ਮਹਿੰਗੀ ਬਿਜਲੀ ਦੇ ਮੁੱਦੇ ’ਤੇ ਰਾਜਪਾਲ ਨੂੰ ਮਿਲੇਗੀ 'ਆਪ' : ਅਮਨ ਅਰੋੜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਗਵੰਤ ਮਾਨ ਤੇ ਹਰਪਾਲ ਚੀਮਾ ਦੀ ਅਗਵਾਈ ਹੇਠ ਮਿਲਣ ਲਈ ਮੰਗਿਆ ਸਮਾਂ

Aman Arora

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਸੂਬੇ ਵਿਚ ਹੱਦੋਂ ਮਹਿੰਗੀ ਬਿਜਲੀ ਦੇ ਮੁੱਦੇ ਉਤੇ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਮਿਲੇਗੀ। ਪਾਰਟੀ ਹੈੱਡਕੁਆਰਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ, ਜੋ 'ਆਪ' ਵਲੋਂ ਵਿੱਢੇ ਗਏ ਬਿਜਲੀ ਅੰਦੋਲਨ ਦੇ ਕੋਆਰਡੀਨੇਟਰ ਵੀ ਹਨ, ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਉਤੇ ਆਧਾਰਿਤ ਵਫ਼ਦ ਲਈ ਮਾਣਯੋਗ ਰਾਜਪਾਲ ਤੋਂ ਸਮਾਂ ਮੰਗਿਆ ਹੈ।

AAP

ਰਾਜਪਾਲ ਨੂੰ ਲਿਖੇ ਪੱਤਰ ਵਿਚ ਅਮਨ ਅਰੋੜਾ ਨੇ ਪੰਜਾਬ ਅੰਦਰ ਬਿਜਲੀ ਦੀਆਂ ਬੇਹੱਦ ਮਹਿੰਗੀਆਂ ਦਰਾਂ ਅਤੇ ਪਿਛਲੀ ਬਾਦਲ ਸਰਕਾਰ ਵਲੋਂ ਨਿੱਜੀ ਥਰਮਲ ਪਲਾਂਟਾਂ ਨਾਲ ਕੀਤੇ ਮਹਿੰਗੇ ਅਤੇ ਮਾਰੂ ਸਰਤਾਂ ਵਾਲੇ ਬਿਜਲੀ ਖਰੀਦ ਸਮਝੌਤਿਆਂ (ਪੀ ਪੀ ਏਜ਼) ਨੂੰ ਰੱਦ ਕਰਨ ਦੀ ਮੰਗ ਦਾ ਹਵਾਲਾ ਦਿਤਾ ਹੈ। ਅਮਨ ਅਰੋੜਾ ਨੇ ਦੱਸਿਆ ਕਿ ਇਨ੍ਹਾਂ ਮਾਰੂ ਬਿਜਲੀ ਖਰੀਦ ਸਮਝੌਤਿਆਂ ਨਾਲ 25 ਸਾਲਾਂ 'ਚ ਸੂਬੇ ਵਿਚ ਸੂਬੇ ਦੇ ਖਜ਼ਾਨੇ ਦੀ 70 ਹਜ਼ਾਰ ਕਰੋੜ ਰੁਪਏ ਦੀ ਲੁੱਟ ਹੋਵੇਗੀ।

Bhagwant Mann

ਜਿਸ ਨੂੰ ਰੋਕਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਸ ਦੀ ਸਿੱਧੀ ਮਾਰ ਹਰੇਕ ਅਮੀਰ-ਗਰੀਬ ਖਪਤਕਾਰ ਦੀ ਜੇਬ ਉਤੇ ਪੈ ਰਹੀ ਹੈ। ਇਸ ਲਈ 'ਆਪ' ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ 'ਆਪ' ਦੇ ਵਫ਼ਦ ਨੂੰ ਜਲਦੀ ਤੋਂ ਜਲਦੀ ਮੁਲਾਕਾਤ ਦਾ ਸਮਾਂ ਦਿਤਾ ਜਾਵੇ।

Harpal Cheema