ਗ੍ਰਿਫ਼ਤਾਰ ਕਾਰਕੁਨਾਂ ਦੇ ਪ੍ਰਵਾਰਾਂ ਨੇ ਪੁਲਿਸ ਦੇ ਦੋਸ਼ਾਂ ਨੂੰ ਝੂਠਾ ਦਸਿਆ
ਵਕੀਲ-ਕਾਰਕੁਨ ਸੁਧਾ ਭਾਰਦਵਾਜ ਅਤੇ ਪਿੱਛੇ ਜਿਹੇ ਛਾਪਿਆਂ 'ਚ ਗ੍ਰਿਫ਼ਤਾਰ ਹੋਰ ਕਾਰਕੁਨਾਂ ਦੇ ਰਿਸ਼ਤੇਦਾਰਾਂ ਨੇ ਉਨ੍ਹਾਂ ਦੇ ਮਾਉਵਾਦੀਆਂ ਨਾਲ ਰਿਸ਼ਤੇ ਹੋਣ.............
ਨਵੀਂ ਦਿੱਲੀ/ਮੁੰਬਈ/ਹੈਦਰਾਬਾਦ : ਵਕੀਲ-ਕਾਰਕੁਨ ਸੁਧਾ ਭਾਰਦਵਾਜ ਅਤੇ ਪਿੱਛੇ ਜਿਹੇ ਛਾਪਿਆਂ 'ਚ ਗ੍ਰਿਫ਼ਤਾਰ ਹੋਰ ਕਾਰਕੁਨਾਂ ਦੇ ਰਿਸ਼ਤੇਦਾਰਾਂ ਨੇ ਉਨ੍ਹਾਂ ਦੇ ਮਾਉਵਾਦੀਆਂ ਨਾਲ ਰਿਸ਼ਤੇ ਹੋਣ ਦੇ ਮਹਾਰਾਸ਼ਟਰ ਪੁਲਿਸ ਦੇ ਸਬੂਤ ਨੂੰ ਖ਼ਾਰਜ ਕਰਦਿਆਂ ਮਨਘੜਤ ਦਸਿਆ। ਮਹਾਰਾਸ਼ਟਰ ਪੁਲਿਸ ਵਲੋਂ ਗ੍ਰਿਫ਼ਤਾਰ ਪੰਜ ਕਾਰਕੁਨਾਂ 'ਚੋਂ ਇਕ ਭਾਰਦਵਾਜ ਨੇ ਜਾਂਚ ਏਜੰਸੀ ਦੇ ਦਾਅਵਿਆਂ ਨੂੰ ਸਿਰੇ ਤੋਂ ਖ਼ਾਰਜ ਕਰਦਿਆਂ ਕਿਹਾ ਕਿ ਇਹ ਚਿੱਠੀ 'ਪੂਰੀ ਤਰ੍ਹਾਂ ਮਨਘੜਤ' ਹੈ ਅਤੇ ਉਨ੍ਹਾਂ ਨੂੰ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਅਪਰਾਧੀ ਦੱਸਣ ਦੀ ਸਾਜ਼ਸ਼ ਹੈ।
ਪੁਲਿਸ ਨੇ ਸ਼ੁਕਰਵਾਰ ਨੂੰ ਦਾਅਵਾ ਕੀਤਾ ਸੀ ਕਿ ਭਾਰਦਵਾਜ ਨੇ ਕਿਸੇ 'ਕਾਮਰੇਡ ਪ੍ਰਕਾਸ਼' ਨਾਂ ਦੇ ਵਿਅਕਤੀ ਨੂੰ ਚਿੱਠੀ ਲਿਖੀ ਹੈ। ਇਸ 'ਤੇ ਪ੍ਰਤੀਕਿਰਿਆ ਪ੍ਰਗਟਾਉਂਦਿਆਂ ਭਾਰਦਵਾਜ ਨੇ ਹੱਥ ਨਾਲ ਲਿਖੇ ਇਕ ਬਿਆਨ 'ਚ ਸ਼ੁਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਪੁਣੇ ਤੋਂ ਲਿਜਾਣ ਤੋਂ ਪਹਿਲਾਂ ਇਸ 'ਮਨਘੜਤ ਚਿੱਠੀ' ਨੂੰ ਨਾ ਤਾਂ ਪੁਣੇ ਦੀ ਅਦਾਲਤ 'ਚ ਵਿਖਾਇਆ ਗਿਆ ਅਤੇ ਨਾ ਹੀ ਫ਼ਰੀਦਾਬਾਦ ਦੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਨੂੰ ਵਿਖਾਇਆ ਗਿਆ। ਮੁੰਬਈ 'ਚ ਇਕ ਪ੍ਰੈੱਸ ਕਾਨਫ਼ਰੰਸ 'ਚ ਪੁਲਿਸ ਨੇ ਜਨਵਰੀ 'ਚ ਕੋਰੇਗਾਉਂ-ਭੀਮਾ ਹਿੰਸਾ ਬਾਬਤ ਗ੍ਰਿਫ਼ਤਾਰ ਕਾਰਕੁਨਾਂ ਤੋਂ ਕਥਿਤ ਤੌਰ 'ਤੇ ਜ਼ਬਤ ਕੀਤੀਆਂ ਚਿੱਠੀਆਂ ਦੀ ਜਾਣਕਾਰੀ ਜਾਰੀ ਕੀਤੀ।
ਪੁਲਿਸ ਨੇ ਮੰਗਲਵਾਰ ਨੂੰ ਹੈਦਰਾਬਾਦ 'ਚ ਵਰਵਰ ਰਾਉ, ਮੁੰਬਈ 'ਚ ਵਰਨੋਨ ਗੋਂਸਾਲਵਿਸ, ਫ਼ਰੀਦਾਬਾਦ 'ਚ ਭਾਰਦਵਾਜ ਅਤੇ ਦਿੱਲੀ 'ਚ ਗੌਤਮ ਨਵਲਖਾਕੋ ਨੂੰ ਗ੍ਰਿਫ਼ਤਾਰ ਕੀਤਾ। ਵਰਨੋਨ ਗੋਂਸਾਲਵਿਸ ਦੇ ਪ੍ਰਵਾਰ ਨੇ ਵੀ ਕਿਹਾ ਕਿ ਇਹ ਦੋਸ਼ 'ਮਨਘੜਤ' ਹਨ। ਉਨ੍ਹਾਂ ਦੇ ਪੁੱਤਰ ਸਾਗਰ ਗੋਂਸਾਲਵਿਸ ਨੇ ਕਿਹਾ ਜਦੋਂ ਉਨ੍ਹਾਂ ਦੇ ਘਰ ਦੀ ਤਲਾਸ਼ੀ ਲਈ ਗਈ ਅਤੇ ਛਾਪੇ ਮਾਰੇ ਗਏ ਤਾਂ ਉਹ ਘਰ 'ਚ ਹੀ ਸਨ। ਉਨ੍ਹਾਂ ਕਿਹਾ, ''ਮੈਨੂੰ ਪਤਾ ਹੈ ਕਿ ਪੁਲਿਸ ਕੀ ਜ਼ਬਤ ਕੀਤਾ। ਜਦੋਂ ਪੁਲਿਸ ਕਥਿਤ ਦਸਤਾਵੇਜ਼ਾਂ ਬਾਰੇ ਝੂਠੇ ਦੋਸ਼ ਲਾ ਰਹੀ ਸੀ ਤਾਂ ਮੈਂ ਹਾਸਾ ਰੋਕ ਨਹੀਂ ਪਾ ਰਿਹਾ ਸੀ।''
ਕਾਰਕੁਨ ਦੀ ਪਤਨੀ ਅਤੇ ਪੇਸ਼ੇ ਤੋਂ ਵਕੀਲ ਸੁਜ਼ੈਨ ਅਬਰਾਹਮ ਨੇ ਪੁਲਿਸ ਦੀ ਕਾਰਵਾਈ ਨੂੰ ਇਕ ਜਨਵਰੀ ਨੂੰ ਹੋਈ ਕੋਰੇਗਾਉਂ-ਭੀਮਾ ਹਿੰਸਾ ਪਿੱਛੇ ਅਸਲੀ ਦੋਸ਼ੀਆਂ ਤੋਂ ਧਿਆਨ ਭਟਕਾਉਣ ਦੀ ਚਾਲ ਦਸਿਆ। ਉਨ੍ਹਾਂ ਕਿਹਾ ਕਿ ਇਨ੍ਹਾਂ 'ਚੋਂ ਕਿਸੇ ਵੀ ਦਸਤਾਵੇਜ਼ ਨੂੰ ਅਦਾਲਤ 'ਚ ਪੇਸ਼ ਨਹੀਂ ਕੀਤਾ ਗਿਆ। ਉਨ੍ਹਾਂ ਪੁਲਿਸ 'ਤੇ ਅਜਿਹੀ ਜਾਂਚ ਕਰਨ ਲਈ ਨਿਰਧਾਰਤ ਪ੍ਰਕਿਰਿਆ ਦਾ ਪਾਲਣ ਨਾ ਕਰਨ ਦਾ ਦੋਸ਼ ਵੀ ਲਾਇਆ। ਹੈਦਰਾਬਾਦ 'ਚ ਤੇਲਗੂ ਕਵੀ ਵਰਵਰ ਰਾਉ ਦੇ ਭਤੀਜੇ ਵੇਣੂਗੋਪਾਲ ਨੇ ਕਿਹਾ ਕਿ ਸਮਾਜਕ ਕਾਰਕੁਨਾਂ ਦੀਆਂ ਗ੍ਰਿਫ਼ਤਾਰੀਆਂ ਨੂੰ ਮਾਉਵਾਦੀਆਂ ਨਾਲ ਜੋੜਨ ਵਾਲੇ ਸਾਰੇ ਸਬੂਤ ਪਹਿਲਾਂ ਹੀ 'ਬਣਾਏ' ਹੋਏ ਹਨ।
ਉਨ੍ਹਾਂ ਕਿਹਾ, ''ਇਹ ਸੱਭ ਜੂਨ 'ਚ ਕਿਹਾ ਗਿਆ ਸੀ। ਇਸ 'ਚ ਕੁਝ ਵੀ ਨਵਾਂ ਨਹੀਂ ਹੈ।'' ਉਨ੍ਹਾਂ ਪੁਲਿਸ ਦੀ ਪ੍ਰੈੱਸ ਕਾਨਫ਼ਰੰਸ ਨੂੰ ਅਦਾਲਤ ਦੀ ਹੱਤਕ ਦਸਦਿਆਂ ਕਿਹਾ ਕਿ ਮਾਮਲੇ ਅਦਾਲਤ 'ਚ ਵਿਚਾਰ ਅਧੀਨ ਹੈ ਅਤੇ ਸੁਪਰੀਮ ਕੋਰਟ ਨੇ 6 ਸਤੰਬਰ ਨੂੰ ਸਬੂਤ ਸੌਂਪਣ ਲਈ ਕਿਹਾ ਸੀ। ਸੁਪਰੀਮ ਕੋਰਟ ਨੇ ਉਦੋਂ ਤਕ ਪੰਜਾਂ ਕਾਰਕੁਨਾਂ ਨੂੰ ਘਰ 'ਚ ਨਜ਼ਰਬੰਦ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਇਸ ਪੁਲਿਸ ਅਧਿਕਾਰੀ ਕੋਲ ਪ੍ਰੈੱਸ ਕਾਨਫ਼ਰੰਸ ਕਰਨ ਦਾ ਅਧਿਕਾਰ ਨਹੀਂ ਹੈ।
ਵਧੀਕ ਡਾਇਰੈਕਟਰ ਜਨਰਲ (ਕਾਨੂੰਨ ਅਤੇ ਵਿਵਸਥਾ) ਪਰਮਬੀਰ ਸਿੰਘ ਨੇ ਸ਼ੁਕਰਵਾਰ ਨੂੰ ਦਾਅਵਾ ਕੀਤਾ ਸੀ ਕਿ ਉਨ੍ਹਾਂ ਕੋਲ ਜੂਨ 'ਚ ਅਤੇ ਇਸ ਹਫ਼ਤੇ ਗ੍ਰਿਫ਼ਤਾਰ ਕੀਤੇ ਖੱਬੇ ਪੱਖੀ ਕਾਰਕੁਨਾਂ ਦੇ ਮਾਉਵਾਦੀਆਂ ਨਾਲ ਸਬੰਧਾਂ ਦੇ ਠੋਸ ਸਬੂਤ ਹਨ। ਪੁਲਿਸ ਨੇ ਕਿਹਾ ਕਿ ਉਨ੍ਹਾਂ 'ਚੋਂ ਇਕ ਨੇ 'ਮੋਦੀ ਰਾਜ ਦਾ ਖ਼ਾਤਮਾ ਕਰਨ ਲਈ ਰਾਜੀਵ ਗਾਂਧੀ ਵਰਗੀ ਘਟਨਾ' ਨੂੰ ਅੰਜਾਮ ਦੇਣ ਦੀ ਗੱਲ ਕਹੀ ਸੀ। ਇਸ ਦੌਰਾਨ ਮਨੁੱਖੀ ਅਧਿਕਾਰ ਕਾਰਕੁਨ ਆਨੰਦ ਤੇਲਤੁਬੜੇ ਨੇ ਵੀ ਸਨਿਚਰਵਾਰ ਨੂੰ ਮਹਾਰਾਸ਼ਟਰ ਪੁਲਿਸ ਦੇ ਉਨ੍ਹਾਂ ਦਾਅਵਿਆਂ ਨੂੰ ਖ਼ਾਰਜ ਕਰ ਦਿਤਾ ਕਿ ਉਨ੍ਹਾਂ ਨੇ ਪੈਰਿਸ ਦੇ ਇਕ ਸੰਮੇਲਨ 'ਚ ਹਿੱਸਾ ਲਿਆ ਸੀ। (ਪੀਟੀਆਈ)