ਕਾਂਗਰਸ ਦੇ ਜਿਲ੍ਹਾ ਪ੍ਰਧਾਨ ਗੁਰਲਾਲ ਕਤਲ ਕਾਂਡ ਮਾਮਲੇ ‘ਚ ਫਰੀਦਕੋਟ ਪੁਲਿਸ ਨੂੰ ਮਿਲੀ ਵੱਡੀ ਸਫਲਤਾ
ਚਾਰ ਹੋਰ ਲੋਕਾਂ ਗ੍ਰਿਫ਼ਤਾਰ 315 ਬੋਰ ਰਿਵਾਲਵਰ ਅਤੇ ਕਈ ਜਿੰਦਾ ਕਾਰਤੂਸ ਅਤੇ ਇਕ ਮੋਟਰਸਾਈਕਲ ਬਰਾਮਦ...
ਫਰੀਦਕੋਟ: ਫਰੀਦਕੋਟ ਤੋਂ ਯੂਥ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਗੁਰਲਾਲ ਸਿੰਘ ਭੁੱਲਰ ਕਤਲ ਮਾਮਲੇ ਵਿਚ ਫਰੀਦਕੋਟ ਪੁਲਿਸ ਨੇ 5 ਲੋਕਾਂ ਨੂੰ ਗ੍ਰਿਫ਼ਤਾਰ ਉਨ੍ਹਾਂ ਕੋਲੋਂ ਇਕ 315 ਬੋਰ ਰਿਵਾਲਵਰ ਅਤੇ ਕਈ ਜਿੰਦਾ ਕਾਰਤੂਸ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ, ਪੁਲਿਸ ਵਲੋਂ ਫੜ੍ਹੇ ਗਏ ਕਥਿਤ ਦੋਸ਼ੀਆਂ ਨੂੰ ਅਦਾਲਤ ਵਿਚ ਕਰਕੇ ਪੁਲਿਸ ਰਿਮਾਂਡ ਹਾਸਲ ਕਰਨ ਦੀ ਗੱਲ ਕਹੀ ਜਾ ਰਹੀ ਹੈ ਅਤੇ ਪੁਲਿਸ ਨੂੰ ਇਹਨਾਂ ਫੜ੍ਹੇ ਗਏ ਕਥਿਤ ਦੋਸ਼ੀਆਂ ਤੋਂ ਕਈ ਵੱਡੇ ਸੁਰਾਗ ਹੱਥ ਲੱਗਣ ਦੀ ਉਮੀਦ ਹੈ।
ਜਦੋਂਕਿ ਦਿੱਲੀ ਪੁਲਿਸ ਵਲੋਂ ਫੜ੍ਹੇ ਗਏ 3 ਦੋਸ਼ੀਆਂ ਨੂੰ ਵੀ ਫਰੀਦਕੋਟ ਲਿਆਉਣ ਲਈ ਪੁਲਿਸ ਵਲੋਂ ਪਰੋਟਕਸ਼ਨ ਵਰੰਟ ਹਾਸਲ ਕਰਨ ਦੀ ਗੱਲ ਕਹੀ ਜਾ ਰਹੀ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆ DSP ਫਰੀਦਕੋਟ ਸਤਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਫਰੀਦਕੋਟ ਪੁਲਿਸ ਗੁਰਲਾਲ ਸਿੰਘ ਭੁੱਲਰ ਨੂੰ ਕਤਲ ਕਰਨ ਵਾਲੇ ਵਿਅਕਤੀਆਂ ਨੂੰ ਅਸਲਾ ਮੁਹਈਆ ਕਰਵਾਉਣ ਵਾਲੇ ਇਕ ਸ਼ਖਸ ਨੂੰ ਗਿਰਫ਼ਤਾਰ ਕੀਤਾ ਗਿਆ ਸੀ।
ਜਿਸ ਤੋਂ ਪੁਛਗਿੱਛ ਵਿਚ ਸਾਹਮਣੇ ਆਇਆ ਕਿ ਕੁਝ ਲੋਕਾਂ ਨੇ ਗੁਰਲਾਲ ਭੁੱਲਰ ਦੀ ਰੈਕੀ ਕੀਤੀ ਸੀ ਜਿੰਨਾ 4 ਲੋਕਾਂ ਨੂੰ ਅੱਜ ਗਿਰਫ਼ਤਾਰ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਹਨਾਂ ਫੜ੍ਹੇ ਗਏ ਕਥਿਤ ਦੋਸ਼ੀਆਂ ਤੋਂ ਇਕ 315 ਬੋਰ ਰਿਵਾਲਵਰ ਅਤੇ ਕਈ ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਉਹਨਾਂ ਕਿਹਾ ਕਿ ਫੜ੍ਹੇ ਗਏ ਇਹਨਾਂ 4 ਕਥਿਤ ਦੋਸ਼ੀਆਂ ਨੂੰ ਵੀ ਪੇਸ਼ ਅਦਾਲਤ ਕਰ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਹਨਾਂ ਪਾਸੋਂ ਕਈ ਸੁਰਾਗ ਮਿਲਣ ਦੀ ਆਸ ਹੈ।
ਉਹਨਾਂ ਦੱਸਿਆ ਕਿ ਹੁਣ ਤੱਕ ਇਸ ਮਾਮਲੇ ਵਿਚ 5 ਕਥਿਤ ਦੋਸ਼ੀ ਗਿਰਫ਼ਤਾਰ ਕੀਤੇ ਜਾ ਚੁੱਕੇ ਹਨ । ਉਹਨਾਂ ਕਿਹਾ ਕਿ ਦਿੱਲੀ ਪੁਲਿਸ ਵਲੋਂ ਗ੍ਰਿਫਤਾਰ 3 ਕਥਿਤ ਦੋਸ਼ੀਆਂ ਨੂੰ ਵੀ ਫ਼ਰੀਦਕੋਟ ਲਿਆਂਦਾ ਜਾ ਰਿਹਾ। ਕਤਲ ਦੇ ਕਾਰਨਾਂ ਬਾਰੇ ਪੁੱਛੇ ਗਏ ਸਵਾਲ ਤੇ ਉਹਨਾਂ ਕਿਹਾ ਕਿ ਇਹ ਜਾਂਚ ਦਾ ਹਿੱਸਾ ਹੈ ਇਸ ਬਾਰੇ ਹਾਲੇ ਗੱਲ ਕਰਨਾ ਠੀਕ ਨਹੀਂ।