ਖੰਨਾ ਪੁਲਿਸ ਵੱਲੋਂ 696 ਗ੍ਰਾਮ ਹੈਰੋਇਨ ਸਮੇਤ ਨਾਈਜ਼ੀਰੀਅਨ ਔਰਤ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਔਰਤ ਦੋਸ਼ੀ ਪਾਸੋਂ ਪੁਛਗਿਛ ਜਾਰੀ ਹੈ, ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ...

Dharuv Dahiya

ਖੰਨਾ : ਧਰੁਵ ਦਹਿਆ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਖੰਨਾ ਨੇ ਪ੍ਰੈਸ ਕਾਂਨਫਰੰਸ ਰਾਂਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਯੋਗ ਦਿਨਕਰ ਗੁਪਤਾ, ਆਈਪੀਐਸ ਡਾਇਰੈਕਟਰ ਜਨਰਲ ਪੁਲਿਸ ਪੰਜਾਬ, ਚੰਡੀਗੜ੍ਹ, ਰਣਬੀਰ ਸਿੰਘ ਖੱਟੜਾ ਆਈਪੀਐਸ ਡਿਪਟੀ ਇੰਸਪੈਕਟਰ ਲੁਧਿਆਣਾ, ਰੇਂਜ਼, ਲੁਧਿਆਣਾ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਦੀ ਤਸਕਰੀ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿੰਡੀ ਗਈ ਮੁਹਿੰਮ ਦੌਰਾਨ ਖੰਨਾ ਪੁਲਿਸ ਨੂੰ ਉਸ ਵੇਲੇ ਸਫ਼ਲਤਾ ਹਾਸਲ ਹੋਈ ਜਦੋਂ ਮੁਕੇਸ਼ ਕੁਮਾਰ, ਪੁਲਿਸ ਕਪਤਾਨ (ਉਕੋ),

ਮਨਜੀਤ ਸਿੰਘ ਉਪ ਪੁਲਿਸ ਕਪਤਾਨ ਖੰਨਾ, ਇੰਸਪੈਕਟਰ ਅਨਵਰ ਅਲੀ ਮੁੱਖ ਅਫ਼ਸਰ ਥਾਣਾ ਸਦਰ ਖੰਨਾ ਦੇ ਥਾਣੇਦਾਰ ਬਖ਼ਸੀਸ਼ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਪ੍ਰਿਸਟਿਨ ਮਾਲ ਜੀਟੀ ਰੋਡ ਅਲੌੜ ਨੇੜੇ ਨਾਕਾਬੰਦੀ ਕਰਕੇ ਸ਼ੱਕੀ ਵਹੀਕਲਾਂ ਅਤੇ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਗੋਬਿੰਦਗੜ੍ਹ ਪਾਸਿਓ ਆ ਰਹੀ ਬੱਸ ਹੋਲੀ ਹੋਣ ਪਰ ਉਸ ਦੀ ਪਿਛਲੀ ਤਾਕੀ ਵਿਚੋਂ ਇਕ ਵਿਦੇਸ਼ੀ ਔਰਤ ਉਤਰੀ, ਜਿਸ ਦੇ ਹੱਥ ਵਿਚ ਹੈਂਡ ਬੈਗ ਤਣੀਦਾਰ (ਪੁਰਸ਼) ਫੜ੍ਹਿਆ ਹੋਇਆ ਸੀ, ਜੋ ਤੇਜ਼ੀ ਨਾਲ ਪ੍ਰਿਸਟਿਨ ਮਾਲ ਸਾਇਡ ਨੂੰ ਤੁਰ ਪਈ।

ਜਿਸ ਨੂੰ ਪੁਲਿਸ ਪਾਰਟੀ ਨੇ ਸ਼ੱਕ ਦੀ ਬਿਨਾਹ ਪਰ ਰੋਕ ਕੇ ਉਸਦਾ ਨਾਮ ਅਤੇ ਪਤਾ ਪੁਛਿਆ ਜਿਸ ਨੇ ਅਪਣਾ ਨਾਮ ਜੋਏ ਉਕੋ ਵਾਸੀ ਇਕੇਜਾ ਲਗੌਸ ਸਿਟੀ ਨਾਈਜ਼ੀਰੀਆ ਹਾਲ ਵਾਸੀ ਦੁਵਾਰਕਾ ਦਿੱਲੀ ਦੱਸਿਆ। ਉਪ ਪੁਲਿਸ ਕਪਤਾਨ ਖੰਨਾ, ਦੀਪਕ ਰਾਏ ਨੂੰ ਮੌਕਾ ਪਰ ਬੁਲਾ ਕੇ ਵਿਦੇਸ਼ੀ ਔਰਤ ਦੀ ਤਲਾਸ਼ੀ ਕਰਨ ਪਰ ਉਸ ਕੋਲੋਂ ਫੜੇ ਬੈਗ ਵਿਚੋਂ ਲਿਫ਼ਾਫ਼ੇ ਵਿਚ ਲਪੇਟੀ 696 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਸਬੰਧੀ ਉਕਤ ਵਿਦੇਸ਼ੀ ਔਰਤ ਵਿਰੁੱਧ ਮੁਕੱਦਮਾ ਨੰਬਰ 64, ਮਿਤੀ 24.03.19 ਅ/ 21/61/85 ਐਨਜੀਪੀਐਸ ਐਕਟ ਥਾਣਾ ਸਦਰ ਖੰਨਾ ਦਰਜ ਰਜਿਸਟਰ ਕੀਤਾ ਗਿਆ।

ਪੁਛਗਿਛ ਦੌਰਾਨ ਇਹ ਪਤਾ ਚੱਲਿਆ ਹੈ ਕਿ ਉਕਤ ਔਰਤ ਵਿਦੇਸ਼ੀ ਲੜਕੀ ਨੇ ਇਹ ਹੈਰੋਇਨ ਦੀ ਖੇਪ ਦਿੱਲੀ ਤੋਂ ਇੱਕ ਨੀਗਰੋ ਪਾਸੋਂ ਲਈ ਸੀ ਤੇ ਅੰਮ੍ਰਿਤਸਰ ਬੱਸ ਸਟੈਂਡ ਪਰ ਕਿਸੇ ਵਿਅਕਤੀ ਨੂੰ ਇਸ ਹੈਰੋਇਨ ਦੀ ਡਿਲਵਰੀ ਕਰਨੀ ਸੀ। ਔਰਤ ਦੋਸ਼ੀ ਪਾਸੋਂ ਪੁਛਗਿਛ ਜਾਰੀ ਹੈ, ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।