ਬਾਦਲ ਨੂੰ ਤਾਂ ਆਮ ਆਦਮੀ ਦਾ ਮਤਲਬ ਵੀ ਨਹੀਂ ਪਤਾ, ਕੈਪਟਨ ਨੇ ਦੱਸਿਆ ਸ਼ਾਹ ਨੂੰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੀ ਸੂਬਾ ਸਰਕਾਰ ਵਲੋਂ ਸ਼ੁਰੂ ਕੀਤੀ ਇਕ ਵੀ ਭਲਾਈ ਸਕੀਮ ਬਾਰੇ ਦੱਸਣ ਲਈ ਕੈਪਟਨ ਵਲੋਂ ਭਾਜਪਾ ਮੁਖੀ ਨੂੰ ਚੁਣੌਤੀ

Captain Amarinder Singh

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਵਾਸਤੇ ਬਾਦਲ ਸਰਕਾਰ ਵਲੋਂ ਕੀਤੇ ਕਾਰਜਾਂ ਲਈ ਨੰਗਾ ਚਿੱਟਾ ਝੂਠ ਬੋਲਣ ਲਈ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਸਭ ਤੋਂ ਵੱਡਾ ਅਕਾਲੀ ਆਗੂ ਤਾਂ ਆਮ ਆਦਮੀ ਦਾ ਮਤਲਬ ਵੀ ਨਹੀਂ ਜਾਣਦਾ।

ਕੈਪਟਨ ਸਰਕਾਰ ਵਿਰੁਧ ਝੂਠੇ ਦੋਸ਼ਾਂ ਨਾਲ ਲੋਕਾਂ ਨੂੰ ਗੁੰਮਰਾਹ ਕਰਨ ਦੀ ਸ਼ਾਹ ਵਲੋਂ ਕੀਤੀ ਕੋਸ਼ਿਸ਼ ਦੀ ਆਲੋਚਨਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਅਪਣੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਨਾਲ ਮਿਲ ਕੇ ਬੇਸ਼ਰਮੀ ਭਰੇ ਝੂਠ ’ਚ ਬੁਰੀ ਤਰਾਂ ਧਸ ਗਈ ਹੈ ਅਤੇ ਇਹ ਪੰਜਾਬ ਵਿਚ ਅਪਣੀ ਖੁਸੀ ਸਿਆਸੀ ਜ਼ਮੀਨ ਵਾਪਿਸ ਹਾਸਲ ਕਰਨ ਲਈ ਨਿਰਾਸ਼ਾਜਨਕ ਕੋਸ਼ਿਸ਼ਾਂ ਕਰ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਆਗੂ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਅਪਣਾ ਸ਼ਿਕਾਰ ਬਣਾਉਣ ਲਈੇ ਅੱਤ ਦਰਜੇ ਦੇ ਘਟੀਆ ਦੋਸ਼ ਲਾਉਣ ਦੇ ਨਾਲ ਨਾਲ ਆਧਾਰਹੀਣ ਦਾਅਵੇ ਕਰ ਰਹੇ ਹਨ ਅਤੇ ਇਹ ਲੋਕਾਂ ਵਿਚ ਚਰਚਾ ’ਚ ਆਉਣ ਲਈ ਘਟੀਆ ਦਾਅ ਪੇਚ ਵਰਤ ਰਹੇ ਹਨ। ਉਨਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਵਿਚ ਮੋਦੀ ਸਰਕਾਰ ਕਾਰਜਹੀਣਤਾ ਦੇ ਕਾਰਨ ਪੂਰੀ ਤਰਾਂ ਡਾਵਾਂ ਡੋਲ ਹੋ ਗਈ ਹੈ।

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਆਮ ਆਦਮੀ ਵਜੋਂ ਪੰਜਾਬ ਦੀ ਸੱਤਾ ਚਲਾਉਣ ਦੇ ਸ਼ਾਹ ਦੇ ਹਾਸੋਹੀਣੇ ਦਾਅਵਿਆਂ ਨੂੰ ਰੱਦ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਸਰਪ੍ਰਸਤ ਆਮ ਆਦਮੀ ਨਾਲੋਂ ਪੂਰੀ ਤਰਾਂ ਟੁੱਟਿਆ ਰਿਹਾ ਅਤੇ ਉਸ ਦੇ ਸੂਬੇ ਵਿਚ ਕੁਸ਼ਾਸਨ ਦੌਰਾਨ ਉਸ ਦੇ ਲੰਗੋਟੀਆਂ ਨੇ ਬੇਸ਼ਰਮੀ ਨਾਲ ਲੁੱਟਮਾਰ ਕੀਤੀ। ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਪੰਜਾਬ ਦੇ ਲੋਕਾਂ ਲਈ ਇਕ ਵੀ ਪਹਿਲਕਦਮੀ ਕਰਨ ਤੋਂ ਅਸਫ਼ਲ ਰਹੀ।

ਸੂਬੇ ਵਿਚ ਗੰਭੀਰ ਵਿੱਤੀ ਸੰਕਟ ਦੇ ਬਾਵਜੂਦ ਕੇਂਦਰ ਦੀ ਭਾਜਪਾ ਸਰਕਾਰ ਸੂਬੇ ਦੀ ਮਦਦ ਕਰਨ ਵਿਚ ਅੱਗੇ ਆਉਣ ਤੋਂ ਨਾਕਾਮ ਰਹੀ। ਅੱਜ ਇੱਥੇ ਜਾਰੀ ਇਕ ਤਾਬੜਤੋੜ ਬਿਆਨ ਵਿਚ ਮੁੱਖ ਮੰਤਰੀ ਨੇ ਸ਼ਾਹ ਤੋਂ ਪੁੱਛਿਆ, ‘‘ਉਨਾਂ ਨੇ ਕਿਸਾਨਾਂ ਲਈ ਕੀ ਕੀਤਾ? ਪਰਾਲੀ ਸਾੜਨ ਤੋਂ ਰੋਕਣ ਲਈ ਉਨਾਂ ਨੇ ਇਨਾਂ ਸਾਲਾਂ ਦੌਰਾਨ ਕੀ ਕੀਤਾ? ਉਦਯੋਗ ਵਿਚ ਉਨਾਂ ਨੇ ਕਿਹੜੀਆਂ ਪਹਿਲਕਦਮੀਆਂ ਕੀਤੀਆਂ? ਨੌਜਵਾਨਾਂ ਨੂੰ ਨਸ਼ਿਆਂ ਵਿਚ ਕਿਸ ਨੇ ਧੱਕਿਆ?’’

 ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਪ੍ਰਧਾਨ ਤੋਂ ਪੁੱਛਿਆ ਕਿ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਪਿਛਲੀ ਬਾਦਲ ਸਰਕਾਰ ਨੇ ਸਿਹਤ ਤੋਂ ਸਿੱਖਿਆ ਅਤੇ ਵਾਤਾਵਰਣ ਤੋਂ ਵਿਕਾਸ ਤੱਕ ਕੋਈ ਵੀ ਸਕੀਮ ਸ਼ੁਰੂ ਕੀਤੀ? ਸ਼ਾਹ ਵਲੋਂ ਬਾਦਲ ਦੇ ਆਮ ਆਦਮੀ ਵਜੋਂ ਕੰਮ ਕਾਜ ਕਰਨ ਦੇ ਕੀਤੇ ਦਾਅਵੇ ਦੀ ਖਿੱਲੀ ਉਡਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਮੁੱਖੀ ਪੰਜਾਬ ਦੀਆਂ ਜ਼ਮੀਨੀਆਂ ਹਕੀਕਤਾਂ ਤੋਂ ਪੂਰੀ ਤਰਾਂ ਟੁੱਟਿਆ ਹੋਇਆ ਹੈ।

ਉਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਕਾਂਗਰਸ ਸਰਕਾਰ ਨੇ ਸਿਰਫ਼ ਸੂਬੇ ਦੇ ਵਿਕਾਸ ਨੂੰ ਸੁਰਜੀਤ ਹੀ ਨਹੀਂ ਕੀਤਾ ਸਗੋਂ ਸੂਬੇ ਦੇ ਹਰ ਵਰਗ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਅਪਣੇ ਵਾਅਦਿਆਂ ਨੂੰ ਪੂਰਾ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਜੇ ਉਹ ਆਮ ਆਦਮੀ ਬਾਰੇ ਸੱਚਮੁੱਚ ਚਿੰਤਤ ਸਨ ਤਾਂ ਉਨ੍ਹਾਂ ਨੇ ਕਿਸਾਨਾਂ ਨੂੰ ਭਾਰੀ ਭਰਕਮ ਕਰਜ਼ ਤੋਂ ਬਚਾਉਣ ਦੀ ਥਾਂ ਉਨ੍ਹਾਂ ਨੂੰ ਖੁਦਕੁਸ਼ੀਆਂ ਦੇ ਰਾਹ ’ਤੇ ਤੁਰੇ ਰਹਿਣ ਦੀ ਆਗਿਆ ਕਿਉਂ ਦਿਤੀ? 

ਉਨ੍ਹਾਂ ਨੇ ਮੌਜੂਦਾ ਸਰਕਾਰ ਦੀ ਤਰਾਂ ਐਸ.ਟੀ.ਐਫ ਦੀ ਸਥਾਪਨਾ ਨਹੀਂ ਕੀਤੀ ਅਤੇ ਨਾ ਹੀ ਉਨ੍ਹਾਂ ਨੇ ਨਸ਼ੇ ਦੇ ਮਾਫ਼ੀਏ ਤੋਂ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਲਈ ਕੋਈ ਹੋਰ ਸਕੀਮ ਸ਼ੁਰੂ ਕੀਤੀ। ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਅਪਣੀ ਸਰਕਾਰ ਵਲੋਂ ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਯੋਜਨਾ ਸ਼ੁਰੂ ਕਰਨ ਦੀ ਸਫ਼ਲਤਾ ਦਾ ਜ਼ਿਕਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਬਾਦਲ ਸਰਕਾਰ ਕੋਲ ਸੂਬੇ ਦੇ ਬੇਰੁਜ਼ਗਾਰ ਲੜਕੇ ਅਤੇ ਲੜਕੀਆਂ ਲਈ ਅਜਿਹੀ ਕੋਈ ਵੀ ਸਕੀਮ ਨਹੀਂ ਸੀ।

ਉਨਾਂ ਕਿਹਾ, ‘‘ਮੇਰੀ ਸਰਕਾਰ ਨੇ ਉਦਯੋਗਿਕ ਬਿਜਲੀ ਸਬਸਿਡੀ ਦਿਤੀ, ਅਸੀਂ ਵੇਲਨੈਸ ਕਲੀਨਿਕਸ ਸ਼ੁਰੂ ਕੀਤੇ, ਪੀਣ ਵਾਲੇ ਪਾਣੀ ਤੇ ਸੈਨੀਟੇਸ਼ਨ ਪ੍ਰੋਜੈਕਟ ਸ਼ੁਰੂ ਕੀਤੇ, ਦਿਹਾਤੀ ਸੜਕਾਂ ਦੀ ਮੁਰੰਮਤ, ਸਮਾਰਟ ਸਿਟੀ ਅਤੇ ਸਮਾਰਟ ਵਿਲੇਜ਼ ਮੁਹਿੰਮਾਂ ਸ਼ੁਰੂ ਕੀਤੀਆਂ। ਅਸੀਂ ਸਕੂਲ, ਕਾਲਜ, ਸੜਕਾਂ ਤੇ ਪੁਲ ਬੁਣਾਏ। ਅਸੀਂ ਪੈਨਸ਼ਨ, ਅਸ਼ੀਰਵਾਦ ਅਤੇ ਹੋਰ ਸਕੀਮਾਂ ਵਿਚ ਵਾਧਾ ਕੀਤਾ। ਅਸਲ ਹੱਕਦਾਰਾਂ ਨੂੰ ਲਾਭ ਮਿਲਣ ਨੂੰ ਯਕੀਨੀ ਬਣਾਇਆ ਅਤੇ ਪੈਸਾ ਜਾਅਲੀ ਸ਼ਾਸਕਾਂ ਤੇ ਕਰਮਚਾਰੀਆਂ ਦੀਆਂ ਜੇਬਾਂ ਵਿੱਚ ਨਹੀਂ ਗਿਆ।

ਅਸੀਂ ਖੁਸੇ ਉਦਯੋਗ ਤੇ ਨਿਵੇਸ਼ ਨੂੰ ਵਾਪਿਸ ਲਿਆ ਰਹੇ ਹਾਂ।’’ ਕੈਪਟਨ ਅਮਰਿੰਦਰ ਸਿੰਘ ਨੇ ਪੁੱਛਿਆ ਕਿ ਸਾਬਕਾ ਮੁੱਖ ਮੰਤਰੀ ਨੇ ਕੋਈ ਅਸਰਦਾਇਕ ਭਲਾਈ ਸਕੀਮ ਸ਼ੁਰੂ ਕੀਤੀ? ਜੇ ਉਸ ਨੇ ਅਜਿਹਾ ਕੀਤਾ ਹੁੰਦਾ ਤਾਂ ਲੋਕ ਉਸ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੱਤਾ ਤੋਂ ਲਾਂਭੇ ਨਾ ਕਰਦੇ। ਉਨ੍ਹਾਂ ਕਿਹਾ ਕਿ ਆਉਂਦਿਆਂ ਲੋਕ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਹੋਰ ਨਿਵਾਣਾ ਵਿਚ ਚਲੀਆਂ ਜਾਣਗੀਆਂ।

ਮੁੱਖ ਮੰਤਰੀ ਨੇ ਸ਼ਾਹ ਨੂੰ ਕਿਹਾ ਕਿ ਤੁਹਾਨੂੰ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰਨਾ ਚਾਹੀਦਾ ਹੈ ਅਤੇ ਤੁਹਾਨੂੰ ਇਹ ਦੱਸਣਾ ਚਾਹੀਦਾ ਹੈ ਕਿ ਤੁਹਾਡੀ ਸਰਕਾਰ ਨੇ ਪਿਛਲੇ ਪੰਜ ਸਾਲ ਕੀ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਨੂੰ ਯਕੀਨੀ ਬਣਾਉਣ ਵਾਸਤੇ ਫੰਡ ਦੇਣ ਵਿਚ ਵੀ ਅਸਫ਼ਲ ਰਹੀ ਹੈ। ਇਸ ਤੋਂ ਉਸ ਦੀ ਮਾਨਸਿਕਤਾ ਅਤੇ ਲੋਕ ਵਿਰੋਧੀ ਭਾਵਨਾਵਾਂ ਦਾ ਪ੍ਰਗਟਾਵਾ ਹੁੰਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਇਨ੍ਹਾਂ ਦੇ ਝੂਠ ਵਿਚ ਆਉਣ ਤੋਂ ਸਾਵਧਾਨ ਕੀਤਾ ਹੈ।

Related Stories