ਢਡਰੀਆਂ ਵਾਲਿਆਂ ਵਿਰੁਧ ਕਾਰਜਕਾਰੀ ਜਥੇਦਾਰ ਅਤੇ ਮੁਤਵਾਜ਼ੀ ਜਥੇਦਾਰ ਦੋਵੇਂ ਡਟੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਢਡਰੀਆਂ ਵਾਲੇ ਨੂੰ ਖ਼ਾਨਾਜੰਗੀ ਦਾ ਰਾਹ ਛੱਡ ਕੇ ਗੱਲਬਾਤ ਦਾ ਰਸਤਾ ਅਖ਼ਤਿਆਰ ਕਰਨਾ ਚਾਹੀਦਾ ਹੈ'

File Photo

ਬਠਿੰਡਾ (ਦਿਹਾਤੀ)(ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ): ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬਣਾਈ ਕਮੇਟੀ ਅੱਗੇ ਪੇਸ਼ ਨਾ ਹੋਣ ਦਾ ਉਠਿਆ ਵਿਵਾਦ ਖ਼ਤਮ ਹੋਣ ਦਾ ਨਾਂ ਨਹੀ ਲੈ ਰਿਹਾ ਜਦਕਿ ਉਨ੍ਹਾਂ ਦੇ ਬੁਲਾਰੇ ਵਲੋਂ ਅਕਾਲ ਤਖ਼ਤ ਸਾਹਿਬ ਅਤੇ ਸਰੋਵਰ ਸਬੰਧੀ ਕੀਤੀ ਬਿਆਨਬਾਜ਼ੀ ਦੇ ਸਬੰਧ ਵਿਚ ਅਕਾਲ ਤਖ਼ਤ ਦੇ ਕਾਰਜਕਾਰੀ ਅਤੇ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸਰਬੱਤ ਖ਼ਾਲਸਾ ਦੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੋਹਾਂ ਨੇ ਹੀ ਢਡਰੀਆਂ ਵਾਲਿਆਂ ਨੂੰ ਕਰੜੇ ਹੱਥੀਂ ਲਿਆ ਹੈ।

ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਨੇ ਜਿਥੇ ਬਣਾਈ ਕਮੇਟੀ ਦੀ ਰੀਪੋਰਟ ਆਉਣ 'ਤੇ ਫ਼ੈਸਲਾ ਸੰਗਤ ਵਲੋਂ ਕੀਤੇ ਜਾਣ ਦੀ ਗੱਲ ਆਖਣ ਦੇ ਨਾਲ ਉਨ੍ਹਾਂ ਨੂੰ ਪੰਥ ਵਿਚੋਂ ਛੇਕਣ ਦੀਆਂ ਅਫਵਾਹਾਂ ਨੂੰ ਗ਼ਲਤ ਕਰਾਰ ਦਿੰਦਿਆਂ ਕਿਹਾ ਹੈ ਕਿ ਢੱਡਰੀਆਂ ਵਾਲਿਆਂ ਵਲੋਂ ਅਕਾਲ ਤਖ਼ਤ ਸਾਹਿਬ ਦਾ ਸਿਸਟਮ ਖਰਾਬ ਹੋਣ ਸਬੰਧੀ ਕੀਤੀ ਜਾ ਰਹੀ ਬਿਆਨਬਾਜ਼ੀ ਨਿਰਆਧਾਰ ਹੈ ਪਰ ਫਿਰ ਵੀ ਜੇ ਉਹ ਅਪਣਾ ਕੋਈ ਸੁਝਾਅ ਜਾਂ ਸਹਿਯੋਗ ਦੇਣਾ ਚਾਹੁੰਦੇ ਹਨ, ਤਦ ਉਹ ਅਪਣੇ ਸੁਝਾਅ ਅਤੇ ਸਹਿਯੋਗ ਪੰਥ ਨੂੰ ਦੇਣ।

ਢਡਰੀਆਂ ਵਾਲਿਆਂ ਵਲੋਂ ਅਕਾਲ ਤਖ਼ਤ ਸਾਹਿਬ ਨੂੰ ਕਿੜਾਂ ਕੱਢਣ ਵਾਲਾ ਅਤੇ ਹਰਿਮੰਦਰ ਸਾਹਿਬ ਨੂੰ ਆਮ ਇਮਾਰਤ ਕਹੇ ਜਾਣ ਸਬੰਧੀ ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਸਿੱਖਾਂ ਲਈ ਹਮੇਸ਼ਾ ਮਹਾਨ ਹੈ ਅਤੇ ਰਹੇਗਾ। ਉਨ੍ਹਾਂ ਇਹ ਵੀ ਕਿਹਾ ਕਿ ਕਮੇਟੀ ਦੀ ਰੀਪੋਰਟ ਆਉਣ 'ਤੇ ਸੰਗਤ ਦੇ ਸਾਹਮਣੇ ਰੱਖੀ ਜਾਵੇਗੀ ਅਤੇ ਅਗਲਾ ਫ਼ੈਸਲਾ ਸੰਗਤ ਨੇ ਕਰਨਾ ਹੈ। ਉਧਰ ਇਕ ਵਖਰੇ ਬਿਆਨ ਵਿਚ ਤਖ਼ਤ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਭਾਈ ਢਡਰੀਆ ਵਾਲਿਆਂ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਅਤੇ ਹਰਿਮੰਦਰ ਸਾਹਿਬ ਕੋਈ ਆਮ ਇਮਾਰਤ ਨਹੀ, ਇਨ੍ਹਾਂ ਨਾਲ ਸਿੱਖਾਂ ਸਣੇ ਸਮੁੱਚੀ ਦੁਨੀਆਂ ਵਿਚ ਵਸਦੇ ਲੋਕਾਂ ਦੀ ਸ਼ਰਧਾ ਜੁੜੀ ਹੋਈ ਹੈ ਪਰ ਅਜਿਹੀਆ ਗੱਲਾਂ ਕਰ ਕੇ ਢਡਰੀਆਂ ਵਾਲਿਆਂ ਨੇ ਉਹ ਕੰਮ ਕੀਤਾ, ਜੋ ਮੁਗਲ ਅਤੇ ਦਿੱਲੀ ਵਾਲੇ ਨਹੀਂ ਕਰ ਸਕੇ।

ਜਥੇਦਾਰ ਦਾਦੂਵਾਲ ਨੇ ਅੱਗੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਜਿਸ ਨੂੰ ਮੀਰੀ-ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਨੇ ਅਪਣੇ ਹੱਥੀਂ ਬਣਾਇਆ ਹੋਵੇ ਅਤੇ ਸਿਰਜਣਾ ਕੀਤੀ ਹੋਵੇ, ਉਸ ਨੂੰ ਇਕ ਆਮ ਇਮਾਰਤ ਕਹਿਣਾ ਅਜਿਹੇ ਕਿਸੇ ਵਿਅਕਤੀ ਵਲੋਂ ਸ਼ੋਭਾ ਨਹੀਂ ਦਿੰਦੇ ਜਦਕਿ ਅਜਿਹਾ ਹੋਣ ਕਾਰਨ ਹੀ ਢਡਰੀਆਂ ਵਾਲਿਆਂ ਵਿਰੁਧ ਸੰਗਤ ਅਤੇ ਲੋਕਾਂ ਵਿਚ ਵੱਡਾ ਵਿਰੋਧ ਵਿਖਾਈ ਦੇ ਰਿਹਾ ਹੈ।

ਜਥੇਦਾਰ ਦਾਦੂਵਾਲ ਨੇ ਇਹ ਵੀ ਕਿਹਾ ਕਿ ਭਾਈ ਢਡਰੀਆਂ ਵਾਲੇ ਨੂੰ ਖ਼ਾਨਾਜੰਗੀ ਵਾਲਾ ਰਾਹ ਛੱਡ ਕੇ ਗੱਲਬਾਤ ਦਾ ਰਾਹ ਅਖ਼ਤਿਆਰ ਕਰਨਾ ਚਾਹੀਦਾ ਹੈ ਜਦਕਿ ਉਨ੍ਹਾਂ ਵਲੋਂ ਪ੍ਰਬੰਧਾਂ ਸਬੰਧੀ ਉਠਾਏ ਸਵਾਲਾਂ ਸਬੰਧੀ ਵੀ ਕਈ ਉਦਾਹਰਣਾਂ ਦੇ ਕੇ ਆਖਿਆ ਕਿ ਪ੍ਰਬੰਧ ਸਹੀ ਕਰਨ ਲਈ ਸੱਭ ਨੂੰ ਅੱਗੇ ਆਉਣਾ ਚਾਹੀਦਾ ਹੈ ਨਾਕਿ ਅਕਾਲ ਤਖ਼ਤ ਸਾਹਿਬ ਅਤੇ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਵਲ ਸਵਾਲ ਖੜੇ ਕਰਨੇ ਚਾਹੀਦੇ ਹਨ।