ਰਵਨੀਤ ਬਿੱਟੂ ਦੇ ਹਮਲੇ ਸਬੰਧੀ ਬਿਆਨਾਂ ਨੂੰ ਲੈ ਕੇ ਛਿੜੀ ਬਹਿਸ਼, ਦਾਅਵਿਆਂ ’ਤੇ ਉਠੇ ਸਵਾਲ
ਰਵਨੀਤ ਬਿੱਟੂ ਦੇ ਖੁਦ ’ਤੇ ਹਮਲੇ ਬਾਰੇ ਬਦਲਦੇ ਬਿਆਨਾਂ ’ਤੇ ਉਠਣ ਲੱਗੇ ਸਵਾਲ
ਚੰਡੀਗੜ੍ਹ : ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ’ਤੇ ਬੀਤੇ ਕੱਲ੍ਹ ਹੋਏ ਹਮਲੇ ਦੀ ਕਹਾਣੀ ਜਿਉਂ ਜਿਉਂ ਸਮਾਂ ਬੀਤਦਾ ਜਾ ਰਿਹਾ ਹੈ, ਹੋਰ-ਹੋਰ ਰੂਪ ਧਾਰਨ ਕਰਦੀ ਜਾ ਰਹੀ ਹੈ। ਖੁਦ ਰਵਨੀਤ ਸਿੰਘ ਬਿੱਟੂ ਨੇ ਹਮਲੇ ਤੋਂ ਤੁਰੰਤ ਬਾਅਦ ਇਕ ਟੀਵੀ ਚੈਨਲ ਨਾਲ ਗੱਲਬਾਤ ਦੌਰਾਨ ਇਸ ਨੰੂ ਮਾਮੂਲੀ ਟਕਰਾਅ ਦਸਦਿਆਂ ਹਮਲਾਵਰਾਂ ਖਿਲਾਫ਼ ਕੋਈ ਵੀ ਕਾਰਵਾਈ ਜਾਂ ਬਿਆਨ ਦੇਣ ਤੋਂ ਇਨਕਾਰ ਕੀਤਾ। ਬਿੱਟੂ ਨੇ ਕਿਹਾ ਸੀ ਕਿ ਉਹ ਹਮਲਾਵਰਾਂ ਨੂੰ ਮੁਆਫ਼ ਕਰਦੇ ਹਨ ਅਤੇ ਕੋਈ ਕਾਰਵਾਈ ਜਾਂ ਉਨ੍ਹਾਂ ਖਿਲਾਫ਼ ਬਿਆਨ ਨਹੀਂ ਦੇਣਗੇ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਕਿਸਾਨੀ ਸੰਘਰਸ਼ ਨੂੰ ਠੇਸ ਪਹੁੰਚ ਸਕਦੀ ਹੈ ਜੋ ਉਹ ਨਹੀਂ ਚਾਹੁੰਦੇ। ਉਨ੍ਹਾਂ ਦਾ ਕਹਿਣਾ ਸੀ ਕਿ ਹਮਲਾ ਕਰਨ ਵਾਲੇ ਵੀ ਉਨ੍ਹਾਂ ਦੇ ਅਪਣੇ ਹੀ ਹਨ। ਇਹ ਉਹ ਲੋਕ ਹਨ ਜਿਨ੍ਹਾਂ ਕੋਲ ਉਹ ਪਿੰਡਾਂ ਵਿਚ ਵੋਟਾਂ ਮੰਗਣ ਲਈ ਜਾਂਦੇ ਹਨ ਅਤੇ ਉਹ ਵੀ ਸਾਡੇ ਕੋਲ ਅਪਣੇ ਕੰਮ ਲਈ ਆਉਂਦੇ ਹਨ।
ਮਾਮਲਾ ਮੀਡੀਆ ਵਿਚ ਛਾ ਜਾਣ ਬਾਅਦ ਜਿਉਂ ਜਿਉਂ ਵੱਡੀ ਗਿਣਤੀ ਮੀਡੀਆ ਬਿੱਟੂ ਤਕ ਪੱਖ ਜਾਣਨ ਲਈ ਪਹੁੰਚ ਕਰਦਾ ਗਿਆ, ਬਿੱਟੂ ਦੇ ਬਿਆਨ ਅਤੇ ਤੇਵਰ ਬਦਲਦੇ ਗਏ। ਸ਼ੁਰੂ ਵਿਚ ਬਿੱਟੂ ਕਹਿ ਰਹੇ ਸਨ ਕਿ ਉਨ੍ਹਾਂ ਨੂੰ ਉਥੇ ਮੌਜੂਦ ਕੁੱਝ ਭਲੇ ਵਿਅਕਤੀਆਂ ਨੇ ਬਚਾਇਆ ਹੈ ਕਿਉਂਕਿ ਉਹ ਬਿਨਾਂ ਸਕਿਊਰਟੀ ਤੋਂ ਉਥੇ ਗਏ ਸਨ। ਜਦਕਿ ਬਾਅਦ ਵਾਲੇ ਬਿਆਨਾਂ ਵਿਚ ਉਹ ਕਹਿੰਦੇ ਵਿਖਾਈ ਦੇ ਰਹੇ ਹਨ ਕਿ ਉਥੇ ਉਨ੍ਹਾਂ ਦੇ ਕਿਸੇ ਨੇ ਵੀ ਮਦਦ ਨਹੀਂ ਕੀਤੀ ਅਤੇ ਉਨ੍ਹਾਂ ਨੇ ਹਜ਼ਾਰਾਂ ਵਿਅਕਤੀਆਂ ਦਾ ਅਪਣੇ ਦੋ-ਤਿੰਨ ਸਾਥੀਆਂ ਸਮੇਤ ਮੁਕਾਬਲਾ ਕੀਤਾ ਹੈ।
ਬਿੱਟੂ ਮੁਤਾਬਕ ਉਹ ਉਥੇ ਹੀ ਬੈਠ ਗਏ ਸਨ ਅਤੇ ਹਮਲਾਵਰਾਂ ਨੂੰ ਕਹਿ ਦਿਤਾ ਸੀ ਕਿ ਉਹ ਜੋ ਕੁੱਝ ਵੀ ਕਰਨਾ ਚਾਹੰੁਦੇ ਹਨ, ਕਰ ਲੈਣ, ਪਰ ਅਸੀਂ ਮੌਕੇ ਤੋਂ ਬੁਜਦਿੱਲਾਂ ਵਾਂਗ ਭੱਜਾਂਗੇ ਨਹੀਂ। ਸਵਾ ਲਾਖ ਸੇ ਏਕ ਲੜਾਊ ਤੁਕ ਸਾਂਝੀ ਕਰਦਿਆਂ ਉਹ ਇੱਥੋਂ ਤਕ ਕਹਿ ਗਏ ਸਨ ਕਿ ਉਹ ਗੁਰੂ ਦੇ ਸਿੱਖ ਹਨ ਅਤੇ ਅਜਿਹੀਆਂ ਭੀੜਾਂ ਤੋਂ ਡਰਨ ਵਾਲੇ ਨਹੀਂ ਹਨ। ਪਰ ਅੱਜ ਘਟਨਾ ਤੋਂ 24 ਘੰਟੇ ਬਾਅਦ ਬਿੱਟੂ ਦੇ ਬਿਆਨ ਹੋਰ ਵੀ ਬਦਲ ਚੁੱਕੇ ਹਨ। ਹੁਣ ਉਹ ਇਸ ਲਈ ਯੋਗੇਦਰ ਯਾਦਵ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਸਾਨ ਆਗੂਆਂ ’ਤੇ ਵੀ ਸਵਾਲ ਉਠਾਉਣ ਲੱਗ ਪਏ ਹਨ ਜਿਨ੍ਹਾਂ ਨੇ ਯੋਗੇਦਰ ਯਾਦਵ ਵਰਗੇ ਸਿਆਸੀ ਬੰਦੇ ਨੂੰ ਅਪਣੀਆਂ ਸਟੇਜਾਂ ’ਤੇ ਬੋਲਣ ਦੀ ਇਜਾਜ਼ਤ ਦਿਤੀ ਹੈ।
ਰਵਨੀਤ ਬਿੱਟੂ ਨੇ ਫ਼ੋਟੋ ਸਾਝੀ ਕਰਦਿਆਂ ਕਿਹਾ ਕਿ ਗੁਰੂ ਤੇਗ ਬਹਾਦਰ ਮੈਮੋਰੀਅਲ ਵਿਖੇ ਚੱਲ ਰਹੇ ਜਨ ਸੰਸਦ ਵਿਚ ਯੋਗਿੰਦਰ ਯਾਦਵ ਨੇ ਵੀ ਸੰਬੋਧਨ ਕੀਤਾ ਜੋ ਸਾਡੇ ਜਾਣ ਤੋਂ ਕੁੱਝ ਸਮਾਂ ਪਹਿਲਾਂ ਹੀ ਉਥੋਂ ਰਵਾਨਾ ਹੋਇਆ ਸੀ। ਬਿੱਟੂ ਮੁਤਾਬਕ ਯੋਗੇਦਰ ਯਾਦਵ ਨੇ ਸਾਜ਼ਸ਼ ਤਹਿਤ ਹਮਲਾਵਰਾਂ ਨੂੰ ਸਾਡੇ ’ਤੇ ਹਮਲਾ ਕਰਨ ਲਈ ਉਕਸਾਇਆ ਅਤੇ ਖੁਦ ਮੌਕੇ ਤੋਂ ਚਲੇ ਗਿਆ। ਰਵਨੀਤ ਬਿੱਟੂ ਨੇ ਬਲਬੀਰ ਸਿੰਘ ਰਾਜੇਵਾਲ ਸਮੇਤ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਸਵਾਲ ਕੀਤਾ ਹੈ ਕਿ ਜਦੋਂ ਉਹ ਹੋਰ ਸਿਆਸੀ ਧਿਰਾਂ ਤੋਂ ਦੂਰੀ ਬਣਾ ਕੇ ਚੱਲ ਰਹੇ ਹਨ ਤਾਂ ਉਨ੍ਹਾਂ ਦੀਆਂ ਸਟੇਜਾਂ ’ਤੇ ਯੋਗੇਦਰ ਯਾਦਵ ਵਰਗਾ ਸਿਆਸੀ ਆਗੂ ਕੀ ਕਰ ਰਿਹਾ ਹੈ।
ਦੂਜੇ ਪਾਸੇ ਰਵਨੀਤ ਬਿੱਟੂ ਨੂੰ ਬਚਾਉਣ ਵਾਲੇ ਨੌਜਵਾਨਾਂ ਦੀਆਂ ਵੀਡੀਓ ਵੀ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਵਿਚ ਉਹ ਕਹਿ ਰਹੇ ਹਨ ਕਿ ਉਨ੍ਹਾਂ ਨੇ ਰਵਨੀਤ ਬਿੱਟੂ ਨੂੰ ਉਥੇ ਆਉਣ ਦਾ ਕਾਰਨ ਪੁਛਿਆ ਅਤੇੇ ਖ਼ਤਰੇ ਨੂੰ ਭਾਪਦਿਆਂ ਉਨ੍ਹਾਂ ਨੂੰ ਉਥੋਂ ਚਲੇ ਜਾਣ ਦੀ ਬੇਨਤੀ ਕੀਤੀ ਪਰ ਰਵਨੀਤ ਬਿੱਟੂ ਨੇ ਉਨ੍ਹਾਂ ਦੀ ਗੱਲ ਨੂੰ ਅਣਗੌਲਿਆ ਕਰਦਿਆਂ ਉਥੇ ਹੀ ਬਹਿ ਕੇ ਕਹਿਣਾ ਸ਼ੁਰੂ ਕਰ ਦਿਤਾ ਕਿ ਆਉ ਮੈਨੂੰ ਮਾਰੋ...। ਨੌਜਵਾਨਾਂ ਨੇ ਸਿਆਸੀ ਆਗੂਆਂ ਨੂੰ ਕਿਸਾਨਾਂ ਤੋਂ ਦੂਰ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਅਸੀਂ ਰਵਨੀਤ ਬਿੱਟੂ ਨੂੰ ਬੜੀ ਮੁਸ਼ਕਲ ਨਾਲ ਭੀੜ ਤੋਂ ਬਚਾਇਆ ਹੈ। ਇਸ ਦੌਰਾਨ ਅਸੀਂ ਰਵਨੀਤ ਬਿੱਟੂ ’ਤੇ ਹੋਣ ਵਾਲੇ ਵਾਰਾਂ ਨੂੰ ਖੁਦ ’ਤੇ ਲੈ ਲਿਆ ਜਿਸ ਕਾਰਨ ਕਈਆਂ ਦੇ ਮਾਮੂਲੀ ਸੱਟਾਂ ਵੀ ਵੱਜੀਆਂ ਹਨ। ਨੌਜਵਾਨਾਂ ਮੁਤਾਬਕ ਜੇਕਰ ਉਹ ਅਪਣੀ ਜਾਨ ’ਤੇ ਖੇਡ ਕੇ ਬਿੱਟੂ ਦੀ ਰੱਖਿਆ ਨਾ ਕਰਦੇ ਤਾਂ ਕੁੱਝ ਵੀ ਹੋ ਸਕਦਾ ਸੀ, ਪਰ ਰਵਨੀਤ ਬਿੱਟੂ ਨੇ ਸਮੇਂ ਦੀ ਨਜ਼ਾਕਤ ਨੂੰ ਵੇਖਦਿਆਂ ਉਥੋਂ ਪਰ੍ਹੇ ਜਾਣ ਦੀ ਬਜਾਏ ਉਲਟਾ ਭੀੜ ਨੂੰ ਖੁਦ ’ਤੇ ਹਮਲੇ ਲਈ ਉਕਸਾਇਆ ਜੋ ਸਾਡੀ ਵੀ ਸਮਝ ਤੋਂ ਪਰ੍ਹੇ ਹੈ ਕਿ ਆਖ਼ਰ ਉਹ ਚਾਹੁੰਦੇ ਕੀ ਸਨ।
ਦੂਜੇ ਪਾਸੇ ਸੋਸ਼ਲ ਮੀਡੀਆ ’ਤੇ ਰਵਨੀਤ ਬਿੱਟੂ ’ਤੇ ਹੋਏ ਹਮਲੇ ਨੂੰ ਲੈ ਕੇ ਬਹਿਸ਼ ਛਿੜ ਗਈ ਹੈ। ਵੱਡੀ ਗਿਣਤੀ ਲੋਕ ਇਸ ਨੂੰ ਸਿਆਸੀ ਸਟੰਟ ਦੱਸ ਰਹੇ ਹਨ। ਬਿੱਟੂ ਮੁਤਾਬਕ ਉਸ ’ਤੇ ਹਜ਼ਾਰਾਂ ਦੀ ਗਿਣਤੀ ਵਿਚ ਭੀੜ ਨੇ ਹਮਲਾ ਕੀਤਾ ਤੇ ਉਹ ਅਪਣੀ ਬਹਾਦਰੀ ਨਾਲ ਉਥੋਂ ਬੱਚ ਨਿਕਲਣ ਵਿਚ ਕਾਮਯਾਬ ਹੋਏ ਜਦਕਿ ਕੁੱਝ ਸੈਂਕੜਿਆਂ ਦੀ ਹੀ ਭੀੜ ਕੀ ਕੁੱਝ ਕਰ ਸਕਦੀ ਹੈ, ਇਸ ਦਾ ਅੰਦਾਜ਼ਾ ਭੀੜ ਵਲੋਂ ਬੀਤੇ ਸਮੇਂ ਕੀਤੇ ਕਾਰਿਆਂ ਤੋਂ ਚੱਲ ਜਾਂਦਾ ਹੈ। ਬਿੱਟੂ ਮੁਤਾਬਕ ਉਹ ਜਿਸ ਇਲਾਕੇ ਵਿਚ ਗਏ ਸਨ, ਉਹ ਕਿਸਾਨਾਂ ਦੇ ਧਰਨੇ ਤੋਂ ਦੂਰ ਸੀ, ਲੋਕ ਸਵਾਲ ਉਠਾ ਰਹੇ ਹਨ ਕਿ ਜੇਕਰ ਉਹ ਧਰਨਾ ਸਥਾਨ ਤੋਂ ਦੂਰ ਸੀ ਤਾਂ ਉਹ ਬਿਨਾਂ ਸਕਿਊਰਟੀ ਦੇ ਉਥੇ ਕਿਉਂ ਗਏ? ਸਵਾਲ ਉਠਾਉਣ ਵਾਲਿਆਂ ਦਾ ਕਹਿਣਾ ਹੈ ਕਿ ਬਿੱਟੂ ਭੀੜ ਕੋਲ ਹਥਿਆਰ ਹੋਣ ਦਾ ਦਾਅਵਾ ਕਰ ਰਹੇ ਹਨ ਜਦਕਿ ਧੱਕਾਮੁਕੀ ਤੋਂ ਇਲਾਵਾ ਕਿਸੇ ਨੂੰ ਵੀ ਕੋਈ ਗੰਭੀਰ ਸੱਟ ਨਹੀਂ ਲੱਗੀ। ਭੀੜ ਨੇ ਬਿੱਟੂ ਦੀ ਗੱਡੀ ਰਵਾਨਾ ਹੋਣ ਵਕਤ ਗੱਡੀ ’ਤੇ ਗੁੱਸਾ ਜ਼ਰੂਰ ਕੱਢਿਆ ਪਰ ਬਿੱਟੂ ਜਾਂ ਉਸ ਨੂੰ ਬਚਾਉਣ ਵਾਲਿਆਂ ’ਤੇ ਗੰਭੀਰ ਹਮਲਾ ਨਹੀਂ ਕੀਤਾ।