ਨਾਜਾਇਜ਼ ਮਾਈਨਿੰਗ ਵਿਰੁੱਧ ਜਾਗਰੂਕ ਬਜ਼ੁਰਗ ਨਾਗਰਿਕ ਦੀ ਨਹੀਂ ਸੁਣੀ ਗਈ ਸ਼ਿਕਾਇਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

70 ਸਾਲਾਂ ਬਜ਼ੁਰਗ ਸਰਦਾਰਾ ਸਿੰਘ ਨੇ ਅਪਣੀ ਸੇਵਾ ਮੁਕਤੀ ਤੋਂ ਬਾਅਦ ਦੀ ਜ਼ਿੰਦਗੀ ਅਪਣੇ ਇਲਾਕੇ ਵਿਚ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਸਮਰਪਿਤ ਕਰ ਦਿੱਤੀ ਹੈ।

Illegal Mining

ਮੋਹਾਲੀ: ਪੰਜਾਬ ਦੇ ਹੰਡੇਸਰਾ ਪਿੰਡ ਦੇ 70 ਸਾਲਾਂ ਬਜ਼ੁਰਗ ਸਰਦਾਰਾ ਸਿੰਘ ਨੇ ਅਪਣੀ ਸੇਵਾ ਮੁਕਤੀ ਤੋਂ ਬਾਅਦ ਦੀ ਜ਼ਿੰਦਗੀ ਅਪਣੇ ਇਲਾਕੇ ਵਿਚ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਸਮਰਪਿਤ ਕਰ ਦਿੱਤੀ ਹੈ। ਨਾਜਾਇਜ਼ ਮਾਈਨਿੰਗ ਬਾਰੇ ਗੱਲ ਕਰਦਿਆਂ ਸਰਦਾਰਾ ਸਿੰਘ ਨੇ ਕਿਹਾ ਕਿ ਹਰਿਆਣਾ ਨਾਲ ਲੱਗਦੀ ਘੱਗਰ ਅਤੇ ਤਾਂਗਰੀ ਨਹਿਰ ਵਿਚ ਨਾਜਾਇਜ਼ ਮਾਈਨਿੰਗ ਜ਼ਿਆਦਾ ਹੁੰਦੀ ਹੈ। ਸਰਦਾਰਾ ਸਿੰਘ 2004 ਵਿਚ ਭਾਰਤ ਸੰਚਾਰ ਨਿਗਮ ਲਿਮਟਡ (BSNL) ਤੋਂ ਡਿਵੀਜ਼ਨਲ ਇੰਜੀਨੀਅਰ ਦੇ ਤੌਰ ਤੇ ਸੇਵਾਮੁਕਤ ਹੋ ਗਏ ਸਨ।

ਉਹਨਾਂ ਕਿਹਾ ਕਿ ਸੇਵਾ ਮੁਕਤੀ ਤੋਂ ਪਹਿਲਾਂ ਵੀ ਉਹਨਾਂ ਨੇ ਨਾਜਾਇਜ਼ ਮਾਈਨਿੰਗ ਵਿਰੁੱਧ ਕਦਮ ਚੁੱਕੇ ਸਨ ਅਤੇ ਉਹਨਾਂ ਨੇ 1998 ਵਿਚ ਅਪਣੇ ਪਿੰਡ ਦੀ 75 ਏਕੜ ਪੰਚਾਇਤੀ ਜ਼ਮੀਨ ਨੂੰ ਕੁਝ ਲੋਕਾਂ ਦੇ ਕਬਜ਼ੇ ਤੋਂ ਬਚਾਇਆ ਸੀ। ਉਹਨਾਂ ਕਿਹਾ ਕਿ 1998 ਵਿਚ ਜਦੋਂ ਕੁਝ ਲੋਕਾਂ ਨੇ ਉਹਨਾਂ ਦੇ ਪਿੰਡ ਦੀ ਜ਼ਮੀਨ ਨੂੰ ਕਬਜ਼ੇ ਵਿਚ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਇਸ ਮਾਮਲੇ ਨੂੰ ਪਟਿਆਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆਂਦਾ। ਜਿਸ ਤੋਂ ਬਾਅਦ ਡਿਪਟੀ ਕਮਿਸ਼ਨਰ ਜਸਵੀਰ ਸਿੰਘ ਬੀਰ ਨੇ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਸੀ ਅਤੇ ਉਹਨਾਂ ਨੇ ਜ਼ਮੀਨ ਜੰਗਲਾਤ ਵਿਭਾਗ ਨੂੰ ਸੌਂਪ ਦਿੱਤੀ। 

ਸਰਦਾਰਾ ਸਿੰਘ ਦਾ ਕਹਿਣਾ ਹੈ ਕਿ ਪਿਛਲੇ 15 ਸਾਲਾਂ ਦੌਰਾਨ ਮੋਹਾਲੀ ਜ਼ਿਲ੍ਹੇ ਵਿਚ ਉਸਾਰੀ ਦੇ ਕਾਰੋਬਾਰ ‘ਚ ਤੇਜ਼ੀ ਆਉਣ ਨਾਲ ਨਾਜਾਇਜ਼ ਮਾਈਨਿੰਗ ਵਿਚ ਕਾਫੀ ਵਾਧਾ ਹੋਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਹਜ਼ਾਰਾਂ ਲੋਕ ਜ਼ੀਰਕਪੁਰ ਅਤੇ ਡੇਰਾਬੱਸੀ ‘ਚ ਜ਼ਮੀਨ ਲੈਣ ਆਉਂਦੇ ਹਨ। ਉਹਨਾਂ ਨੇ ਇਸ ਮਾਮਲੇ ਨੂੰ ਕਈ ਵਾਰ ਜ਼ਿਲ੍ਹਾ ਅਧਿਕਾਰੀਆਂ ਨਾਲ ਵੀ ਸਾਂਝਾ ਕੀਤਾ ਅਤੇ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਕਈ ਵਾਰ ਪੰਜਾਬ ਹਰਿਆਣਾ ਸਰਕਾਰ ਨੂੰ ਚਿੱਠੀ ਵੀ ਲਿਖੀ। ਸਰਦਾਰਾ ਸਿੰਘ ਨੇ ਕਿਹਾ ਕਿ ਕਈ ਵਾਰ ਅਧਿਕਾਰੀਆਂ ਨੂੰ ਸੂਚਿਤ ਕਰਨ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਉਹ ਹੁਣ ਵੀ ਨਾਜਾਇਜ਼ ਮਾਈਨਿੰਗ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਰਹਿਣਗੇ।