ਢਡਰੀਆਂ ਵਾਲੇ ਦਾ ਮਾਮਲਾ ਟੀ.ਵੀ. ਚੈਨਲਾਂ 'ਤੇ ਬਹਿਸ ਵਾਲਾ ਨਹੀਂ : ਪ੍ਰੋ. ਸਰਚਾਂਦ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਵਾਇਤ ਮੁਤਾਬਕ ਅਕਾਲ ਤਖ਼ਤ ਸਾਹਿਬ ਹੀ ਇਕੋ ਇਕ ਹੱਲ

File Photo

ਅੰਮ੍ਰਿਤਸਰ  (ਸੁਖਵਿੰਦਰਜੀਤ ਸਿੰਘ ਬਹੋੜੂ): ''ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ਦਾ ਟੀ ਵੀ ਚੈਨਲਾਂ 'ਤੇ ਬਹਿਸ ਲਈ ਦੂਜਿਆਂ ਨੂੰ ਲਲਕਾਰਨਾ ਇਕ ਬਚਕਾਨਾ ਹਰਕਤ ਹੈ। ਉਸ ਦਾ ਮਾਮਲਾ ਕਿਸੇ ਜਥੇਬੰਦੀ ਜਾਂ ਵਿਅਕਤੀ ਨਾਲ ਨਿਜੀ ਨਹੀਂ ਰਿਹਾ, ਪੰਥਕ ਰੂਪ ਲੈ ਚੁੱਕਿਆ ਹੈ ਜਿਸ ਕਾਰਨ ਇਸ ਮਾਮਲੇ ਨੂੰ ਸਿਰਫ਼ ਤੇ ਸਿਰਫ਼ ਅਕਾਲ ਤਖ਼ਤ ਸਾਹਿਬ 'ਤੇ ਹੀ ਰਵਾਇਤੀ ਤਰੀਕੇ ਨਾਲ ਵਿਚਾਰਿਆ ਅਤੇ ਸੁਲਝਾਇਆ ਜਾ ਸਕਦਾ ਹੈ।''

ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਇਸ ਸਮੇਂ ਢਡਰੀਆਂ ਵਾਲੇ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਜਨਤਕ ਤੌਰ 'ਤੇ ਲਲਕਾਰੇ ਜਾਂ ਚੈਲੰਜ ਕਰੇ। ਢਡਰੀਆਂ ਵਾਲੇ ਪ੍ਰਤੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਿਕਾਇਤ ਹੋਈ ਹੈ ਜਿਸ ਕਾਰਨ ਉਹ ਇਸ ਵਕਤ ਇਕ ਮੁਲਜ਼ਮ ਹੈ। ਉਹ ਅਕਾਲ ਤਖ਼ਤ ਸਾਹਿਬ ਵਲੋਂ ਗਠਤ ਪੰਜ ਮੈਂਬਰੀ ਕਮੇਟੀ ਨਾਲ ਵਿਚਾਰ ਕਰ ਸਕਦਾ ਹੈ।

ਅਪਣਾ ਪੱਖ ਅਕਾਲ ਤਖ਼ਤ ਸਾਹਿਬ ਕੋਲ ਰੱਖ ਸਕਦਾ ਹੈ। ਭਾਈ ਢਡਰੀਆਂ ਵਾਲੇ ਦੀ ਹਾਲ ਹੀ ਵਿਚ ਜਾਰੀ ਵੀਡੀਉ ਪੂਰੀ ਤਰ੍ਹਾਂ ਗੁਮਰਾਹਕੁਨ ਅਤੇ ਗ਼ੈਰ ਮਿਆਰੀ ਹੈ। ਗੁਰ ਅਸਥਾਨਾਂ ਦੇ ਸਤਿਕਾਰ ਦੀ ਗੱਲ ਕਰਨ ਵਾਲੇ ਨੂੰ ਇਹ ਵੀ ਯਾਦ ਨਹੀਂ ਹੋਣਾ ਕਿ ਉਹ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਖ਼ਰੀ ਵਾਰ ਕਦੋਂ ਗਿਆ? ਉਸ ਦੇ ਆਫੀਸ਼ਲ ਬੁਲਾਰੇ ਵਲੋਂ ਇਕ ਟੀ ਵੀ ਡਿਬੇਟ ਦੌਰਾਨ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮਹਿਜ਼ ਬਿਲਡਿੰਗ ਕਹਿਣ ਤੋਂ ਹੀ ਗੁਰ ਅਸਥਾਨਾਂ ਪ੍ਰਤੀ ਉਸ ਦੇ ਨਜ਼ਰੀਏ ਬਾਰੇ ਕੋਈ ਭੁਲੇਖਾ ਨਹੀਂ ਰਹਿ ਜਾਂਦਾ।

ਇਕ ਵੱਡੀ ਰਕਮ ਅਪਣੇ 'ਤੇ ਖ਼ਰਚ ਕਰ ਕੇ ਵੀ ਢਡਰੀਆਂ ਵਾਲਾ ਅਪਣੇ ਆਪ ਨੂੰ ਪੁਜਾਰੀ ਨਹੀਂ ਕਹਾਉਂਦਾ। ਅਪਣੇ ਨਾਮ ਕੋਈ ਪ੍ਰਾਪਰਟੀ ਨਾ ਹੋਣ ਪ੍ਰਤੀ ਝੂਠ ਦਾ ਪਰਦਾ ਪਹਿਲਾਂ ਹੀ ਫ਼ਾਸ਼ ਹੋ ਚੁੱਕਿਆ ਹੈ। ਪਰ ਅੱਜ ਤਕ ਵੀ ਉਹ ਦੋ ਕਿੱਲੇ ਜ਼ਮੀਨ ਗੁਰੂ ਗ੍ਰੰਥ ਸਾਹਿਬ ਦੇ ਨਾਮ ਕਿਉਂ ਨਹੀਂ ਲਗਵਾਈ? ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ 30 ਕਿਲੇ ਜ਼ਮੀਨ ਲਵਾਉਣ ਦਾ ਦਾਅਵਾ ਕਰਨ ਵਾਲਾ ਕੀ ਫ਼ਰਦਾ ਪੇਸ਼ ਕਰਨ ਦੀ ਖੇਚਲ ਕਰੇਗਾ ਵੀ? ਸਾਧਾਂ ਸੰਤਾਂ ਨੂੰ ਛੱਡ ਕੇ ਮਿਸ਼ਨਰੀ ਜਮਾਤ ਨਾਲ ਜੋਟੀਆਂ ਪਾਉਣ ਦੇ ਬਾਵਜੂਦ ਉਹ ਵੀ ਇਸ ਦਾ ਸਾਥ ਛੱਡ ਚੁਕੇ ਹਨ ਤਾਂ ਇਸ ਵਰਤਾਰੇ ਪ੍ਰਤੀ ਢਡਰੀਆਂ ਵਾਲੇ ਨੂੰ ਅੰਤਰ ਝਾਤ ਮਾਰਨੀ ਚਾਹੀਦੀ ਹੈ।

ਢਡਰੀਆਂ ਵਾਲੇ ਨੂੰ ਇਸ ਵਕਤ ਕਿਸੇ ਨੂੰ ਟੀ ਵੀ ਚੈਨਲਾਂ 'ਤੇ ਡਿਬੇਟ ਲਈ ਵੰਗਾਰਨ ਤੋਂ ਪਹਿਲਾਂ ਮਾਮਲੇ ਦੇ ਹੱਲ ਲਈ ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਕਰਨੀ ਚਾਹੀਦੀ ਹੈ। ਉਪਰੰਤ ਕਿਸੇ ਨਾਲ ਵੀ ਡਿਬੇਟ ਕਰ ਲਵੇ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।