ਵਾਹਨਾਂ 'ਤੇ ਗੋਤ, ਪੇਸ਼ਾ, ਅਹੁਦਾ ਲਿਖਵਾਉਣ ਵਾਲੇ ਹੁਣ ਹੋ ਜਾਣ ਸਾਵਧਾਨ

ਏਜੰਸੀ

ਖ਼ਬਰਾਂ, ਪੰਜਾਬ

ਹਾਈਕੋਰਟ ਨੇ ਅਜਿਹਾ ਕੁੱਝ ਲਿਖਵਾਉਣ 'ਤੇ ਲਗਾਈ ਪਾਬੰਦੀ

Name on the car

ਚੰਡੀਗੜ੍ਹ: ਅਪਣੀਆਂ ਕਾਰਾਂ, ਮੋਟਰਸਾਈਕਲਾਂ ਅਤੇ ਹੋਰ ਵਾਹਨਾਂ 'ਤੇ ਅਪਣਾ ਗੋਤ, ਪੇਸ਼ੇ ਦਾ ਨਾਮ ਅਤੇ ਹੋਰ ਸੈਲੀਬ੍ਰਿਟੀ ਸਟੇਟਸ ਲਿਖਵਾਉਣਾ ਹੁਣ ਤੁਹਾਨੂੰ ਕਾਫ਼ੀ ਮਹਿੰਗਾ ਪੈ ਸਕਦਾ ਹੈ ਕਿਉਂਕਿ ਅਜਿਹਾ ਕਰਨ ਵਾਲਿਆਂ ਨੂੰ ਹੁਣ ਚੰਡੀਗੜ੍ਹ ਵਿਚ ਭਾਰੀ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦੈ। ਜੀ ਹਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਾਰੇ ਸਰਕਾਰੀ ਅਤੇ ਗ਼ੈਰ ਸਰਕਾਰੀ ਵਾਹਨਾਂ 'ਤੇ ਗੋਤ, ਪੇਸ਼ੇ ਦੇ ਨਾਮ, ਸੰਗਠਨ ਅਤੇ ਸੈਲੀਬ੍ਰਿਟੀ ਸਟੇਟਸ ਦੇ ਹੋਰ ਪ੍ਰਤੀਕਾਂ ਨੂੰ ਲਿਖਵਾਉਣ 'ਤੇ ਪਾਬੰਦੀ ਲਗਾ ਦਿੱਤੀ ਹੈ।

ਇੱਥੋਂ ਤਕ ਕਿ ਨਿਆਂਇਕ ਅਧਿਕਾਰੀਆਂ ਦੇ ਵਾਹਨਾਂ ਨੂੰ ਵੀ ਕੋਈ ਛੂਟ ਨਹੀਂ ਦਿੱਤੀ ਗਈ। ਹਾਈਕੋਰਟ ਨੇ ਚੰਡੀਗੜ੍ਹ ਪੁਲਿਸ ਨੂੰ ਆਦੇਸ਼ ਜਾਰੀ ਕੀਤੇ ਨੇ ਕਿ ਉਹ ਅਜਿਹਾ ਲਿਖਣ ਵਾਲਿਆਂ ਵਿਰੁੱਧ ਕਾਰਵਾਈ ਕਰੇ। ਹਾਈਕੋਰਟ ਵੱਲੋਂ ਦਿੱਤੇ ਗਏ ਆਦੇਸ਼ ਮੁਤਾਬਕ ਵਾਹਨਾਂ 'ਤੇ ਸਟਿੱਕਰ ਅਤੇ ਆਰਮੀ, ਨੌਸੈਨਾ, ਪ੍ਰੈੱਸ, ਪ੍ਰਧਾਨ, ਉਪ ਪ੍ਰਧਾਨ, ਪੁਲਿਸ, ਕੋਰਟ, ਡਾਕਟਰ, ਡੀਸੀ, ਮੇਅਰ, ਵਿਧਾਇਕ ਆਦਿ ਸ਼ਬਦ ਲਿਖਵਾਉਣ 'ਤੇ ਰੋਕ ਲਗਾ ਦਿੱਤੀ ਗਈ ਹੈ।

 ਸਿਰਫ਼ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੇ ਵਾਹਨਾਂ ਨੂੰ ਛੂਟ ਦਿੱਤੀ ਗਈ ਐ। ਇਸ ਤੋਂ ਇਲਾਵਾ ਪਾਰਕਿੰਗ ਨੂੰ ਲੈ ਕੇ ਲੱਗੇ ਸਟਿੱਕਰਾਂ 'ਤੇ ਕੋਈ ਪਾਬੰਦੀ ਨਹੀਂ। ਹਾਈਕੋਰਟ ਦੇ ਆਦੇਸ਼ ਮੁਤਾਬਕ ਵਾਹਨਾਂ ਇਸ ਤਰ੍ਹਾਂ ਦੇ ਪ੍ਰਤੀਕ ਹਟਾਉਣ ਲਈ 72 ਘੰਟੇ ਦਾ ਸਮਾਂ ਦਿੱਤਾ ਗਿਐ, ਜੇਕਰ ਤੋਂ ਇਸ ਬਾਅਦ ਕੋਈ ਵਾਹਨ ਆਦੇਸ਼ਾਂ ਦੀ ਉਲੰਘਣਾ ਕਰਦਾ ਫੜਿਆ ਗਿਆ ਤਾਂ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਖ਼ਾਸ ਗੱਲ ਇਹ ਹੈ ਕਿ ਜਸਟਿਸ ਰਾਜੀਵ ਸ਼ਰਮਾ ਨੇ ਇਹ ਆਦੇਸ਼ ਜਾਰੀ ਕਰਨ ਤੋਂ ਬਾਅਦ ਸਭ ਤੋਂ ਪਹਿਲਾਂ ਅਪਣੇ ਹੀ ਵਾਹਨ ਤੋਂ ਅਪਣੇ ਸਟਾਫ਼ ਨੂੰ ਇਸ ਤਰ੍ਹਾਂ ਦੇ ਪ੍ਰਤੀਕ ਹਟਾਉਣ ਦੇ ਆਦੇਸ਼ ਦਿੱਤੇ। ਇਸ ਤੋਂ ਪਹਿਲਾਂ ਉਹ ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਵਿਚ ਵੀ ਇਸ ਤਰ੍ਹਾਂ ਦੇ ਆਦੇਸ਼ ਜਾਰੀ ਕਰਕੇ ਵਾਹਨਾਂ ਤੋਂ ਨਾਮ ਅਤੇ ਅਹੁਦਾ ਲਿਖਣ 'ਤੇ ਪਾਬੰਦੀ ਲਗਾ ਚੁੱਕੇ ਨੇ। ਇਹ ਆਦੇਸ਼ ਜਾਰੀ ਕਰਦਿਆਂ ਜਸਟਿਸ ਰਾਜੀਵ ਸ਼ਰਮਾ ਨੇ ਵਾਹਨਾਂ 'ਤੇ ਲਿਖੇ ਕੁੱਝ ਪ੍ਰਤੀਕਾਂ ਦੇ ਕਿੱਸੇ ਵੀ ਸਾਂਝੇ ਕੀਤੇ।

ਜਸਟਿਸ ਸ਼ਰਮਾ ਨੇ ਕਿਹਾ ਕਿ ਅਪਣੇ ਵਾਹਨ 'ਤੇ ਵਿਧਾਇਕ, ਚੇਅਰਮੈਨ, ਪੁਲਿਸ, ਆਰਮੀ ਅਤੇ ਪ੍ਰੈੱਸ ਆਦਿ ਲਿਖਵਾਉਣਾ ਤਾਂ ਸਮਝ ਵਿਚ ਆਉਂਦਾ ਐ ਪਰ ਕੁੱਝ ਲੋਕ ਤਾਂ ਇਸ ਮਾਮਲੇ ਵਿਚ ਹੱਣ ਹੀ ਕਰ ਦਿੰਦੇ ਨੇ। ਉਨ੍ਹਾਂ ਦੇਖਿਆ ਕਿ ਇਕ ਵਾਹਨ 'ਤੇ ਲਿਖਿਆ ਹੋਇਆ ਸੀ 'ਵਿਧਾਇਕ ਦਾ ਗੁਆਂਢੀ'। ਇਸੇ ਤਰ੍ਹਾਂ ਇਕ ਵਾਹਨ 'ਤੇ ਸਾਬਕਾ ਵਿਧਾਇਕ ਦੀ ਤਖ਼ਤੀ ਲੱਗੀ ਵੀ ਉਨ੍ਹਾਂ ਨੇ ਦੇਖੀ।

ਜਸਟਿਸ ਸ਼ਰਮਾ ਨੇ ਕਿਹਾ ਕਿ ਇਹ ਸਭ ਕੁੱਝ ਅਪਣੀ ਧੌਂਸ ਜਮਾਉਣ ਲਈ ਕੀਤਾ ਜਾਂਦਾ ਹੈ ਪਰ ਸੜਕ 'ਤੇ ਹਰ ਵਿਅਕਤੀ ਬਰਾਬਰ ਹੈ। ਹੁਣ ਜੇ ਤੁਸੀਂ ਵੀ ਅਪਣੇ ਵਾਹਨ 'ਤੇ ਅਪਣਾ ਅਹੁਦਾ, ਪੇਸ਼ਾ ਜਾਂ ਕੁੱਝ ਹੋਰ ਲਿਖਵਾਇਆ ਹੋਇਐ, ਜਿਸ ਨਾਲ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਹੁੰਦੀ ਹੋਵੇ ਤਾਂ ਤੁਰੰਤ ਉਸ ਨੂੰ ਹਟਾ ਦਿਓ ਕਿਉਂਕਿ ਨਹੀਂ ਤਾਂ ਤੁਹਾਨੂੰ ਭਾਰੀ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow  ਕਰੋ।