਆਂ ਲਈ ਸਰਕਾਰੀ ਨੌਕਰੀਆਂ ਵਿਚ ਤਿੰਨ ਫੀਸਦੀ ਕੋਟਾ ਰਾਖਵਾਂ ਰੱਖਿਆ ਗਿਆ ਹੈ। ਉਹਨਾਂ ਕਿਹਾ, ‘ਪੰਜਾਬ ਸਰਕਾਰ ਦੀ ਨਵੀਂ ਖੇਡ ਪਾਲਿਸੀ ਦੇ ਤਹਿਤ ਖਿਡਾਰੀਆਂ ਅਤੇ ਮੈਡਲ ਜੇਤੂਆਂ ਲਈ 3 ਫੀਸਦੀ ਕੋਟਾ ਰਾਖਵਾਂ ਰੱਖਿਆ ਗਿਆ ਹੈ’।

ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵੱਡੇ ਪੱਧਰ 'ਤੇ ਹੰਭਲੇ ਮਾਰ ਰਹੀ ਹੈ, ਜਿਸ ਦੇ ਤਹਿਤ ਪੰਜਾਬ ਸਰਕਾਰ ਨੇ ਖੇਡਾਂ ਲਈ ਬਜਟ ਵਿਚ 35 ਫੀਸਦੀ ਵਾਧਾ ਕਰਕੇ 150 ਕਰੋੜ ਦਾ ਵਿਸ਼ੇਸ਼ ਬਜ਼ਟ ਸੂਬੇ 'ਚ ਖੇਡਾਂ ਨੂੰ ਪ੍ਰਫੁਲਿਤ ਕਰਨ ਲਈ ਰਾਖਵਾਂ ਰੱਖਿਆ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਉਨ੍ਹਾਂ ਖਿਡਾਰੀਆਂ ਨੂੰ ਸਨਮਾਨ ਦੇਣ ਹਿੱਤ ਸੂਬਾ ਸਰਕਾਰ ਵੱਲੋਂ ਉਲੰਪਿਕ ਖੇਡਾਂ ਵਿਚ ਤਮਗ਼ਾ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਨੌਕਰੀਆਂ ਦੇ ਨਾਲ ਕਰੋੜਾਂ ਦੇ ਨਕਦ ਇਨਾਮ ਦਿੱਤੇ ਜਾਣਗੇ। ਇਸ ਦੇ ਤਹਿਤ ਚਾਂਦੀ ਦੇ ਤਮਗੇ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ 2 ਕਰੋੜ ਅਤੇ ਕਾਂਸੀ ਦੇ ਤਮਗੇ ਜਿੱਤਣ ਵਾਲਿਆਂ ਨੂੰ 1.5 ਕਰੋੜ ਦਾ ਇਨਾਮ ਦਿੱਤਾ ਜਾਵੇਗਾ। 

ਇਸ ਤੋਂ ਬਾਅਦ ਰਾਣਾ ਗੁਰਮੀਤ ਸੋਢੀ ਨੇ ਕਿਹਾ ਕਿ ਏਸ਼ੀਅਨ ਅਤੇ ਕਾਮਨਵੈਲਥ ਖੇਡਾਂ ਵਿਚ ਸੋਨੇ ਦੇ ਤਮਗੇ ਜਿੱਤਣ ਵਾਲੇ ਖਿਡਾਰੀਆਂ ਨੂੰ ਸਰਕਾਰ ਵੱਲੋਂ ਇਕ ਕਰੋੜ ਰੁਪਏ, ਚਾਂਦੀ ਅਤੇ ਕਾਂਸੀ ਦੇ ਤਮਗੇ ਜਿੱਤਣ ਵਾਲੇ ਖਿਡਾਰੀਆਂ ਨੂੰ 75 ਲੱਖ ਅਤੇ 50 ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ।