ਮਹੇਸ਼ਇੰਦਰ ਸਿੰਘ ਗਰੇਵਾਲ ਨੇ ਨਗਰ ਨਿਗਮ ਦੀ ਮਹਿਲਾ ਅਫ਼ਸਰ 'ਤੇ ਹਮਲੇ ਦੀ ਨਿਖੇਧੀ ਕੀਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗਰੇਵਾਲ ਨੇ ਸੰਸਦ ਮੈਂਬਰ ਤੇ ਉਸ ਦੇ ਮੰਤਰੀ ਕਦੀ ਸ਼ੈਅ ਦਾ ਲਗਾਇਆ ਦੋਸ਼

Maheshinder Singh Grewal

ਲੁਧਿਆਣਾ : ਸੀਨੀਅਰ ਅਕਾਲੀ ਆਗੂ ਅਤੇ ਲੁਧਿਆਣਾ ਤੋਂ ਪਾਰਟੀ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਦੋਸ਼ ਲਗਾਇਆ ਕਿ ਸਥਾਨਕ ਮੈਂਬਰ ਲੋਕ ਸਭਾ ਅਤੇ ਇੱਕ ਮੰਤਰੀ ਅਪਰਾਧੀਆਂ ਅਤੇ ਭੂ ਮਾਫੀਆ ਨੂੰ ਸ਼ੈਅ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਹੋ ਕਾਰਨ ਹੈ ਕਿ ਅਜਿਹੇ ਲੋਕਾਂ ਨੇ ਇਕ ਨੌਜਵਾਨ ਮਹਿਲਾ ਅਫ਼ਸਰ ਅਤੇ ਉਨ੍ਹਾਂ ਦੇ ਸਾਥੀਆਂ ਤੇ ਨਾਜਾਇਜ਼ ਕਬਜ਼ਾ ਵਿਰੋਧੀ ਕਾਰਵਾਈ ਦੌਰਾਨ ਹਮਲੇ ਦੀ ਹਿੰਮਤ ਦਿਖਾਈ।

ਗਰੇਵਾਲ ਨੇ ਦੋਸ਼ ਲਗਾਇਆ ਕਿ ਸੰਸਦ ਮੈਂਬਰ ਤੇ ਮੰਤਰੀ ਦੀ ਸਰਪ੍ਰਸਤੀ ਹੇਠ ਅਪਰਾਧੀ-ਭੂ ਮਾਫੀਆ ਗਠਜੋੜ ਹੈ ਜਿਹੜਾ ਅਫ਼ਸਰਾਂ ਤੇ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਅਜਿਹੇ ਵਿਅਕਤੀਆਂ ਨੂੰ ਸੱਤਾ ਦੀ ਸਰਪ੍ਰਸਤੀ ਪ੍ਰਾਪਤ ਨਾ ਹੋਵੇ ਤਾਂ ਉਹ ਸਰਕਾਰੀ ਅਫ਼ਸਰਾਂ ਨੂੰ ਛੋਹਣ ਦੀ ਹਿੰਮਤ ਤੱਕ ਨਹੀਂ ਵਿਖਾ ਸਕਦੇ। ਉਨ੍ਹਾਂ ਮਹਿਲਾ ਅਫ਼ਸਰ ਨੂੰ ਕਥਿਤ ਤੌਰ 'ਤੇ ਥੱਪੜ ਮਾਰਨ ਵਾਲੇ ਤੇ ਉਸ ਦੇ ਵਿਰੁੱਧ ਗ਼ਲਤ ਭਾਸ਼ਾ ਦੀ ਵਰਤੋਂ ਕਰਨ ਵਾਲੇ ਦੋਸ਼ੀ ਨੂੰ ਤੁਰੰਤ ਗ੍ਰਿਫ਼ਤਾਰ ਕੀਤੇ ਜਾਣ ਦੀ ਮੰਗ ਕੀਤੀ।

ਗਰੇਵਾਲ ਨੇ ਕਿਹਾ ਕਿ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਮੰਤਰੀ ਭਾਰਤ ਭੁਸ਼ਨ ਆਸ਼ੂ ਨੂੰ ਮਾਮਲੇ ਸਪਸ਼ਟੀਕਰਨ ਦੇਣਾ ਚਾਹੀਦਾ ਹੈ, ਕਿਉਂਕਿ ਦੋਸ਼ੀ ਨੂੰ ਉਨ੍ਹਾਂ ਦੋਨਾਂ ਦੀ ਸਰਪ੍ਰਸਤੀ ਪ੍ਰਾਪਤ ਹੈ। ਸੀਨੀਅਰ ਅਕਾਲੀ ਆਗੂ ਨੇ ਕਿਹਾ ਕਿ ਜੇ ਦੋਸ਼ੀ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਅਕਾਲੀ ਦਲ ਤੇ ਭਾਜਪਾ ਪੀੜਤ ਅਫਸਰਾਂ ਲਈ ਨਿਆਂ ਹਾਸਿਲ ਕਰਨ ਲਈ ਅੰਦੋਲਨ ਕਰਨਗੇ।

ਗਰੇਵਾਲ ਨੇ ਕਾਂਗਰਸੀ ਆਗੂਆਂ ਦੇ ਉਨ੍ਹਾਂ ਦਾਅਵਿਆਂ ਦਾ ਹਾਸਾ ਉਡਾਇਆ ਕਿ ਉਨ੍ਹਾਂ ਅਪਰਾਧ ਤੇ ਗੈਂਗਸਟਰਾਂ ਦਾ ਅੰਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ਆਪਣੀ ਡਿਊਟੀ ਨਿਭਾਅ ਰਹੀ ਇਕ ਸਰਕਾਰੀ ਅਫ਼ਸਰ ਨਾਲ ਅਜਿਹਾ ਹੋ ਸਕਦਾ ਹੈ ਤਾਂ ਅਸੀਂ ਕੁਝ ਸਮਝ ਸਕਦੇ ਹੋ ਕਿ ਆਮ ਲੋਕਾਂ ਦੀ ਕੀ ਹਾਲਤ ਹੋਵੇਗੀ। ਉਨ੍ਹਾਂ ਦੋਸ਼ ਲਗਾਇਆ ਕਿ ਅਪਰਾਧੀਆਂ ਅਤੇ ਭੂ ਮਾਫੀਆਂ 'ਚ ਗਠਜੋੜ ਹੈ। ਜਿਨ੍ਹਾਂ ਬਿੱਟੂ ਤੇ ਆਸ਼ੂ ਦੀ ਸਰਪ੍ਰਸਤੀ ਹਾਸਲ ਹੈ, ਜਿਹੜੇ ਅਫ਼ਸਰਾਂ ਨੂੰ ਕੰਮ ਨਹੀਂ ਕਰਨ ਦੇ ਰਹੇ। ਉਨ੍ਹਾਂ ਨੇ ਵਾਅਦਾ ਕੀਤਾ ਕਿ ਉਹ ਪੁਖ਼ਤਾ ਕਰਨਗੇ ਕਿ ਨਾ ਸਿਰਫ਼ ਮਾਮਲੇ 'ਚ ਬਣਦੀ ਕਾਰਵਾਈ ਹੋਵੇ, ਸਗੋਂ ਅਜਿਹੇ ਲੋਕਾਂ ਨੂੰ ਸ਼ੈਅ ਦੇਣ ਵਾਲਿਆਂ ਦਾ ਵੀ ਲੋਕਾਂ ਚ ਭਾਂਡਾ ਫੋੜ ਹੋਵੇ।