ਭਗਵੰਤ ਮਾਨ 'ਤੇ ਡਾ. ਅੰਬੇਡਕਰ ਦਾ ਅਪਮਾਨ ਕਰਨ ਦੇ ਇਲਜ਼ਾਮ, SC ਕਮਿਸ਼ਨ ਵਲੋਂ ਨੋਟਿਸ ਜਾਰੀ
ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਵਿਵਾਦਾਂ ਵਿਚ ਘਿਰ ਗਏ ਹਨ।
ਚੰਡੀਗੜ੍ਹ: ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਵਿਵਾਦਾਂ ਵਿਚ ਘਿਰ ਗਏ ਹਨ। ਦਰਅਸਲ ਭਗਵੰਤ ਮਾਨ ’ਤੇ ਡਾ. ਭੀਮ ਰਾਓ ਅੰਬੇਦਕਰ ਦਾ ਅਪਮਾਨ ਕਰਨ ਦੇ ਇਲਜ਼ਾਮ ਲੱਗੇ ਹਨ, ਜਿਸ ਦੇ ਚਲਦਿਆਂ ਐਸਸੀ ਕਮਿਸ਼ਨ ਵਲੋਂ ਇਕ ਨੋਟਿਸ ਜਾਰੀ ਕੀਤਾ ਗਿਆ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਓ ਵਿਚ ਭਗਵੰਤ ਮਾਨ ਨੇ ਆਪਣੇ ਗਲੇ ਵਿਚ ਪਾਇਆ ਹਾਰ ਉਤਾਰ ਕੇ ਡਾ. ਅੰਬੇਡਕਰ ਦੇ ਬੁੱਤ 'ਤੇ ਪਾਇਆ। ਇਸ ਨੂੰ ਸੰਵਿਧਾਨ ਦੇ ਨਿਰਮਾਤਾ ਡਾ.ਬੀ.ਆਰ.ਅੰਬੇਦਕਰ ਦਾ ਅਪਮਾਨ ਦੱਸਿਆ ਜਾ ਰਿਹਾ ਹੈ।
Bhagwant Mann
ਨੈਸ਼ਨਲ ਐਸਸੀ ਕਮਿਸ਼ਨ ਨੇ ਪੂਰੇ ਮਾਮਲੇ ਦੀ ਰਿਪੋਰਟ ਤਲਬ ਕਰ ਲਈ ਹੈ। ਹਾਲਾਂਕਿ 'ਆਪ' ਪਾਰਟੀ ਵੱਲੋਂ ਇਸ 'ਤੇ ਅਜੇ ਤੱਕ ਕੋਈ ਰਸਮੀ ਪ੍ਰਤੀਕਿਰਿਆ ਨਹੀਂ ਆਈ ਹੈ। ਦਰਅਸਲ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਲੋਕ ਕਾਂਗਰਸ ਦੇ ਜਨਰਲ ਸਕੱਤਰ ਜਗਦੀਸ਼ ਜੱਸਲ ਨੇ ਐਸਸੀ ਕਮਿਸ਼ਨ ਨੂੰ ਸ਼ਿਕਾਇਤ ਭੇਜੀ ਹੈ।
Photo
ਉਹਨਾਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਵਿਚ ਕਿਹਾ ਕਿ ਇਹ ਡਾਕਟਰ ਅੰਬੇਡਕਰ ਦਾ ਅਪਮਾਨ ਹੈ ਜਿਸ ਕਾਰਨ ਦਲਿਤ ਸਮਾਜ ਵਿਚ ਰੋਸ ਹੈ। ਜੱਸਲ ਨੇ ਕਿਹਾ ਕਿ ਕਮਿਸ਼ਨ ਨੇ ਉਹਨਾਂ ਕੋਲੋਂ ਇਸ ਕੇਸ ਨਾਲ ਸਬੰਧਤ ਵੀਡੀਓ ਅਤੇ ਫੋਟੋਆਂ ਮੰਗੀਆਂ ਹਨ। ਉਹਨਾਂ ਨੇ ਵੀਡਿਓ ਕਲਿੱਪ ਅਤੇ ਫੋਟੋਆਂ ਕਮਿਸ਼ਨ ਨੂੰ ਸੌਂਪ ਦਿੱਤੀਆਂ ਹਨ। ਦੱਸ ਦਈਏ ਕਿ ਭਗਵੰਤ ਮਾਨ ਬੀਤੇ ਦਿਨ ਜਲੰਧਰ ਦੇ ਨਕੋਦਰ ਵਿਖੇ ਚੋਣ ਪ੍ਰਚਾਰ ਕਰਨ ਪਹੁੰਚੇ ਸਨ।