ਤਰਨਤਾਰਨ ਝੂਠਾ ਪੁਲਿਸ ਮੁਕਾਬਲਾ : 21 ਪੁਲਿਸ ਮੁਲਾਜ਼ਮਾਂ ਵਿਰੁੱਧ ਦੋਸ਼ ਤੈਅ
ਇਕ ਪੁਲਿਸ ਮੁਲਾਜ਼ਮ ਨੂੰ ਸਬੂਤਾਂ ਦੇ ਘਾਟ ਕਾਰਨ ਰਿਹਾਅ ਕੀਤਾ
ਐਸ.ਏ.ਐਸ. ਨਗਰ : ਕੇਂਦਰੀ ਜਾਂਚ ਬਿਊਰੋ ਦੀ ਵਿਸ਼ੇਸ਼ ਅਦਾਲਤ ਦੇ ਜੱਜ ਐਨ.ਐਸ. ਗਿੱਲ ਨੇ 1993 'ਚ ਤਰਨਤਾਰਨ ਵਿਖੇ ਹੋਏ ਝੂਠੇ ਪੁਲਿਸ ਮੁਕਾਬਲੇ 'ਚ ਪੰਜਾਬ ਪੁਲਿਸ ਦੇ 16 ਮੁਲਾਜ਼ਮਾਂ ਵਿਰੁੱਧ ਦੋਸ਼ ਤੈਅ ਕੀਤੇ ਹਨ। ਇਸ ਮਾਮਲੇ 'ਚ ਨਾਮਜ਼ਦ ਇਕ ਪੁਲਿਸ ਮੁਲਾਜ਼ਮ ਗੁਰਸ਼ਰਨ ਸਿੰਘ ਬੇਦੀ ਨੂੰ ਸਬੂਤਾਂ ਦੇ ਘਾਟ ਕਾਰਨ ਰਿਹਾਅ ਕਰ ਦਿੱਤਾ ਗਿਆ। ਨਾਮਜ਼ਦ ਦੋਸ਼ੀਆਂ ਵਿਰੁੱਧ 1 ਮਈ ਤੋਂ ਟ੍ਰਾਈਲ ਸ਼ੁਰੂ ਕੀਤਾ ਜਾਵੇਗਾ।
ਅਦਾਲਤ ਨੇ ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ ਤਰਨਤਾਰਨ ਤੇ ਪੰਜਾਬ ਪੁਲਿਸ ਦੇ ਉਨ੍ਹਾਂ 16 ਪੁਲਿਸ ਮੁਲਾਜ਼ਮਾਂ ਵਿਰੁੱਧ ਦੋਸ਼ ਤੈਅ ਕੀਤੇ ਹਨ, ਜਿਨ੍ਹਾਂ ਨੇ ਅਕਤੂਬਰ 1993 'ਚ 17 ਸਾਲ ਦੇ ਨਾਬਾਲਗ਼ ਬੱਚੇ ਨੂੰ ਅਗਵਾ ਕਰ ਕੇ ਮੁਕਾਬਲੇ ਦੌਰਾਨ ਮਾਰ ਦਿੱਤਾ ਸੀ। ਇਸ ਤੋਂ ਬਾਅਦ ਮੁਕਾਬਲਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਹ ਮੁਕਾਬਲਾ ਅਦਾਲਤ 'ਚ ਝੂਠਾ ਸਾਬਤ ਹੋਇਆ।
ਇਸ ਮਾਮਲੇ 'ਚ ਸੀਆਈਏ ਇੰਸਪੈਕਟਰ ਸੰਤ ਕੁਮਾਰ, ਤਤਕਾਲੀ ਇੰਸਪੈਕਟਰ ਬਖ਼ਸ਼ੀਸ਼ ਸਿੰਘ, ਸਬ ਇੰਸਪੈਕਟਰ ਸਮਸ਼ੇਰ ਸਿੰਘ, ਏਐਸਆਈ ਦਵਿੰਦਰ ਸਿੰਘ, ਗੋਪਾਲ, ਗੁਰਨਾਮ ਸਿੰਘ, ਹੌਲਦਾਰ ਇਕਬਾਲ ਸਿੰਘ, ਸਿਪਾਹੀ ਗੁਰਜੰਟ ਸਿੰਘ, ਗੁਰਸੇਵਕ ਸਿੰਘ, ਗੁਲਜ਼ਾਰਾ ਸਿੰਘ, ਅਮਰਜੀਤ ਸਿੰਘ, ਸੁਰਿੰਦਰ ਸਿੰਘ, ਬ੍ਰਹਮ ਦਾਸ, ਸੁਰਜੀਤ ਸਿੰਘ, ਰਾਮ ਸਿੰਘ, ਸੁਖਦੇਵ ਸਿੰਘ, ਐਸਪੀਓ ਜਸਪਾਲ ਸਿੰਘ, ਨਰਿੰਦਰਪਾਲ ਸਿੰਘ, ਗੁਰਬਚਨ ਸਿੰਘ ਸ਼ਾਮਲ ਹਨ।