ਖਹਿਰਾ ਨੇ ਅਸਤੀਫ਼ੇ ਦੇ ਨਾਂ 'ਤੇ ਸਮੁੱਚੇ ਪੰਜਾਬੀਆਂ ਨੂੰ ਬੁੱਧੂ ਬਣਾਉਣ ਵਾਲਾ ਸਟੰਟ ਖੇਡਿਆ : ਚੀਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ - ਐਮ.ਐਲ.ਏ. ਦੀ ਕੁਰਸੀ ਨਹੀਂ ਛੱਡਣਾ ਚਾਹੁੰਦਾ ਖਹਿਰਾ

Harpal Singh Cheema

ਚੰਡੀਗੜ੍ਹ : ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਨੇ ਸੁਖਪਾਲ ਸਿੰਘ ਖਹਿਰਾ ਵੱਲੋਂ ਵਿਧਾਇਕੀ (ਐਮ.ਐਲ.ਏ.) ਤੋਂ ਦਿੱਤੇ ਗਏ ਅਸਤੀਫ਼ੇ ਨੂੰ ਸਿਆਸੀ ਸਟੰਟ ਅਤੇ ਪੰਜਾਬ ਦੇ ਲੋਕਾਂ ਨਾਲ ਇਕ ਹੋਰ ਧੋਖਾ ਕਰਾਰ ਦਿੱਤਾ ਹੈ। ਚੀਮਾ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਸੁਖਪਾਲ ਸਿੰਘ ਐਮ.ਐਲ.ਏ. ਦੀ ਕੁਰਸੀ ਨਹੀਂ ਛੱਡਣਾ ਚਾਹੁੰਦਾ। ਇਹ ਗੱਲ ਖਹਿਰਾ ਵੱਲੋਂ ਦਿੱਤੇ ਗਏ ਅਸਤੀਫ਼ੇ ਤੋਂ ਸਾਬਤ ਹੁੰਦੀ ਹੈ।

ਚੀਮਾ ਮੁਤਾਬਕ ਖਹਿਰਾ ਨੇ ਅਸਤੀਫ਼ੇ ਦੇ ਨਾਂ 'ਤੇ ਸਮੁੱਚੇ ਪੰਜਾਬੀਆਂ ਨੂੰ ਬੁੱਧੂ ਬਣਾਉਣ ਵਾਲਾ ਸਟੰਟ ਖੇਡਿਆ ਹੈ। ਜੇ ਖਹਿਰਾ ਸੱਚਮੁੱਚ ਅਸਤੀਫ਼ਾ ਦੇਣਾ ਚਾਹੁੰਦੇ ਤਾਂ ਉਹ ਵਿਧਾਨ ਸਭਾ ਦੇ ਨਿਯਮਾਂ-ਕਾਨੂੰਨਾਂ ਮੁਤਾਬਕ ਸਿਰਫ਼ ਇਕ ਲਾਇਨ (ਸਤਰ) ਦਾ ਅਸਤੀਫ਼ਾ ਦਿੰਦੇ ਅਤੇ ਅਸਤੀਫ਼ੇ ਦੇ ਨਾਂ 'ਤੇ ਚਿੱਠਾ ਨਾ ਲਿਖਦੇ। ਚੀਮਾ ਨੇ ਦੱਸਿਆ ਕਿ ਵਿਧਾਇਕ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਸਿਰਫ਼ ਇਕ ਲਾਈਨ ਨਿਰਧਾਰਿਤ ਕੀਤੀ ਹੋਈ ਹੈ। ਜੇ ਕੋਈ ਵਿਧਾਇਕ ਉਸ ਨਿਰਧਾਰਿਤ ਫਾਰਮੈਟ ਤੋਂ ਬਾਹਰ ਜਾ ਕੇ ਕੋਈ ਸ਼ਬਦ ਜਾਂ ਲਾਈਨਾਂ ਲਿਖਦਾ ਹੈ ਤਾਂ ਸਪੀਕਰ ਉਸ ਦਾ ਅਸਤੀਫ਼ਾ ਸਵੀਕਾਰ ਨਹੀਂ ਕਰ ਸਕਦਾ। ਚੀਮਾ ਨੇ ਕਿਹਾ ਕਿ ਖਹਿਰਾ ਅਜਿਹੇ ਸਾਰੇ ਦਾਅ-ਪੇਚ ਜਾਣਦੇ ਹਨ, ਕਿ ਕੁਰਸੀ ਨਾਲ ਵੱਧ ਤੋਂ ਵੱਧ ਸਮਾਂ ਕਿਵੇਂ ਚਿੰਬੜਿਆ ਰਿਹਾ ਜਾ ਸਕਦਾ ਹੈ।

ਚੀਮਾ ਨੇ ਵਿਅੰਗ ਕਰਦਿਆਂ ਕਿਹਾ ਕਿ ਪੰਜਾਬ ਲਈ 100 ਅਹੁਦੇ ਕੁਰਬਾਨ ਕਰਨ ਦੀਆਂ ਢੀਂਗਾ ਮਾਰਨ ਵਾਲੇ ਖਹਿਰਾ ਦਾ ਅਸਲੀ ਚਿਹਰਾ ਨੰਗਾ ਹੋ ਚੁੱਕਿਆ ਹੈ। ਇਸ ਕਰ ਕੇ ਪੰਜਾਬ ਦੇ ਲੋਕ ਖਹਿਰਾ ਐਂਡ ਪਾਰਟੀ ਨੂੰ ਕਦੇ ਵੀ ਮੂੰਹ ਨਹੀਂ ਲਗਾਉਣਗੇ। ਨਾਜ਼ਰ ਸਿੰਘ ਮਾਨਸ਼ਾਹੀਆ 'ਤੇ ਟਿੱਪਣੀ ਕਰਦੇ ਹੋਏ ਚੀਮਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਨੈਤਿਕਤਾ ਦੇ ਪਾਠ ਪੜਾਉਣ ਵਾਲਿਆਂ ਦੀ ਅੱਜ ਨਾ ਜ਼ਮੀਰ ਜਾਗੀ ਹੈ ਅਤੇ ਨਾ ਹੀ ਖ਼ੁਦਮੁਖ਼ਤਿਆਰੀ ਲਈ ਤੜਫਦੀ 'ਪੰਜਾਬੀਅਤ' ਨੂੰ ਚੁਭੱਣ ਹੋਈ ਹੈ।