ਚੋਣ ਕਮਿਸ਼ਨ ਨੇ ਜਲੰਧਰ ਨੂੰ ਐਲਾਨਿਆ ਸੰਵੇਦਨਸ਼ੀਲ ਹਲਕਾ, ਕੀਤੇ ਖ਼ਾਸ ਹੁਕਮ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਈ ਅਫ਼ਸਰਾਂ ਨੂੰ ਕੀਤਾ ਗਿਆ ਤਲਬ

Election Commission of India

ਜਲੰਧਰ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਵਲੋਂ ਵੋਟਰਾਂ ਨੂੰ ਭਰਮਾਉਣ ਲਈ ਵੱਡੇ ਪੱਧਰ ’ਤੇ ਕੋਸ਼ਿਸ਼ਾਂ ਹੋ ਸਕਦੀਆਂ ਹਨ। ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਚੋਣ ਕਮਿਸ਼ਨ ਨੇ ਜਲੰਧਰ ਲੋਕ ਸਭਾ ਸੀਟ ਨੂੰ ਸੰਵੇਦਨਸ਼ੀਲ ਐਲਾਨ ਦਿਤਾ ਹੈ ਕਿਉਂਕਿ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਜਲੰਧਰ ਹੀ ਇਕ ਅਜਿਹਾ ਸ਼ਹਿਰ ਹੈ ਜਿੱਥੋਂ ਹੁਣ ਤੱਕ 2.04 ਕਰੋੜ ਕੈਸ਼, 30 ਲੱਖ ਰੁਪਏ ਦਾ ਸੋਨਾ, ਸਾਢੇ 9 ਲੱਖ ਰੁਪਏ ਦੇ ਲਗਭੱਗ ਢਾਈ ਕਿੱਲੋ ਚਾਂਦੀ ਫੜੀ ਜਾ ਚੁੱਕੀ ਹੈ।

ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਜਲੰਧਰ ਲੋਕ ਸਭਾ ਸੀਟ ਤੋਂ ਵੋਟਰਾਂ ਨੂੰ ਭਰਮਾਉਣ ਦੀ ਵੱਡੇ ਪੱਧਰ ’ਤੇ ਕੋਸ਼ਿਸ਼ ਹੋ ਸਕਦੀ ਹੈ। ਜਾਣਕਾਰੀ ਮੁਤਾਬਕ, ਚੋਣ ਕਮਿਸ਼ਨ ਨੂੰ ਮਿਲੇ ਬਰਾਮਦਗੀ ਅੰਕੜਿਆਂ ਨੂੰ ਵੇਖਦੇ ਹੋਏ ਵੀਰਵਾਰ ਦਿੱਲੀ ਤੋਂ ਆਏ ਹੁਕਮਾਂ ਤੋਂ ਬਾਅਦ ਜਨਰਲ ਆਬਜ਼ਰਵਰ ਆਈ ਸੈਮੂਅਲ ਆਨੰਦ ਕੁਮਾਰ ਤੇ ਪੁਲਿਸ ਆਬਜ਼ਰਵਰ ਰਾਜੇਸ਼ ਜੈਨ ਨੇ ਖਰਚਾ ਆਬਜ਼ਰਵਾਰ ਪ੍ਰੀਤੀ ਚੌਧਰੀ ਤੇ ਅਮਿਤ ਸ਼ੁਕਲਾ, ਜ਼ਿਲ੍ਹਾ ਚੋਣ ਅਫ਼ਸਰ ਡੀ.ਸੀ ਵਰਿੰਦਰ ਸ਼ਰਮਾ ਅਤੇ ਨਾਲ ਹੀ 9 ਵਿਧਾਨ ਸਭਾ ਹਲਕਿਆਂ ਦੇ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਤਲਬ ਕੀਤਾ।

ਇਸ ਤੋਂ ਬਾਅਦ ਫ਼ਲਾਇੰਗ ਸਕੁਆਇਡ ਦੀਆਂ ਟੀਮਾਂ ਨੂੰ ਜ਼ਿਆਦਾ ਪ੍ਰਭਾਵੀ ਬਣਾਉਣ ਅਤੇ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਵੀ ਅਲਰਟ ਰਹਿਣ ਦੇ ਹੁਕਮ ਜਾਰੀ ਕੀਤੇ ਗਏ ਹਨ। ਨਾਲ ਹੀ ਇਹ ਵੀ ਚਿਤਾਵਨੀ ਦਿਤੀ ਗਈ ਹੈ ਕਿ ਜੇਕਰ ਉਨ੍ਹਾਂ ਦੀ ਇਲਾਕੇ ਵਿਚ ਕਿਤੇ ਵੀ ਵੋਟਾਂ ਦੀ ਖਰੀਦ ਹੋਈ ਤਾਂ ਕਾਰਵਾਈ ਸਿੱਧੀ ਸਬੰਧਤ ਅਧਿਕਾਰੀਆਂ ਵਿਰੁਧ ਹੋਵੇਗੀ। 

ਲੋਕ ਸਭਾ ਸੀਟ ’ਤੇ ਨਿਰਪੱਖ ਅਤੇ ਪਾਰਦਰਸ਼ੀ ਵੋਟਾਂ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਨਿਗਰਾਨੀ ਲਈ ਭੇਜੇ ਗਏ ਆਬਜ਼ਰਵਰਾਂ ਵਲੋਂ ਫਲਾਇੰਗ ਸਕੁਆਇਡ ਟੀਮਾਂ ਲਈ ਹੁਕਮ ਜਾਰੀ ਕੀਤੇ ਗਏ ਹਨ ਕਿ ਕੋਈ ਵੀ ਫਲਾਇੰਗ ਸਕੁਆਇਡ ਟੀਮ ਇਕ ਜਗ੍ਹਾ ’ਤੇ 30 ਮਿੰਟ ਤੋਂ ਜ਼ਿਆਦਾ ਨਾ ਰੁਕੇ ਤੇ ਰੂਟ ਬਦਲ-ਬਦਲ ਕੇ ਗਸ਼ਤ ਕੀਤੀ ਜਾਵੇ।

ਜ਼ਿਕਰਯੋਗ ਹੈ ਕਿ ਪੰਜਾਬ ਵਿਚ ਆਖ਼ਰੀ ਗੇੜ ਤਹਿਤ 19 ਮਈ ਨੂੰ ਵੋਟਾਂ ਪੈਣ ਜਾ ਰਹੀਆਂ ਹਨ। ਇੱਥੇ ਸਿਆਸੀ ਪਾਰਟੀਆਂ ਜਿੱਤ ਹਾਸਲ ਕਰਨ ਲਈ ਪੂਰਾ ਜ਼ੋਰ ਲਗਾ ਰਹੀਆਂ ਹਨ। ਹੁਣ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਆਖ਼ਰ 23 ਮਈ ਨੂੰ ਚੋਣ ਨਤੀਜਿਆਂ ਦੌਰਾਨ ਪੰਜਾਬ ਵਿਚੋਂ ਕਿਹੜੀ ਪਾਰਟੀ ਜਿੱਤ ਦਾ ਝੰਡਾ ਲੈ ਉੱਭਰ ਕੇ ਸਾਹਮਣੇ ਆਉਂਦੀ ਹੈ।