ਖਾਲਿਸਤਾਨ ਕਮਾਂਡੋ ਫੋਰਸ ਦੇ ਕੰਤਾ ਵਲੈਤੀਆ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੰਤਾ ਵਲੈਤੀਆ ਨੂੰ ਖਾਲਿਸਤਾਨ ਕਮਾਡੋ ਫੋਰਸ ਦੇ ਲੈਫਟੀਨੈਟ ਜਨਰਲ ਲਾਭ ਸਿੰਘ ਦਾ ਕਰੀਬੀ ਸਾਥੀ ਦੱਸਿਆ ਜਾ ਰਿਹਾ ਹੈ

Kanta Valaitiya

ਜਲੰਧਰ-ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਤੇ ਕਾਊਂਟਰ ਇੰਟੈਲੀਜੈਂਸ ਜਲੰਧਰ ਦੀ ਟੀਮ ਨੇ ਇਕ ਸਾਂਝੇ ਅਪ੍ਰੇਸ਼ਨ ਦੇ ਚੱਲਦਿਆ ਖਾਲਿਸਤਾਨ ਕਮਾਂਡੋਂ ਫੋਰਸ (ਕੇ.ਸੀ.ਐੱਫ) ਦੇ ਲੈਫਟੀਨੈਟ ਜਨਰਲ ਕੁਲਵੰਤ ਸਿੰਘ ਵਲੈਤੀਆਂ ਨੂੰ ਜਲੰਧਰ ਦੇ ਕਸਬਾ ਆਦਮਪੁਰ ਨੇੜੇ ਪੈਂਦੇ ਪਿੰਡ ਜਗਰਾਵਾਂ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਡੀ.ਸੀ.ਪੀ. ਇਨਵੈਸ਼ਟੀਗੇਸ਼ਨ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਸਾਲ 2013 ਦੌਰਾਨ ਥਾਣਾ ਛੇਹਰਟਾ ਵਿਖੇ ਦਰਜ ਐਨ.ਡੀ.ਪੀ.ਐਸ ਅਤੇ ਅਸਲਾ ਐਕਟ ਤਹਿਤ ਮਾਮਲਾ ਨੰਬਰ 260 ਵਿਚ ਉਕਤ ਦੋਸ਼ੀ ਨੂੰ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਸੀ।

ਇਸ ਖਤਰਨਾਕ ਦੋਸ਼ੀ ਨੂੰ ਇਕ ਸਾਂਝੇ ਅਪ੍ਰੇਸ਼ਨ ਦੌਰਾਨ ਸੀ.ਆਈ.ਏ.ਸਟਾਫ ਅੰਮ੍ਰਿਤਸਰ ਤੋਂ ਇਲਾਵਾਂ ਕਾਊਂਟਰ ਇਟੈਲੀਜੈਂਸ ਜਲੰਧਰ ਦੀ ਟੀਮ ਨੇ ਪਿੰਡ ਜਗਰਾਵਾਂ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਅੰਮ੍ਰਿਤਸਰ ਪੁਲਿਸ ਵੱਲੋਂ ਥਾਣਾ ਛੇਹਰਟਾ ਦੇ ਇੱਕ ਪੁਰਾਣੇ ਮੁਕੱਦਮੇ ‘ਚ ਗ੍ਰਿਫ਼ਤਾਰ ਕੀਤੇ ਖਾੜਕੂ ਦੀ ਪਹਿਚਾਣ ਕੁਲਵੰਤ ਸਿੰਘ ਉਰਫ਼ ‘ਕੰਤਾ ਵਲੈਤੀਆ’ ਵਾਸੀ ਜਗਰਾਵਾਂ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ। ਇਹ ਖਤਰਨਾਕ ਦੋਸ਼ੀ ਜੋ ਖਾਲਿਸਤਾਨ ਕਮਾਡੋ ਫੋਰਸ ਦੇ ਲੈਫਟੀਨੈਟ ਜਨਰਲ ਲਾਭ ਸਿੰਘ ਦਾ ਕਰੀਬੀ ਸਾਥੀ ਦੱਸਿਆ ਜਾ ਰਿਹਾ ਹੈ। 

ਉਨ੍ਹਾਂ ਦੱਸਿਆ ਕਿ ਕੁਲਵੰਤ ਸਿੰਘ ਵਲੈਤੀਆਂ ਕਈ ਵੱਖ-ਵੱਖ ਗੰਭੀਰ ਅਪਰਾਧਾਂ ਨੂੰ ਅੰਜਾਮ ਦੇਣ ਮਗਰੋਂ ਨਵੰਬਰ 1990 ਵਿਚ ਜਰਮਨ ਚਲਾ ਗਿਆ ਸੀ। ਚਾਰ ਸਾਲ ਜਰਮਨ ਰਹਿਣ ਦੇ ਮਗਰੋਂ ਉਹ ਸਾਲ 1994 ਵਿਚ ਇੰਗਲੈਂਡ ਚਲਾ ਗਿਆ ਅਤੇ ਸਾਲ 2017 ਤੋਂ ਮਾਣਯੋਗ ਅਦਾਲਤ ਵਲੋਂ ਭਗੌੜਾ ਚਲਿਆ ਜਾ ਰਿਹਾ ਸੀ। ਇਸ ਖਤਰਨਾਕ ਦੋਸ਼ੀ ਕੁਲਵੰਤ ਸਿੰਘ ਵਲੈਤੀਏ ਦੇ ਖਿਲਾਫ ਵੱਖ-ਵੱਖ ਥਾਣਿਆਂ ਵਿਚ ਕਤਲ, ਡਕੈਤੀ ਅਤੇ ਲੁੱਟਾਂ ਖੋਹਾਂ ਨਾਲ ਸਬੰਧਿਤ 17 ਮਾਮਲੇ ਦਰਜ ਪਾਏ ਗਏ ਹਨ।