ਬਠਿੰਡਾ ਸੀਟ ਤੋਂ ਲੜਣ ਲਈ ਦੁਚਿੱਤੀ 'ਚ ਹਰਸਿਮਰਤ, ਵਜ੍ਹਾ ਬੇਅਦਬੀ ਤੇ ਗੋਲੀਕਾਂਡ ਦੀਆਂ ਘਟਨਾਵਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਠਿੰਡਾ ਵਾਸੀਆਂ ਨੇ ਅਕਾਲੀ ਦਲ (ਬ) ਦੀਆਂ ਨੀਤੀਆਂ ਨੂੰ ਕੀਤਾ ਜਗ-ਜ਼ਾਹਰ

Spokesman tv interview Bathinda Peoples

ਚੰਡੀਗੜ੍ਹ: ਪੰਜਾਬ ਦੀ ਬਠਿੰਡਾ ਲੋਕਸਭਾ ਸੀਟ ਨੂੰ ਲੈ ਕੇ ਅਕਾਲੀ ਦਲ (ਬ) ਅਜੇ ਵੀ ਅਸਮੰਜਸ ਵਿਚ ਹੈ। ਅਕਾਲੀ ਦਲ (ਬ) ਨੂੰ ਸਮਝ ਨਹੀਂ ਆ ਰਿਹਾ ਕਿ ਉਹ ਹਰਸਿਮਰਤ ਕੌਰ ਬਾਦਲ ਨੂੰ ਬਠਿੰਡਾ ਤੋਂ ਚੋਣ ਮੈਦਾਨ ’ਚ ਉਤਾਰਨ ਜਾਂ ਫਿਰ ਫਿਰੋਜ਼ਪੁਰ ਤੋਂ। ਇਸ ਸਬੰਧੀ ਸਪੋਕਸਮੈਨ ਟੀਵੀ ਵਲੋਂ ਬਠਿੰਡਾ ਸ਼ਹਿਰ ਦਾ ਦੌਰਾ ਕਰਕੇ ਲੋਕਾਂ ਦੀ ਦਿਲੀ ਇੱਛਾ ਜਾਨਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੌਰਾਨ ਸ਼ਹਿਰ ਵਾਸੀਆਂ ਨੇ ਅਕਾਲੀ ਦਲ (ਬ) ਪ੍ਰਤੀ ਅਪਣਾ ਸਖ਼ਤ ਰੁੱਖ਼ ਅਪਣਾਉਂਦੇ ਹੋਏ ਕਿਹਾ ਕਿ ਹਰਸਿਮਰਤ ਕੌਰ ਬਾਦਲ ਬਠਿੰਡਾ ਸੀਟ ਤੋਂ ਹੁਣ ਨਹੀਂ ਜਿੱਤ ਸਕਦੀ।

ਇਸ ਦਾ ਮੁੱਖ ਕਾਰਨ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਕੋਟਕਪੁਰਾ ਗੋਲੀਕਾਂਡ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਡਰ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਹੈ, ਜਿਸ ਕਰਕੇ ਉਹ ਹੁਣ ਬਠਿੰਡਾ ਲੋਕਸਭਾ ਸੀਟ ਛੱਡ ਕੇ ਫਿਰੋਜ਼ਪੁਰ ਸੀਟ ਤੋਂ ਚੋਣ ਲੜਨ ਬਾਰੇ ਸੋਚ-ਵਿਚਾਰ ਕਰ ਰਹੀ ਹੈ। ਲੋਕਾਂ ਨੇ ਕਿਹਾ ਕਿ ਚੋਣਾਂ ਸਿਰ ’ਤੇ ਹਨ ਪਰ ਪਾਰਟੀ ਅਜੇ ਤੱਕ ਇਹ ਪੱਕਾ ਨਹੀਂ ਕਰ ਸਕੀ ਕਿ ਉਹ ਕਿੱਥੋਂ ਚੋਣ ਲੜੇਗੀ, ਇਸ ਦਾ ਸਾਫ਼ ਮਤਲਬ ਇਹੀ ਬਣਦਾ ਹੈ ਕਿ ਉਨ੍ਹਾਂ ਦੇ ਮਨ ਵਿਚ ਬੇਅਦਬੀ ਅਤੇ ਗੋਲੀਕਾਂਡ ਵਰਗੀਆਂ ਘਟਨਾਵਾਂ ਨੂੰ ਲੈ ਕੇ ਕਿਤੇ ਨਾ ਕਿਤੇ ਮਨ ਵਿਚ ਡਰ ਜ਼ਰੂਰ ਹੈ।

ਲੋਕਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਬਾਦਲਾਂ ਵਲੋਂ ਬਠਿੰਡਾ ਦੇ ਵਿਕਾਸ ਲਈ ਸੁਪਨੇ ਵਿਖਾਏ ਗਏ ਸਨ ਉਸ ਤਰ੍ਹਾਂ ਬਿਲਕੁਲ ਨਹੀਂ ਹੋਇਆ। ਬਠਿੰਡਾ ਦਾ ਕੋਈ ਖ਼ਾਸ ਵਿਕਾਸ ਨਹੀਂ ਕੀਤਾ ਗਿਆ। ਗੱਲਬਾਤ ਕਰਦਿਆਂ ਲੋਕਾਂ ਨੇ ਭਾਜਪਾ ਅਤੇ ਕਾਂਗਰਸ ਸਰਕਾਰ ਪ੍ਰਤੀ ਅਪਣੀ ਰਾਏ ਦਿੰਦੇ ਹੋਏ ਇਹ ਵੀ ਦੱਸਿਆ ਕਿ ਭਾਜਪਾ ਸਰਕਾਰ ਨੇ ਅਪਣੇ ਕਾਰਜਕਾਲ ਦੌਰਾਨ ਲੋਕਾਂ ਨੂੰ ਬੈਂਕਾਂ ਅੱਗੇ ਲਾਈਨਾਂ ਵਿਚ ਖੜ੍ਹਾ ਛੱਡਿਆ, ਇਸ ਤੋਂ ਇਲਾਵਾ ਮੋਦੀ ਸਰਕਾਰ ਨੇ ਅਪਣੇ ਕਾਰਜਕਾਲ ਵਿਚ ਨਾ ਤਾਂ ਕਿਸਾਨਾਂ ਲਈ, ਨਾ ਨੌਜਵਾਨਾਂ ਲਈ ਅਤੇ ਨਾ ਹੀ ਮਜ਼ਦੂਰਾਂ ਲਈ ਕੁਝ ਕੀਤਾ।

ਉਨ੍ਹਾਂ ਕਿਹਾ ਕਿ ਮੋਦੀ ਬਹੁਤ ਵੱਡਾ ਜੁਮਲੇਬਾਜ਼ ਹੈ। ਲੋਕਾਂ ਨੇ ਕਾਂਗਰਸ ਪ੍ਰਤੀ ਉਮੀਦਾਂ ਜਤਾਉਂਦੇ ਹੋਏ ਕਿਹਾ ਹੈ ਕਿ ਸ਼ਾਇਦ ਹੁਣ ਕਾਂਗਰਸ ਸਰਕਾਰ ਹੀ ਉਨ੍ਹਾਂ ਦੀਆਂ ਪਰੇਸ਼ਾਨੀਆਂ ਦਾ ਹੱਲ ਕਰੇਗੀ ਅਤੇ ਕਿਸਾਨਾਂ, ਨੌਜਵਾਨਾਂ ਤੇ ਮਜ਼ਦੂਰਾਂ ਦੇ ਹੱਕ ਵਿਚ ਨਿਤਰੇਗੀ।