ਪੰਜਾਬ ਵਿਚ ਫਿਰ ਲੱਗ ਸਕਦਾ ਹੈ ਲੌਕਡਾਊਨ, ਸਿਹਤ ਮੰਤਰੀ ਨੇ ਦਿੱਤੇ ਸੰਕੇਤ

ਏਜੰਸੀ

ਖ਼ਬਰਾਂ, ਪੰਜਾਬ

ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਕੋਰੋਨਾ ਕਾਰਨ ਹਾਲਾਤ ਨਾ ਸੁਧਰੇ ਤਾਂ ਜਲਦ ਹੀ ਸੂਬੇ ਵਿਚ ਮੁਕੰਮਲ ਲੌਕਡਾਊਨ ਲਗਾਇਆ ਜਾ ਸਕਦਾ ਹੈ।

Balbir Singh Sidhu

ਚੰਡੀਗੜ੍ਹ: ਦੇਸ਼ ਵਿਚ ਜਾਰੀ ਕੋਰੋਨਾ ਵਾਇਰਸ ਸੰਕਟ ਦੌਰਾਨ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਕੋਰੋਨਾ ਕਾਰਨ ਹਾਲਾਤ ਨਾ ਸੁਧਰੇ ਤਾਂ ਜਲਦ ਹੀ ਸੂਬੇ ਵਿਚ ਮੁਕੰਮਲ ਲੌਕਡਾਊਨ ਲਗਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਸਿਹਤ ਮੰਤਰੀ ਨੇ ਦਿੱਲੀ ਨੂੰ ਆਸਪਾਸ ਦੇ ਸੂਬਿਆਂ ਵਿਚ ਕੋਰੋਨਾ ਵਾਇਰਸ ਫੈਲਾਉਣ ਲਈ ਜ਼ਿੰਮੇਵਾਰ ਠਹਿਰਾਇਆ ਹੈ।

ਪੰਜਾਬ ਸਰਕਾਰ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਵਿਧਾਇਕ ਰਾਜਕੁਮਾਰ ਵੇਰਕਾ ਨੇ ਦਿੱਲੀ ਨੂੰ ਆਸਪਾਸ ਦੇ ਸੂਬਿਆਂ ਵਿਚ ਕੋਰੋਨਾ ਵਾਇਰਸ ਫੈਲਾਉਣ ਲਈ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਕਿਹਾ ਕਿ ਦਿੱਲੀ ਕਾਰਨ ਹਰਿਆਣਾ ਵਿਚ ਹਾਲਾਤ ਬੇਕਾਬੂ ਹੋ ਗਏ ਹਨ ਅਤੇ ਦਿੱਲੀ ਅਪਣੀ ਸਥਿਤੀ ਵੀ ਨਹੀਂ ਸੰਭਾਲ ਪਾ ਰਹੀ।

ਦੋਵੇਂ ਹੀ ਨੇਤਾਵਾਂ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਦਿੱਲੀ ਤੋਂ ਆ ਰਹੇ ਵਾਹਨਾਂ ਦੀ ਪੰਜਾਬ ਵਿਚ ਐਂਟਰੀ ਰੋਕੀ ਜਾ ਸਕਦੀ ਹੈ ਅਤੇ ਦਿੱਲੀ ਨੂੰ ਪੰਜਾਬ ਨਾਲ ਜੋੜਨ ਵਾਲੀਆਂ ਹਰਿਆਣਾ ਦੀਆਂ ਸਰਹੱਦਾਂ ਨੂੰ ਵੀ ਸੀਲ ਕੀਤਾ ਜਾ ਸਕਦਾ ਹੈ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦਿੱਲੀ ਤੋਂ ਆ ਰਹੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿਚ ਐਂਟਰੀ ਕਰਨ ਤੋਂ ਪਹਿਲਾਂ ਅਪਣੀ ਸਿਹਤ ਨੂੰ ਲੈ ਕੇ ਪੂਰੀ ਜਾਣਕਾਰੀ ਸਾਂਝੀ ਕਰਨ। ਪੰਜਾਬ ਸਰਕਾਰ ਦੇ ਬੁਲਾਰੇ ਰਾਜਕੁਮਾਰ ਵੇਰਕਾ ਨੇ ਦਿੱਲੀ ਮਾਡਲ ਨੂੰ ਪੂਰੀ ਤਰ੍ਹਾਂ ਫੇਲ ਦੱਸਿਆ ਹੈ।

ਦੱਸ ਦਈਏ ਕਿ ਪੰਜਾਬ ਵਿਚ ਕੁੱਲ ਕੋਰੋਨਾ ਮਰੀਜਾਂ ਦੀ ਗਿਣਤੀ 4627 ਹੈ, ਜਿਸ ਵਿਚ 113 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਐਕਟਿਵ ਮਾਮਲਿਆਂ ਦੀ ਗਿਣਤੀ 1414 ਹੈ। ਉੱਥੇ ਹੀ ਹਰਿਆਣਾ ਵਿਚ ਕੁੱਲ ਮਾਮਲਿਆਂ ਦੀ ਗਿਣਤੀ 12 ਹਜ਼ਾਰ ਤੋਂ ਪਾਰ ਹੈ, ਜਿਸ ਵਿਚ 188 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 4897 ਐਕਟਿਵ ਮਾਮਲੇ ਹਨ। ਉੱਥੇ ਹੀ ਦਿੱਲੀ ਵਿਚ ਕੁੱਲ ਮਰੀਜਾਂ ਦਾ ਅੰਕੜਾ 70 ਹਜ਼ਾਰ ਤੋਂ ਪਾਰ ਚਲਾ ਗਿਆ ਹੈ।