ਪੰਜਾਬੀਆਂ ਦੀ ਫ਼ਰਾਖ਼ਦਿਲੀ, ਅਮਰਨਾਥ ਯਾਤਰੀਆਂ ਲਈ ਖ਼ਰਚਦੇ ਹਨ 15 ਕਰੋੜ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬੀਆਂ ਅੰਦਰ ਜਨ ਸੇਵਾ ਦੀ ਭਾਵਨਾ ਧੁਰ ਅੰਦਰ ਤਕ ਭਰੀ ਹੋਈ ਹੈ ਤੇ ਲੋੜਵੰਦ ਦੀ ਸੇਵਾ ਕਰਨ ਦਾ ਜਜ਼ਬਾ ਇਨ੍ਹਾਂ ਵਿਚ ਇੰਨਾ ਜ਼ਿਆਦਾ ਹੈ ਕਿ ਇਹ ਆਪ...

The generosity of the Punjabis, Amarnath spent 15 crores for the passengers

ਜਲੰਧਰ, (ਵਿਸ਼ੇਸ਼ ਪ੍ਰਤੀਨਿਧ): ਪੰਜਾਬੀਆਂ ਅੰਦਰ ਜਨ ਸੇਵਾ ਦੀ ਭਾਵਨਾ ਧੁਰ ਅੰਦਰ ਤਕ ਭਰੀ ਹੋਈ ਹੈ ਤੇ ਲੋੜਵੰਦ ਦੀ ਸੇਵਾ ਕਰਨ ਦਾ ਜਜ਼ਬਾ ਇਨ੍ਹਾਂ ਵਿਚ ਇੰਨਾ ਜ਼ਿਆਦਾ ਹੈ ਕਿ ਇਹ ਆਪ ਭੁੱਖੇ ਰਹਿ ਕੇ ਵੀ ਦੂਜਿਆਂ ਦੀ ਝੋਲੀ ਕੁੱਝ ਨਾ ਕੁੱਝ ਪਾ ਦਿੰਦੇ ਹਨ। ਦੇਸ਼  ਦੇ ਅਨਾਜ ਭੰਡਾਰ ਵਿਚ ਸਭ ਤੋਂ ਜਿਆਦਾ ਯੋਗਦਾਨ ਦੇਣ ਵਾਲਾ ਪੰਜਾਬ ਸੇਵਾ ਭਾਵ ਵਿਚ ਵੀ ਪਿੱਛੇ ਨਹੀਂ ਹੈ। ਇਸ ਦੀ ਤਾਜ਼ਾ ਉਦਹਾਰਨ ਇਹ ਹੈ ਕਿ ਪੰਜਾਬੀ ਅਮਰਨਾਥ ਜਾਣ ਵਾਲੇ ਸ਼ਰਧਾਲੂਆਂ ਦੀ ਸੇਵਾ ਲਈ ਸਾਲਾਨਾ 15 ਕਰੋੜ ਰੁਪਏ ਖ਼ਰਚ ਕਰ ਦਿੰਦੇ ਹਨ।

ਭਾਵੇਂ ਇਹ ਯਾਤਰਾ 28 ਜੂਨ ਤੋਂ ਸ਼ੁਰੂ ਹੋ ਰਹੀ ਹੈ ਪਰ ਪੰਜਾਬੀਆਂ ਨੇ ਹੁਣ ਤੋਂ ਹੀ ਰਸਤੇ ਵਿਚ ਸੇਵਾ ਕਰਨ ਲਈ ਲੰਗਰਾਂ ਦੀ ਸੇਵਾ ਸ਼ੁਰੂ ਕਰ ਦਿਤੀ ਹੈ। ਅਮਰਨਾਕ ਯਾਤਰਾ ਦੇ 40 ਕਿਮੀ ਦੇ ਸਫ਼ਰ ਵਿਚ ਲੱਗਣ ਵਾਲੇ 120 ਲੰਗਰਾਂ ਵਿਚੋਂ 62 ਇਕੱਲੇ ਪੰਜਾਬੀਆਂ ਦੇ ਲੰਗਰ  ਹਨ। ਇਹੀ ਨਹੀਂ ਕਿ ਇਹ ਲੰਗਰ ਕੁੱਝ ਕੁ ਦਿਨ ਚਲਦੇ ਹਨ। ਇਹ ਲੋਕ ਪਹਿਲੇ ਦਿਨ ਤੋਂ ਯਾਤਰਾ ਸਮਾਪਤ ਹੋਣ ਤਕ ਲੰਗਰਾਂ ਦੀ ਨਿਸ਼ਕਾਮ ਸੇਵਾ ਕਰਦੇ ਹਨ। ਪੰਜਾਬ 'ਚੋਂ ਸੱਭ ਤੋਂ ਜ਼ਿਆਦਾ ਲੰਗਰ ਮੋਗਾ ਦੇ ਲਗਦੇ ਹਨ।  ਦਿਲਚਸਪ ਗੱਲ ਇਹ ਹੈ ਕਿ ਗੁਫ਼ਾ ਦੇ ਕੋਲ ਵੀ ਪੰਜਾਬ ਦਾ ਹੀ ਲੰਗਰ ਲਗਦਾ ਹੈ।ਇਸ ਲੰਗਰ ਦਾ ਖ਼ਰਚ ਸਾਲਾਲਾ 15 ਤੋਂ 50 ਲੱਖ ਰੁਪਏ ਤਕ ਆ ਜਾਂਦਾ ਹਨ।

ਸੇਵਾਦਾਰ ਲੰਗਰਾਂ ਦੀ ਰਸਦ ਅਪਣੇ ਖ਼ਰਚ 'ਤੇ ਘੋੜੀਆਂ-ਖਚਰਾਂ ਨਾਲ ਉਪਰ ਤਕ ਲੈ ਕੇ ਜਾਂਦੇ ਹਨ। ਇਸ ਵਾਰ  ਲੰਗਰ ਪ੍ਰਬੰਧਕਾਂ ਨੇ ਸ੍ਰੀ ਅਮਰਨਾਥ ਸ਼ਰਾਇਨ ਬੋਰਡ ਸਾਹਮਣੇ ਹੈਲੀਕਾਪਟਰ ਦੀ ਵੀ ਮੰਗ ਰੱਖੀ ਹੈ। ਜੇਕਰ ਹੈਲੀਕਾਪਟਰ ਦਾ ਪ੍ਰਬੰਧ ਹੋ ਜਾਂਦਾ ਹੈ ਤਾਂ ਮਾਲ ਦੀ ਢੋਆ-ਢੁਆਈ 'ਤੇ ਹੋਣ ਵਾਲਾ ਖ਼ਰਚਾ ਵੀ ਲੰਗਰ 'ਤੇ ਲਾਇਆ ਜਾ ਸਕੇਗਾ। ਇਥੇ ਇਹ ਵੀ ਗੱਲ ਦਸਣੀ ਬਣਦੀ ਹੈ ਕਿ ਇਸ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂ ਵੀ ਸੱਭ ਤੋਂ ਜ਼ਿਆਦਾ ਪੰਜਾਬੀ ਹੀ ਹੁੰਦੇ ਹਨ। 2013 ਦੇ ਅੰਕੜਿਆਂ ਅਨੁਸਾਰ  ਦਰਸ਼ਨ ਕਰਨ ਵਾਲੇ ਕੁੱਲ 3 ਲੱਖ 53 ਹਜ਼ਾਰ 969 ਸ਼ਰਧਾਲੂਆਂ ਵਿਚੋਂ 25 ਫ਼ੀ ਸਦੀ  ਪੰਜਾਬੀ ਸਨ।

ਇਸੇ ਤਰ੍ਹਾਂ 2014 ਵਿਚ 3 ਲੱਖ 72 ਹਜ਼ਾਰ 909 ਸ਼ਰਧਾਲੂਆਂ ਨੇ ਦਰਸ਼ਨ ਕੀਤੇ ਇਨ੍ਹਾਂ ਵਿਚੋਂ 30 ਫ਼ੀ ਸਦੀ ਪੰਜਾਬੀ ਸਨ।  ਇਸੇ ਤਰ੍ਹਾਂ 2015 ਵਿਚ ਦਰਸ਼ਨ ਕਰਨ ਵਾਲੇ ਕੁਲ ਸ਼ਰਧਾਲੂਆਂ ਵਿਚੋਂ 30 ਫ਼ੀ ਸਦੀ ਪੰਜਾਬੀ ਹੀ ਸਨ। ਇਸ ਤਰ੍ਹਾਂ ਪੰਜਾਬ ਦੇ ਸ਼ਰਧਾਲੂਆਂ ਦਾ ਅੰਕੜਾ ਸਾਲ ਦਰ ਸਾਲ ਵਧਦਾ ਹੀ ਗਿਆ। ਪਿਛਲੇ ਸਾਲ ਅਮਰਨਾਥ ਦੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਵਿਚ ਪੰਜਾਬੀਆਂ ਦੀ ਗਿਣਤੀ 40 ਫ਼ੀ ਸਦੀ ਰਹੀ।

ਜ਼ਿਕਰਯੋਗ ਹੈ ਕਿ 2009 ਤੋਂ ਪਹਿਲਾਂ ਪ੍ਰਤੀ ਲੰਗਰ 25 ਹਜ਼ਾਰ ਰੁਪਏ ਫ਼ੀਸ ਅਦਾ ਕਰਲੀ ਪੈਂਦੀ ਸੀ ਪਰ ਪੰਜਾਬੀਆਂ ਨੇ ਸ਼ਰਾਇਨ ਬੋਰਡ ਕੋਲ ਅਪਣੀ ਜਾਇਜ਼ ਮੰਗ ਰੱਖੀ ਗਈ ਤੇ ਲੰਗਰਾਂ ਨੂੰ ਫ਼ੀਸ ਮੁਕਤ ਕਰਵਾ ਲਿਆ ਗਿਆ। ਫ਼ੀਸ ਦੇ ਤੌਰ 'ਤੇ ਦਿਤਾ ਜਾਣ ਵਾਲਾ ਪੈਸਾ ਵੀ ਲੰਗਰਾਂ ਵਿਚ ਲੱਗਣ ਲੱਗਾ। ਇਥੇ ਇਹ ਵੀ ਦਸਣਾ ਬਣਦਾ ਹੈ ਕਿ ਲੰਗਰਾਂ ਵਿਚ ਸੇਵਾ ਕਰਨ ਵਾਲੇ ਸੇਵਾਦਾਰ ਪਿਛਲੇ 30-30 ਸਾਲ ਤੋਂ ਸੇਵਾ ਨਿਭਾ ਰਹੇ ਹਨ।

ਕਈ ਲੋਕ ਪੀੜ੍ਹੀ ਦਰ ਪੀੜ੍ਹੀ ਸੇਵਾ ਕਰ ਰਹੇ ਹਨ। ਮੁਕਦੀ ਗੱਲ ਇਹ ਹੈ ਕਿ ਪੰਜਾਬੀਆਂ ਨੇ ਲੰਗਰ ਲਾ ਕੇ ਜਿਥੇ ਸ਼ਰਾਇਨ ਬੋਰਡ ਦਾ ਬੋਝ ਘਟਾਇਆ ਹੈ ਉਥੇ ਹੀ ਸ਼ਰਧਾਲੂਆਂ ਦੇ ਰੂਪ 'ਚ ਪਹੁੰਚ ਕੇ ਸ਼ਰਾਇਨ ਬੋਰਡ ਦੀ ਆਮਦਨ ਵੀ ਵਧਾਈ ਹੈ।